ਨਸ਼ਾ ਤਸਕਰਾਂ ਵੱਲੋਂ ਠੇਕੇਦਾਰ ਦੇ ਕਰਿੰਦੇ ਦੀ ਕੁੱਟਮਾਰ
ਧਿਆਨ ਸਿੰਘ ਭਗਤ
ਕਪੂਰਥਲਾ, 10 ਸਤੰਬਰ
ਕਪੂਰਥਲਾ ਦੇ ਸੁੰਦਰ ਨਗਰ ਮੁਹੱਲੇ ਵਿੱਚ ਦੇਰ ਰਾਤ ਕਰੀਬ 9 ਵਜੇ ਕੁਝ ਨਸ਼ਾ ਤਸਕਰਾਂ ਵੱਲੋਂ ਸ਼ਰਾਬ ਠੇਕੇਦਾਰ ਦੇ ਕਰਿੰਦੇ ਦੀ ਕੁੱਟਮਾਰ ਕੀਤੀ ਗਈ ਅਤੇ ਉਸ ਦਾ ਗਲਾ ਘੁੱਟ ਕੇ ਮਾਰਨ ਦੀ ਕਥਿਤ ਕੋਸ਼ਿਸ਼ ਕੀਤੀ ਗਈ। ਜ਼ਖਮੀ ਕਰਿੰਦੇ ਰਾਹੁਲ ਕੁਮਾਰ ਨੂੰ ਇਲਾਜ ਲਈ ਕਪੂਰਥਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਠੇਕੇਦਾਰ ਰਿੱਕੀ ਵਾਲੀਆ ਨੇ ਦੱਸਿਆ ਕਿ ਰਾਤ 9 ਵਜੇ ਦੇ ਕਰੀਬ ਉਹ ਅੰਮ੍ਰਿਤਸਰ ਰੋਡ ’ਤੇ ਸਥਿਤ ਇਕ ਪੈਟਰੋਲ ਪੰਪ ’ਤੇ ਖੜ੍ਹਿਆ ਸੀ ਤਾਂ ਉਸ ਨੇ ਆਪਣੇ ਕਰਿੰਦੇ ਰਾਹੁਲ ਕੁਮਾਰ ਵਾਸੀ ਸ਼ੇਖੂਪੁਰ ਨੂੰ ਘਰ ਜਾਣ ਲਈ ਕਿਹਾ। ਘਰ ਜਾਂਦੇ ਸਮੇਂ ਰਾਹੁਲ ਜਦੋਂ ਸੁੰਦਰ ਨਗਰ ਪਹੁੰਚਿਆ ਤਾਂ ਚਾਰ ਸ਼ਰਾਬ ਤਸਕਰਾਂ ਨੇ ਉਸ ਨੂੰ ਰੋਕ ਲਿਆ ਤੇ ਉਸ ਦੇ ਹੱਥ ਪੈਰ ਬੰਨ੍ਹ ਕੇ ਕੁੱਟਮਾਰ ਕੀਤੀ। ਜਦੋਂ ਉਸ ਨੇ ਰੌਲਾ ਪਾਇਆ ਤਾਂ ਲੋਕ ਇਕੱਠੇ ਹੋ ਗਏ। ਇਸ ਉਪਰੰਤ ਮੁਲਜ਼ਮ ਰਾਹੁਲ ਨੂੰ ਝਾੜੀਆਂ ਵਿੱਚ ਸੁੱਟ ਗਏ। ਉਸ ਨੇ ਇਹ ਵੀ ਦੱਸਿਆ ਕਿ ਤਸਕਰਾਂ ਨੇ ਉਸ ਦੇ ਗਲੇ ਵਿੱਚ ਰੱਸੀ ਪਾ ਕੇ ਮਾਰਨ ਦਾ ਯਤਨ ਵੀ ਕੀਤਾ। ਉਸ ਨੇ ਦੱਸਿਆ ਕਿ ਜਦੋਂ ਉਹ ਮੌਕੇ ’ਤੇ ਪੁੱਜਿਆ ਤਾਂ ਮੁਲਜ਼ਮਾਂ ਨੇ ਉਸ ’ਤੇ ਵੀ ਗੋਲੀ ਚਲਾਈ ਪਰ ਉਹ ਬਚ ਗਿਆ। ਇਸ ਸਬੰਧੀ ਥਾਣਾ ਸਿਟੀ ਇੰਚਰਾਜ ਅਮਨਦੀਪ ਨਾਹਰ ਨੇ ਦੱਸਿਆ ਕਿ ਜ਼ਖਮੀ ਰਾਹੁਲ ਕੁਮਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਤੇ ਛੇਤੀ ਹੀ ਮੁਲਜ਼ਮ ਗ੍ਰਿਫ਼ਤਾਰ ਕਰ ਲਏ ਜਾਣਗੇ।