ਨਸ਼ਾ ਤਸਕਰੀ: ਡੀਐੱਸਪੀ ਨੇ ਸਰਪੰਚ ਨੂੰ ਪਿੰਡ ਸਾਹਮਣੇ ਕੀਤਾ ਜਲੀਲ
ਐੱਨਪੀ ਧਵਨ
ਪਠਾਨਕੋਟ, 16 ਅਪਰੈਲ
ਜ਼ਿਲ੍ਹੇ ਦੇ ਹਲਕਾ ਭੋਆ ਅਧੀਨ ਆਉਂਦੇ ਪਿੰਡ ਜੰਗਲ ਵਿੱਚ ਕਥਿਤ ਨਸ਼ਾ ਤਸਕਰੀ ਕਰਨ ਵਾਲੇ ਮੌਜੂਦਾ ਕਾਂਗਰਸੀ ਸਰਪੰਚ ਨੂੰ ਡੀਐੱਸਪੀ ਦਿਹਾਤੀ ਸੁਖਜਿੰਦਰ ਸਿੰਘ ਥਾਪਰ ਨੇ ਉਸ ਦੇ ਹੀ ਪਿੰਡ ਵਾਸੀਆਂ ਸਾਹਮਣੇ ਖੜ੍ਹਾ ਕਰਕੇ ਪੂਰੀ ਤਰ੍ਹਾਂ ਕਥਿਤ ਜਲੀਲ ਕੀਤਾ। ਪੁਲੀਸ ਵੱਲੋਂ ਸਰਪੰਚ ਨੂੰ ਜਲੀਲ ਕਰਨ ਪਿੱਛੇ ਮੁੱਖ ਕਾਰਨ ਸਰਪੰਚ ਵੱਲੋਂ ਪਿੰਡ ਵਿੱਚ ਨਸ਼ਾ ਵੇਚਣਾ ਅਤੇ ਲੋਕਾਂ ਨੂੰ ਡਰਾਉਣਾ, ਧਮਕਾਉਣਾ ਸਾਹਮਣੇ ਆਇਆ ਹੈ। ਉਕਤ ਸਰਪੰਚ ਅਤੇ ਉਸ ਦੇ ਪੁੱਤਰ ’ਤੇ ਪੁਲੀਸ ਸਟੇਸ਼ਨਾਂ ਵਿੱਚ ਕਰੀਬ 16 ਮਾਮਲੇ ਨਸ਼ਾ ਤਸਕਰੀ ਦੇ ਦਰਜ ਹਨ। ਇਸ ਘਟਨਾ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ।
ਡੀਐੱਸਪੀ ਦਿਹਾਤੀ ਸੁਖਜਿੰਦਰ ਸਿੰਘ ਥਾਪਰ ਨੇ ਦੱਸਿਆ ਕਿ ਪੁਲੀਸ ਨੂੰ ਪਿੰਡ ਜੰਗਲ ਦੇ ਕਈ ਲੋਕਾਂ ਨੇ ਸ਼ਿਕਾਇਤ ਦਿੱਤੀ ਸੀ ਕਿ ਪਿੰਡ ਦਾ ਸਰਪੰਚ ਇੰਦਰਜੀਤ ਰਾਏ ਭੰਡਾਰੀ ਰੋਜ਼ਾਨਾ ਉਨ੍ਹਾਂ ਨੂੰ ਪ੍ਰੇਸ਼ਾਨ ਕਰਦਾ ਹੈ। ਪਿੰਡ ਵਿੱਚ ਸ਼ਰ੍ਹੇਆਮ ਚਿੱਟੇ ਦਾ ਨਸ਼ਾ ਵੇਚਣ ਦਾ ਧੰਦਾ ਚਲਾਉਂਦਾ ਹੈ। ਵਿਰੋਧ ਕਰਨ ’ਤੇ ਧਮਕੀਆਂ ਦਿੰਦਾ ਹੈ। ਡੀਐੱਸਪੀ ਨੇ ਸਰਪੰਚ ਨੂੰ ਪਿੰਡ ਦੇ ਚੌਰਾਹੇ ਵਿੱਚ ਖੜ੍ਹਾ ਕਰਕੇ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੇ ਇਹ ਧੰਦਾ ਬੰਦ ਨਾ ਕੀਤਾ ਤਾਂ ਜਲਦੀ ਉਸ ’ਤੇ ਅਤੇ ਉਸ ਵੱਲੋਂ ਬਣਾਈ ਜਾਇਦਾਦ ’ਤੇ ਕਾਰਵਾਈ ਕੀਤੀ ਜਾਵੇਗੀ।
ਵਾਇਰਲ ਵੀਡੀਓ ਵਿੱਚ ਡੀਐੱਸਪੀ ਕਹਿੰਦਿਆਂ ਨਜ਼ਰ ਆ ਰਿਹਾ ਹੈ ਕਿ ਸਰਪੰਚ ਨੇ ਪੂਰੇ ਪਿੰਡ ਨੂੰ ਚਿੱਟੇ ਦੇ ਨਸ਼ੇ ’ਤੇ ਲਾ ਦਿੱਤਾ। ਪਹਿਲਾਂ ਵੀ ਉਸ ਦੇ ਅਤੇ ਉਸ ਪੁੱਤਰ ਖ਼ਿਲਾਫ਼ ਨਸ਼ਾ ਤਸਕਰੀ ਦੇ ਕਈ ਕੇਸ ਦਰਜ ਹਨ। ਸਰਪੰਚ ਨੇ ਪਿੰਡ ਨੂੰ ਬਰਬਾਦ ਕਰ ਦਿੱਤਾ ਹੈ। ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਜ਼ਿਕਰਯੋਗ ਹੈ ਕਿ ਛੇ ਪਿੰਡਾਂ (ਜੰਗਲ, ਭਵਾਨੀ, ਹੈਬੋ, ਮੀਲਵਾਂ, ਖੰਨੀ ਖੂਈ, ਜਕਰੋਰ) ਦੇ ਲੋਕਾਂ ਨੇ ਕੱਲ੍ਹ ਐਸਐਸਪੀ ਨੂੰ ਸ਼ਿਕਾਇਤ ਦੇ ਕੇ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਪਿੰਡਾਂ ਵਾਸੀਆਂ ਨੇ ਦੋਸ਼ ਲਗਾਇਆ ਸੀ ਕਿ ਸ਼ਰ੍ਹੇਆਮ ਚਿੱਟਾ, ਹੈਰੋਇਨ ਤੇ ਅਫੀਮ ਵੇਚੇ ਜਾਣ ਕਾਰਨ ਪਿੰਡ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਧਸ ਚੁੱਕੇ ਹਨ।