ਨਸ਼ਾ ਤਸਕਰੀ: ਵਿੱਤ ਮੰਤਰੀ ਨੂੰ ਮਿਲਿਆ ਵਕੀਲਾਂ ਦਾ ਵਫ਼ਦ
ਮਹਿੰਦਰ ਸਿੰਘ ਰੱਤੀਆਂ
ਮੋਗਾ, 10 ਨਵੰਬਰ
ਇਥੇ ਥਾਣਾ ਕੋਟ ਈਸੇ ਖਾਂ ਨਸ਼ਾ ਤਸਕਰੀ ਦੇ ਬਹੁ ਚਰਚਿਤ ਮਾਮਲੇ ’ਚ ਵਕੀਲਾਂ ਦਾ ਵਫ਼ਦ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਬਰਨਾਲਾ ਵਿੱਚ ਮਿਲਿਆ। ਵਕੀਲਾਂ ਨੇ ਇਸ ਮਾਮਲੇ ਦੀ ਉੱਚ ਪੱਧਰੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਦੂਜੇ ਪਾਸੇ ਹਨੇਰੇ ਵਿੱਚ ਹੱਥ ਪੈਰ ਮਾਰ ਰਹੀ ਪੁਲੀਸ ਦੇ 20 ਦਿਨ ਬਾਅਦ ਵੀ ਇਸ ਮਾਮਲੇ ਵਿਚ ਹੱਥ ਖਾਲੀ ਹਨ। ਇਸ ਮਾਮਲੇ ਦੇ ਜਾਂਚ ਅਧਿਕਾਰੀ ਕੌਮਾਂਤਰੀ ਹਾਕੀ ਖਿਡਾਰੀ ਡੀਐੱਸਪੀ ਧਰਮਕੋਟ ਰਮਨਦੀਪ ਸਿੰਘ ਨੇ ਸੰਪਰਕ ਕਰਨ ਉੱਤੇ ਕਿਹਾ ਕਿ ਪੁਲੀਸ ਹੁਣ ਤੱਕ ਕਿਸੇ ਨਤੀਜੇ ’ਤੇ ਨਹੀਂ ਪਹੁੰਚ ਸਕੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪੂਰਾ ਰਿਕਾਰਡ ਘੋਖਿਆ ਅਤੇ ਵੇਖਿਆ ਜਾ ਰਿਹਾ ਹੈ। ਉਹ ਹਾਲੇ ਇਸ ਬਾਰੇ ਵਿਸਥਾਰ ਵਿੱਚ ਕੁਝ ਨਹੀਂ ਦੱਸ ਸਕਦੇ। ਬੀਤੇ ਦਿਨ ਸਥਾਨਕ ਵਕੀਲਾਂ ਦਾ ਵਫ਼ਦ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਬਰਨਾਲਾ ਵਿੱਚ ਮਿਲਿਆ। ਉਨ੍ਹਾਂ ਵਿੱਤ ਮੰਤਰੀ ਤੋਂ ਇਸ ਮਾਮਲੇ ਦੀ ਉੱਚ ਪੱਧਰੀ ਨਿਰਪੱਖ ਜਾਂਚ ਦੀ ਮੰਗ ਕਰਦੇ ਧਿਆਨ ਵਿਚ ਲਿਆਂਦਾ ਕਿ ਵਿਵਾਵਤ ਮੁਅੱਤਲ ਮਹਿਲਾ ਪੁਲੀਸ ਇੰਸਪੈਕਟਰ ਦਾ ਸਹੁਰਾ ਤੇ ਪਤੀ ਵਕੀਲ ਹਨ। ਪੁਲੀਸ ਵੱਲੋਂ 29 ਅਕਤੂਬਰ ਦੀ ਰਾਤ ਨੂੰ ਉਨ੍ਹਾਂ ਦੀ ਗੈਰ-ਹਾਜ਼ਰੀ ਵਿਚ ਤਲਾਸ਼ੀ ਲਈ ਗਈ ਜਦੋਂ ਕਿ ਉਹ ਸ਼ਹਿਰ ਵਿਚ ਹੀ ਸਨ। ਉਹ ਆਪਣੇ ਕੁਲੀਗ ਵਕੀਲ ਦੇ ਘਰ ਦੀ ਤਲਾਸ਼ੀ ਲੈਣ ਦੀ ਸੂਚਨਾ ਮਿਲਦੇ ਮੌਕੇ ਉਤੇ ਪੁੱਜੇ ਸਨ ਪਰ ਪੁਲੀਸ ਨੇ ਉਨ੍ਹਾਂ ਸਾਹਮਣੇ ਤਲਾਸ਼ੀ ਦੀ ਮੰਗ ਵੀ ਸਵੀਕਾਰ ਨਹੀਂ ਕੀਤੀ ਗਈ। ਉਨ੍ਹਾਂ ਮੰਤਰੀ ਤੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਕਿਸੇ ਵੀ ਵਕੀਲ ਦੀ ਕਿਸੇ ਮਾਮਲੇ ਵਿਚ ਪੁੱਛ-ਪੜਤਾਲ ਆਦਿ ਵਿਚ ਜ਼ਿਲ੍ਹਾ ਬਾਰ ਨੂੰ ਭਰੋਸੇ ਵਿਚ ਲੈਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਵਕੀਲ ਜਾਂ ਪਰਿਵਾਰ ਨਾਲ ਕਿਸੇ ਤਰ੍ਹਾਂ ਜ਼ਿਆਦਤੀ ਬਰਦਾਸ਼ਤ ਨਹੀਂ ਕਰਨਗੇ ਅਤੇ ਵਿਭਾਗ ਮਹਿਲਾ ਪੁਲੀਸ ਇੰਸਪੈਕਟਰ ਤੱਕ ਹੀ ਜਾਂਚ ਸੀਮਤ ਰੱਖੇ। ਮੰਤਰੀ ਨੇ ਵਕੀਲਾਂ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇਗੀ ਅਤੇ ਕਿਸੇ ਨਾਲ ਬੇਇਨਸਾਫ਼ੀ ਨਹੀਂ ਹੋਵੇਗੀ। ਵਕੀਲ ਪਹਿਲਾਂ ਹੀ 10 ਮੈਂਬਰੀ ਕਮੇਟੀ ਦਾ ਗਠਨ ਕਰ ਚੁੱਕੇ ਹਨ ਅਤੇ 6 ਤੇ 7 ਨਵੰਬਰ ਦੀ ਦੋ ਰੋਜ਼ਾ ਹੜਤਾਲ ਕਰ ਚੁੱਕੇ ਹਨ। ਬੀਤੀ 29 ਅਕਤੂਬਰ ਨੂੰ ਪੁਲੀਸ ਟੀਮ ਵੱਲੋਂ ਰਾਤ ਨੂੰ ਮੁਅੱਤਲ ਮਹਿਲਾ ਪੁਲੀਸ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਦੇ ਸਹੁਰਾ ਘਰ ਦੀ ਤਲਾਸ਼ੀ ਤਲਾਸ਼ੀ ਲਈ ਸੀ। ਥਾਣਾ ਕੋਟ ਈਸੇ ਖਾਂ ਵਿਖੇ 23 ਅਕਤੂਬਰ ਨੂੰ ਐਫ਼ਆਈਆਰ ਦਰਜ਼ ਕਰਕੇ ਮੁਅੱਤਲ ਮਹਿਲਾ ਪੁਲੀਸ ਇੰਸਪੈਕਟਰ,ਦੋ ਹੌਲਦਾਰਾਂ ਗੁਰਪ੍ਰੀਤ ਸਿੰਘ ਤੇ ਰਾਜਪਾਲ ਸਿੰਘ ਅਤੇ ਦੋ ਕਥਿਤ ਤਸਕਰਾਂ ਮਨਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਸੀ। ਹੁਣ ਤੱਕ ਇਸ ਮਾਮਲੇ ਨਾਲ ਪੁਲੀਸ ਵੱਲੋਂ ਸਬੰਧਤ ਸੁਰਾਗ ਵੀ ਲੱਭੇ ਜਾਂਦੇ ਰਹੇ ਸਨ ਪਰੰਤੂ ਪੁਲੀਸ ਨੂੰ ਇਸ ਮਾਮਲੇ ਵਿੱਚ ਹੁਣ ਕੋਈ ਕਾਮਯਾਬੀ ਹਾਸਲ ਨਹੀਂ ਹੋ ਸਕੀ। ਪੁਲੀਸ ਦੇ ਯਤਨਾਂ ਦੇ ਬਾਵਜੂਦ ਹੁਣ ਤੱਕ ਇਸ ਮਾਮਲੇ ਵਿੱਚ ਕਥਿਤ ਤੌਰ ਉੱਤੇ ਗਾਇਬ ਕੀਤੀ 2 ਕਿਲੋ ਅਫ਼ੀਮ ਤੇ ਤਸਕਰਾਂ ਤੋਂ ਲਈ ਗਈ ਪੰਜ ਲੱਖ ਦੀ ਵੱਢੀ ਦੀ ਰਕਮ ਬਰਾਮਦ ਨਹੀਂ ਹੋ ਸਕੀ ਹੈ। ਇਸ ਮਾਮਲੇ ਵਿੱਚ ਹੁਣ ਤੱਕ ਕੋਈ ਠੋਸ ਨਤੀਜਾ ਨਾ ਆਉਣ ਕਾਰਨ ਆਮ ਲੋਕਾਂ ਵਿੱਚ ਪੁਲੀਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਜਾਣਕਾਰੀ ਅਨੁਸਾਰ ਇਸ ਮਾਮਲੇ ਵਿਚ ਮੁਅੱਤਲ ਮਹਿਲਾ ਥਾਣਾ ਮੁਖੀ ਨੇ ਸੋੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਪੁਲੀਸ ਦੇ ਉਚ ਅਧਿਕਾਰੀਆਂ ’ਤੇ ਗੰਭੀਰ ਦੋਸ਼ ਲਾਉਂਦਿਆਂ ਇਨਸਾਫ਼ ਮੰਗਿਆ ਸੀ। ਦੂਜੇ ਪਾਸੇ ਪੁਲੀਸ ਅਧਿਕਾਰੀਆਂ ਨੇ ਉਕਤ ਦੋਸ਼ਾਂ ਤੋਂ ਸਿਰੇ ਤੋਂ ਨਕਾਰ ਦਿੱਤਾ ਸੀ।
ਐੱਸਐੱਸਪੀ ਵੱਲੋਂ ਦੋ ਪੁਲੀਸ ਮੁਲਾਜ਼ਮ ਮੁਅੱਤਲ
ਐੈੱਸਐੈੱਸਪੀ ਅਜੈ ਗਾਂਧੀ ਨੇ ਇੱਕ ਮਹੀਨੇ ਤੋਂ ਗੈਰ ਹਾਜ਼ਰ ਚਲੇ ਆ ਰਹੇ ਅਤੇ ਪੁਲੀਸ ਲਾਈਨ ਵਿੱਚ ਤਾਇਨਾਤ ਸਬ ਇੰਸਪੈਕਟਰ ਗੁਰਭੇਜ ਸਿੰਘ ਅਤੇ ਏਐੱਸਆਈ ਗੁਰਮੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।