ਡਰੱਗ ਤਸਕਰੀ ਮਾਮਲਾ: ਸਿਟ ਵੱਲੋਂ ਮਜੀਠੀਆ ਦੇ ਪੀਏ ਤੇ ਦੋ ਹੋਰ ਨੇੜਲਿਆਂ ਤੋਂ ਪੁੱਛ-ਪੜਤਾਲ
ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਫਰਵਰੀ
ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਸੰਬਰ 2021 ਵਿੱਚ ਦਰਜ ਹੋਏ ਡਰੱਗ ਤਸਕਰੀ ਦੇ ਕੇਸ ਸਬੰਧੀ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਗਠਿਤ ਸਿਟ ਨੇ ਅੱਜ ਮਜੀਠੀਆ ਦੇ ਪੀਏ ਸਮੇਤ ਤਿੰਨ ਨੇੜਲਿਆਂ ਤੋਂ ਪੁੱਛ-ਪੜਤਾਲ ਕੀਤੀ ਹੈ। ਇਸ ਸਬੰਧੀ ਚਾਰ ਜਣਿਆਂ ਨੂੰ ਸੰਮਨ ਜਾਰੀ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ ਮਜੀਠੀਆ ਦੇ ਪੀਏ ਕਰਤਾਰ ਸਿੰਘ ਤੇ ਤਲਬੀਰ ਸਿੰਘ ਗਿੱਲ ਸਮੇਤ ਬੁੱਧ ਸਿੰਘ ਸੰਗਰੂਰ ਅੱਜ ਇੱਥੇ ਸਿਟ ਸਾਹਮਣੇ ਪੇਸ਼ ਹੋਏ ਜਦਕਿ ਮਜੀਠੀਆ ਦੇ ਓਐੱਸਡੀ ਰਹਿ ਚੁੱਕੇ ਸ਼ਿਵਚਰਨ ਸਿੰਘ ਕਿਸੇ ਕਾਰਨ ਅੱਜ ਹਾਜ਼ਰ ਨਹੀਂ ਹੋ ਸਕੇ। ਇਨ੍ਹਾਂ ਸਾਰਿਆਂ ਕੋਲੋਂ ਵੱਖਰੇ-ਵੱਖਰੇ ਤੌਰ ’ਤੇ ਤਿੰਨ-ਤਿੰਨ ਘੰਟੇ ਪੁੱਛ-ਪੜਤਾਲ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਕੁਝ ਹਫ਼ਤੇ ਪਹਿਲਾਂ ਸਿਟ ਵੱਲੋਂ ਸਾਬਕਾ ਵਿਧਾਇਕ ਬੋਨੀ ਅਜਨਾਲਾ, ਅਕਾਲੀ ਆਗੂ ਬਿੱਟੂ ਔਲਖ ਅਤੇ ਜਗਜੀਤ ਸਿੰਘ ਨੂੰ ਗਵਾਹਾਂ ਵਜੋਂ ਸੱਦ ਕੇ ਪੁੱਛ-ਪੜਤਾਲ ਕੀਤੀ ਗਈ ਸੀ। ਭਾਵੇਂ ਕਿ ਅਧਿਕਾਰਤ ਤੌਰ ’ਤੇ ਹਾਲੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ ਪਰ ਸੂਤਰਾਂ ਮੁਤਾਬਕ ਅੱਜ ਸਿਟ ਨੇ ਪੁੱਛਿਆ ਕਿ ਮਜੀਠੀਆ ਦੇ ਉਨ੍ਹਾਂ ਨਾਲ ਕਿਸ ਪੱਧਰ ਦੇ ਸਬੰਧ ਰਹੇ ਹਨ। ਇਹ ਵੀ ਪੁੱਛਿਆ ਗਿਆ ਕਿ ਕੀ ਸਾਰੇ ਫੋਨ ਪੀਏ ਤੇ ਨਜ਼ਦੀਕੀਆਂ ਵਜੋਂ ਉਹ ਹੀ ਸੁਣਿਆ ਕਰਦੇ ਸਨ ਜਾਂ ਕੁਝ ਫੋਨ ਮਜੀਠੀਆ ਖੁਦ ਵੀ ਸੁਣਦੇ ਸਨ। ਇਸ ਤੋਂ ਇਲਾਵਾ ਉਨ੍ਹਾਂ ਮਜੀਠੀਆ ਨੂੰ ਫੋਨ ਕਾਲਾਂ ਰਾਹੀਂ ਕਿਸ ਤਰ੍ਹਾਂ ਦੀ ਗੱਲਬਾਤ ਕਰਦੇ ਹੋਏ ਸੁਣਿਆ ਹੈ। ਇਸ ਤੋਂ ਇਲਾਵਾ ਪੈਸੇ ਦੇ ਲੈਣ-ਦੇਣ ਬਾਰੇ ਕੋਈ ਜਾਣਕਾਰੀ ਹੋਣ ਸਬੰਧੀ ਸਵਾਲ ਕੀਤਾ ਗਿਆ।