ਨਸ਼ੇ ਨੇ ਲਈ ਨੌਜਵਾਨ ਦੀ ਜਾਨ, ਵਾਰਸਾਂ ਨੇ ਲਾਇਆ ਜਾਮ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 21 ਅਕਤੂਬਰ
ਨਸ਼ੇ ਦੀ ਓਵਰਡੋਜ਼ ਕਾਰਨ ਪਿੰਡ ਮਿਰਾਣਾ ਵਾਸੀ ਸੁਖਦੇਵ ਰਾਮ (28) ਦੀ ਪੰਜਾਬ ਦੇ ਆਹਲੂਪੁਰ ਵਿੱਚ ਮੌਤ ਹੋ ਗਈ। ਲਾਸ਼ ਨੂੰ ਅਣਪਛਾਤੇ ਪਿੰਡ ਵਿਚ ਸੁੱਟ ਗਏ। ਇਸ ਮਗਰੋਂ ਮ੍ਰਿਤਕ ਦੇ ਵਾਰਸਾਂ ਨੇ ਪੁਲੀਸ ਖ਼ਿਲਾਫ਼ ਮੁਲਜ਼ਮਾਂ ’ਤੇ ਕਾਰਵਾਈ ਨਾ ਕਰਨ ’ਤੇ ਜਾਮ ਲਾ ਦਿੱਤਾ। ਸਦਰ ਥਾਣਾ ਇੰਚਾਰਜ ਓਮ ਪ੍ਰਕਾਸ਼ ਵੱਲੋਂ ਸੂਚਨਾ ਮਿਲਣ ’ਤੇ ਥਾਣਾ ਸਰਦੂਲਗੜ੍ਹ ਦੇ ਇੰਚਾਰਜ ਅੰਗਰੇਜ਼ ਸਿੰਘ ਦੀ ਅਗਵਾਈ ਹੇਠ ਪੰਜਾਬ ਪੁਲੀਸ ਦੀ ਟੀਮ ਰਤੀਆ ਸਿਵਲ ਹਸਪਤਾਲ ਪਹੁੰਚੀ। ਇੱਥੇ ਪੰਜਾਬ ਅਤੇ ਹਰਿਆਣਾ ਪੁਲੀਸ ਕਾਰਵਾਈ ਨੂੰ ਲੈ ਕੇ ਦਿਨ ਭਰ ਰੁੱਝੀਆਂ ਰਹੀਆਂ। ਮ੍ਰਿਤਕ ਦੇ ਵਾਰਸ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਰਤੀਆ ਵਿੱਚ ਹੀ ਕੇਸ ਦਰਜ ਕਰਵਾਉਣਾ ਚਾਹੁੰਦੇ ਸਨ, ਜਦਕਿ ਰਤੀਆ ਪੁਲੀਸ ਮਾਮਲੇ ਨੂੰ ਪੰਜਾਬ ਤਬਦੀਲ ਕਰਨ ਦੀ ਗੱਲ ਕਹਿ ਰਹੀ ਸੀ। ਇਸ ਦੌਰਾਨ ਪਿੰਡ ਵਾਸੀਆਂ ਨੇ ਰਤੀਆ ਪੁਲੀਸ ’ਤੇ ਤਸਕਰਾਂ ਨਾਲ ਮਿਲੀਭੁਗਤ ਦਾ ਦੋਸ਼ ਲਾਉਂਦਿਆਂ ਸਿਵਲ ਹਸਪਤਾਲ ਦੇ ਸਾਹਮਣੇ ਰਾਜ ਮਾਰਗ ’ਤੇ ਜਾਮ ਲਾ ਦਿੱਤਾ। ਮ੍ਰਿਤਕ ਦੇ ਭਰਾ ਗੁਰਮੇਲ, ਚਾਚਾ ਵਕੀਲ ਰਾਮ, ਪੰਚ ਬਿੱਟੂ ਨੇ ਦੱਸਿਆ ਕਿ ਸੁਖਦੇਵ ਪਿੰਡ ਵਿੱਚ ਨਸ਼ਾ ਤਸਕਰਾਂ ਦੇ ਚੁੰਗਲ ਵਿੱਚ ਫਸਿਆ ਹੋਇਆ ਸੀ। ਬੀਤੀ ਰਾਤ ਸੁਖਦੇਵ ਦੀ ਲਾਸ਼ ਪਿੰਡ ਵਿੱਚ ਪੀਰ ਦੀ ਦਰਗਾਹ ਨੇੜਿਓਂ ਮਿਲੀ।
ਸਰਦੂਲਗੜ੍ਹ ਹਸਪਤਾਲ ਵਿੱਚ ਕੋਈ ਰਿਕਾਰਡ ਨਹੀਂ: ਅੰਗਰੇਜ਼ ਸਿੰਘ
ਥਾਣਾ ਸਦਰ ਸਰਦੂਲਗੜ੍ਹ ਦੇ ਇੰਚਾਰਜ ਅੰਗਰੇਜ਼ ਸਿੰਘ ਨੇ ਦੱਸਿਆ ਕਿ ਪਰਿਵਾਰ ਵਾਲੇ ਉਸ ਨੂੰ ਰਤੀਆ ਸਿਵਲ ਹਸਪਤਾਲ ਲੈ ਕੇ ਆਏ ਅਤੇ ਇੱਥੇ ਉਸ ਦੀ ਮੌਤ ਹੋ ਗਈ। ਸਰਦੂਲਗੜ੍ਹ ਹਸਪਤਾਲ ਵਿੱਚ ਕੋਈ ਰਿਕਾਰਡ ਨਹੀਂ ਹੈ।
ਪੰਜਾਬ ਵਿੱਚ ਹੋਵੇਗੀ ਕਾਰਵਾਈ: ਡੀਐੱਸਪੀ
ਡੀਐੱਸਪੀ ਰਤੀਆ ਜਗਦੀਸ਼ ਕਾਜਲਾ ਨੇ ਕਿਹਾ ਕਿ ਘਟਨਾ ਪੰਜਾਬ ਖੇਤਰ ਦੀ ਹੈ। ਬੋਰਡ ਤੋਂ ਮਾਨਸਾ ਜਾਂ ਸਰਦੂਲਗੜ੍ਹ ਵਿੱਚ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਪੰਜਾਬ ਪੁਲੀਸ ਕੇਸ ਦਰਜ ਕਰੇਗੀ।