ਐੱਨਸੀਬੀ ਵੱਲੋਂ ਡਰੱਗ ਤਸਕਰੀ ਨੈੱਟਵਰਕ ਦਾ ਪਰਦਾਫਾਸ਼; ਛੇ ਗ੍ਰਿਫ਼ਤਾਰ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 6 ਜੂਨ
ਮੁੱਖ ਅੰਸ਼
- ਸਿੰਥੈਟਿਕ ਨਸ਼ੇ ਦੇ 15,000 ਬਲੌਟ ਜ਼ਬਤ
- ਡਾਰਕਨੈੱਟ ਰਾਹੀਂ ਕੀਤੀ ਜਾਂਦੀ ਸੀ ਤਸਕਰੀ
ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਕੌਮਾਂਤਰੀ ਡਰੱਗ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਸਿੰਥੈਟਿਕ ਡਰੱਗ ਦੀ ਸਭ ਤੋਂ ਵੱਡੀ ਖੇਪ ਜ਼ਬਤ ਕੀਤੀ ਹੈੇ। ਬਿਊਰੋ ਨੇ ਪ੍ਰਾਈਵੇਟ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਜੈਪੁਰ ਸਥਿਤ ਸਰਗਨੇ ਸਣੇ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ 15,000 ਐੱਲਐੱਸਡੀ ਬਲੌਟ ਜ਼ਬਤ ਕੀਤੇ ਹਨ। ਮੁਲਜ਼ਮਾਂ ਵਿੱਚ ਇਕ ਲੜਕੀ ਵੀ ਸ਼ਾਮਲ ਹੈ। ਐੱਲਐੱਸਡੀ (ਲਾਈਸਰਜਿਕ ਐਸਿਡ ਡਾਈਥਾਇਲਾਮਾਈਡ) ਇਕ ਅਜਿਹਾ ਸਿੰਥੈਟਿਕ ਰਸਾਇਣ ਆਧਾਰਿਤ ਡਰੱਗ ਹੈ ਜੋ ਹਾਲੂਸਿਨੋਜੈੱਨ ਸ਼੍ਰੇਣੀ ਵਿੱਚ ਆਉਂਦਾ ਹੈ। ਇਸ ਦੀ ਤਸਕਰੀ ਬਲੌਟਾਂ ‘ਤੇ ਪੇਂਟਿੰਗ ਕਰ ਕੇ ਕੀਤੀ ਜਾਂਦੀ ਹੈ ਤੇ ਇਸ ਨਸ਼ੇ ਨੂੰ ਚੱਟਿਆ ਜਾਂਦਾ ਹੈ ਜਾਂ ਸਿੱਧਾ ਨਿਗਲਿਆ ਜਾਂਦਾ ਹੈ। ਜ਼ਬਤ ਕੀਤੇ ਗਏ ਇਨ੍ਹਾਂ ਬਲੌਟਾਂ ਦੀ ਕੌਮਾਂਤਰੀ ਮਾਰਕੀਟ ਵਿੱਚ ਕੀਮਤ 10 ਕਰੋੜ ਰੁਪਏ ਹੈ। ਅਧਿਕਾਰੀਆਂ ਅਨੁਸਾਰ ਇਹ ਅੰਤਰਰਾਸ਼ਟਰੀ ਤਸਕਰੀ ਨੈੱਟਵਰਕ ਮੁੱਖ ਤੌਰ ‘ਤੇ ‘ਡਾਰਕਨੈੱਟ’ ‘ਤੇ ਕੰਮ ਕਰਦਾ ਸੀ। ਐੱਨਸੀਬੀ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ ਐੱਲਐੱਸਡੀ ਤੋਂ ਇਲਾਵਾ 2.22 ਕਿਲੋ ਭੰਗ (ਗਾਂਜਾ) ਅਤੇ 4.65 ਲੱਖ ਰੁਪਏ ਨਕਦ ਬਰਾਮਦ ਕੀਤੇ ਗਏ ਹਨ ਅਤੇ ਵੱਖ-ਵੱਖ ਬੈਂਕ ਖਾਤਿਆਂ ਵਿਚ ਜਮ੍ਹਾਂ 20 ਲੱਖ ਰੁਪਏ ਫਰੀਜ਼ ਕਰ ਦਿੱਤੇ ਗਏ ਹਨ। ਨਾਰਕੌਟਿਕਸ ਬਿਊਰੋ ਦੇ ਡਿਪਟੀ ਡਾਇਰੈਕਟਰ ਜਨਰਲ (ਡੀਡੀਜੀ) ਗਿਆਨੇਸ਼ਵਰ ਸਿੰਘ ਨੇ ਦੱਸਿਆ ਕਿ ਸਾਰੇ ਮੁਲਜ਼ਮ ਡਾਰਕਨੈੱਟ ਰਾਹੀਂ ਨਸ਼ਾ ਤਸਕਰੀ ਕਰਦੇ ਸਨ। ਇਸ ਲੜੀ ਨੂੰ ਤੋੜਨ ਲਈ ਵਿਸ਼ੇਸ਼ ਜਾਂਚ ਟੀਮ ਬਣਾਈ ਗਈ। ਉਨ੍ਹਾਂ ਕਿਹਾ ਕਿ ਐੱਲਐੱਸਡੀ ਪੋਲੈਂਡ ਤੇ ਨੀਦਰਲੈਂਡ ਤੋਂ ਪ੍ਰਾਪਤ ਕੀਤੀ ਜਾਂਦੀ ਸੀ। ਇਸ ਨੈੱਟਵਰਕ ਦੇ ਅਮਰੀਕਾ ਵਿੱਚ ਵੀ ਸਬੰਧ ਸਨ। ਇੱਕ ਵਾਰ ਜਦੋਂ ਖੇਪ ਭਾਰਤ ਪਹੁੰਚ ਜਾਂਦੀ ਹੈ ਤਾਂ ਮੁਲਜ਼ਮ ਉਸ ਨੂੰ ਕੌਮੀ ਰਾਜਧਾਨੀ ਖੇਤਰ (ਐੱਨਸੀਆਰ) ਅਤੇ ਪੂਰੇ ਦੇਸ਼ ਵਿੱਚ ਸਪਲਾਈ ਕਰਦੇ ਸਨ। ਐੱਨਸੀਬੀ ਪਿਛਲੇ ਤਿੰਨ ਮਹੀਨਿਆਂ ਤੋਂ ਇਸ ਗਰੋਹ ਦੀ ਜਾਂਚ ਕਰ ਰਹੀ ਸੀ ਤੇ ਮੁਲਜ਼ਮਾਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਸੋਸ਼ਲ ਮੀਡੀਆ ਪਲੈਟਫਾਰਮਾਂ ‘ਤੇ ਨਜ਼ਰ ਰੱਖੀ ਜਾ ਰਹੀ ਸੀ। ਖਰੀਦਦਾਰ ਅਤੇ ਵੇਚਣ ਵਾਲੇ ਡਾਰਕਨੈੱਟ ‘ਤੇ ਸਰਗਰਮ ਸਨ ਤੇ ਆਪਣੀ ਪਛਾਣ ਗੁਪਤ ਰੱਖਦੇ ਸਨ।
ਡਰੱਗ ਦਾ ਭੁਗਤਾਨ ਕ੍ਰਿਪਟੋਕਰੰਸੀ ਰਾਹੀਂ ਹੁੰਦਾ ਸੀ ਤੇ ਖੇਪਾਂ ਨੂੰ ਕੁਰੀਅਰ ਤੇ ਵਿਦੇਸ਼ੀ ਪੋਸਟ ਰਾਹੀਂ ਡਿਲੀਵਰ ਕੀਤਾ ਜਾਂਦਾ ਸੀ। ਸੋਸ਼ਲ ਮੀਡੀਆ ਦੀ ਨਿਗਰਾਨੀ ਤੋਂ ਬਾਅਦ ਨੋਇਡਾ ਦੀ ਪ੍ਰਾਈਵੇਟ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ ਐੱਲਐੱਸਡੀ ਸਣੇ ਗ੍ਰਿਫਤਾਰ ਕੀਤਾ ਗਿਆ। ਉਹ ਗੋਆ ਦਾ ਵਸਨੀਕ ਹੈ ਅਤੇ ਐੱਨਸੀਆਰ ਵਿੱਚ ਸਰਗਰਮ ਸੀ। ਇਸ ਤੋਂ ਬਾਅਦ ਐੱਨਸੀਬੀ ਨੇ ਦਿੱਲੀ ਵਿੱਚ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜੋ ਕਸ਼ਮੀਰ ਵਿੱਚ ਐੱਲਐੱਸਡੀ ਦੀ ਖੇਪ ਭੇਜਣ ਵਾਲਾ ਸੀ।
ਅਧਿਕਾਰੀ ਨੇ ਕਿਹਾ ਕਿ ਐੱਨਸੀਬੀ ਨੂੰ ਇੱਕ ਲੜਕੀ ਬਾਰੇ ਪਤਾ ਲੱਗਾ ਜੋ ਡਾਰਕਨੈੱਟ ‘ਤੇ ਸਰਗਰਮ ਸੀ। ਜੈਪੁਰ ਸਥਿਤ ਸਰਗਨੇ ਦੀ ਗ੍ਰਿਫਤਾਰੀ ਦੇ ਬਾਅਦ ਕੇਰਲ ਤੋਂ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਗੋਆ ਭੇਜੀ ਜਾ ਰਹੀ ਐੱਲਐੱਸਡੀ ਦੀ ਖੇਪ ਨੂੰ ਰੋਕ ਲਿਆ ਗਿਆ।