ਨਸ਼ਾ ਤਸਕਰੀ ਮਾਮਲਾ: ਮਜੀਠੀਆ ਦੇ 4 ’ਚੋਂ ਦੋ ਨਜ਼ਦੀਕੀ ਸਿੱਟ ਕੋਲ ਪੇਸ਼
ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਫਰਵਰੀ
ਨਸ਼ਾ ਤਸਕਰੀ ਸਬੰਧੀ ਕੇਸ ’ਚ ਸਿੱਟ ਵੱਲੋਂ ਤਲਬ ਕੀਤੇ ਅਕਾਲੀ ਆਗੂ ਬਿਕਰਮ ਮਜੀਠੀਆ ਦੇ ਚਾਰ ਨਜ਼ਦੀਕੀਆਂ ਵਿਚੋਂ ਅੱਜ ਦੋ ਪੁੱਛ-ਪੜਤਾਲ ਲਈ ਪੇਸ਼ ਹੋਏ। ਇਨ੍ਹਾਂ ਤੋਂ ਡੀਆਈਜੀ ਹਰਚਰਨ ਭੁੱਲਰ ਦੀ ਅਗਵਾਈ ਹੇਠਲੀ ਸਿੱਟ ਵੱਲੋਂ ਪਟਿਆਲਾ 'ਚ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਪੇਸ਼ ਹੋਣ ਵਾਲੇ ਵਿਅਕਤੀਆਂ ਵਿੱਚ ਕਰਤਾਰ ਸਿੰਘ ਅਤੇ ਤਰਨਵੀਰ ਸਿੰਘ ਗਿੱਲ ਸ਼ਾਮਲ ਹਨ। ਦਸੰਬਰ 2023 ਵਿੱਚ ਚੰਨੀ ਸਰਕਾਰ ਵੱਲੋਂ ਇਹ ਕੇਸ ਬਿਕਰਮ ਮਜੀਠੀਆ ਖ਼ਿਲਾਫ਼ ਦਰਜ ਕੀਤਾ ਗਿਆ ਸੀ। ਮਜੀਠੀਆ ਕੋਲੋਂ ਤਿੰਨ ਵਾਰ ਪੁੱਛ ਪੜਤਾਲ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਸਾਬਕਾ ਵਿਧਾਇਕ ਬੋਨੀ ਅਜਨਾਲਾ, ਅਕਾਲੀ ਆਗੂ ਬਿੱਟੂ ਔਲਖ ਅਤੇ ਜਗਜੀਤ ਚਾਹਲ ਤੋਂ ਵੀ ਗਵਾਹਾਂ ਵਜੋਂ ਸਿੱਟ ਨੇ ਜਾਣਕਾਰੀ ਹਾਸਿਲ ਕੀਤੀ। ਇਸੇ ਕੜੀ ਵਜੋਂ ਸਿੱਟ ਵੱਲੋਂ ਮਜੀਠੀਆ ਦੇ ਨਜ਼ਦੀਕੀ ਚਾਰ ਜਣਿਆਂ ਨੂੰ 2 ਫਰਵਰੀ ਲਈ ਸੰਮਨ ਜਾਰੀ ਕੀਤੇ ਗਏ ਸਨ ਪਰ ਦੋ ਜਣੇ ਹੀ ਪੁੱਜੇ ਹਨ। ਇਨ੍ਹਾਂ ਪਾਸੋਂ ਭੁੱਲਰ ਤੋਂ ਇਲਾਵਾ ਐੱਸਐੱਸਪੀ ਵਰੁਣ ਸ਼ਰਮਾ, ਐੱਸਪੀ (ਡੀ) ਯੋਗੇਸ਼ ਸ਼ਰਮਾ, ਡੀਐੱਸਪੀ ਜਸਵਿੰਦਰ ਟਿਵਾਣਾ ਤੇ ਨਰਿੰਦਰ ਸਿੰਘ ਸਮੇਤ ਇੰਸਪੈਕਟਰ ਦਰਬਾਰਾ ਸਿੰਘ ਵੱਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ।