ਡਰੱਗ ਸਿੰਡੀਕੇਟ ਦਾ ਪਰਦਾਫ਼ਾਸ਼
ਸਾਡੇ ਦੇਸ਼ ਵਿਚ ਨਸ਼ਿਆਂ ਦੇ ਫੈਲਾਅ ‘ਤੇ ਕਾਬੂ ਪਾਉਣ ਵਾਲੀ ਕੇਂਦਰ ਸਰਕਾਰ ਦੀ ਏਜੰਸੀ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਮੰਗਲਵਾਰ ਨਸ਼ਿਆਂ ਦੇ ਤਸਕਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਅਜਿਹੇ ਗਰੋਹ (ਡਰੱਗ ਸਿੰਡੀਕੇਟ) ਦਾ ਪਰਦਾਫ਼ਾਸ਼ ਕੀਤਾ ਹੈ ਜਿਹੜਾ ਡਾਰਕਨੈੱਟ ਰਾਹੀਂ ਭਾਰਤ ਭਰ ਵਿਚ ਆਪਣਾ ਗ਼ੈਰ-ਕਾਨੂੰਨੀ ਕਾਰੋਬਾਰ ਚਲਾ ਰਿਹਾ ਸੀ। ਬਿਊਰੋ ਵੱਲੋਂ ਵਧੀਆ ਰਣਨੀਤੀ ਨਾਲ ਯੋਜਨਾਬੱਧ ਕਾਰਵਾਈ ਕੀਤੇ ਜਾਣ ਦਾ ਸਿੱਟਾ ਇਕ-ਇਕਹਿਰੀ ਕਾਰਵਾਈ ਵਿਚ ਐਲਐਸਡੀ (ਲਾਈਸਰਜਿਕ ਐਸਿਡ ਡਾਈਥਾਇਲਾਮਾਈਡ) ਦੇ 15 ਹਜ਼ਾਰ ਬਲੌਟਾਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਫੜੇ ਜਾਣ ਦੇ ਵਜੋਂ ਨਿਕਲਿਆ ਹੈ। ਐਲਐਸਡੀ ਅਜਿਹਾ ਸਿੰਥੈਟਿਕ ਰਸਾਇਣ ਆਧਾਰਿਤ ਨਸ਼ਾ ਹੈ ਜੋ ਹੈਲੂਸਿਨੋਜੈਨ ਵਰਗ ਵਿੱਚ ਆਉਂਦਾ ਹੈ; ਇਸ ਨੂੰ ਆਮ ਕਰ ਕੇ ਐਕਸਟੈਸੀ (ਸਰੂਰ-ਮਸਤੀ) ਦੇ ਨਾਂ ਹੇਠ ਵੇਚਿਆ ਤੇ ਵਰਤਿਆ ਜਾਂਦਾ ਹੈ। ਇਹ 1960 ਵਿਚ ਅਮਰੀਕਾ ਵਿਚ ਬਹੁਤ ਮਕਬੂਲ ਹੋਇਆ ਅਤੇ ਹਿੱਪੀਆਂ ਨੇ ਇਸ ਨੂੰ ਵੱਡੀ ਮਾਤਰਾ ਵਿਚ ਵਰਤਿਆ। ਉਸ ਸਮੇਂ ਵਿਰੋਧਾਭਾਸ ਇਹ ਸੀ ਕਿ ਇਕ ਪਾਸੇ ਅਮਰੀਕਾ ਦੇ ਸਥਾਪਤੀ-ਵਿਰੋਧੀ (Counter-culture) ਨੌਜਵਾਨ ਇਸ ਦੀ ਵਰਤੋਂ ਕਰ ਰਹੇ ਸਨ ਅਤੇ ਦੂਸਰੇ ਪਾਸੇ ਅਮਰੀਕਾ ਦੀ ਖ਼ੁਫ਼ੀਆ ਏਜੰਸੀ ਸੀਆਈਏ ਸੈਂਕੜੇ ਲੋਕਾਂ ‘ਤੇ ਇਸ ਨਸ਼ੇ ਦੇ ਪ੍ਰਭਾਵਾਂ ਬਾਰੇ ਪ੍ਰਯੋਗ ਕਰ ਰਹੀ ਸੀ। ਐੱਨਸੀਬੀ ਨੇ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਹੜੇ ਉਮਰ ਦੇ ਵੀਹਵਿਆਂ ਵਿਚ ਅਤੇ ਮੁਲਕ ਦੇ ਵੱਖੋ-ਵੱਖ ਸ਼ਹਿਰਾਂ ਨਾਲ ਸਬੰਧਤ ਹਨ। ਬਿਊਰੋ ਦੀ ਇਹ ਅਹਿਮ ਕਾਮਯਾਬੀ ਇਸ ਗੱਲ ਨੂੰ ਉਭਾਰਦੀ ਹੈ ਕਿ ਮੁਲਕ ਦੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਨਸ਼ਿਆਂ ਦੇ ਗ਼ੈਰਕਾਨੂੰਨੀ ਕਾਰੋਬਾਰ ਦੀ ਹਾਈ-ਟੈੱਕ ਹੁੰਦੀ ਜਾ ਰਹੀ ਲੜਾਈ ਦੀ ਚੁਣੌਤੀ ਨਾਲ ਮੱਥਾ ਲਾਉਣ ਲਈ ਤਿਆਰ ਹਨ।
ਲਗਭਗ ਇਕ ਦਹਾਕੇ ਤੋਂ ਨਸ਼ਿਆਂ ਦੇ ਵਪਾਰੀ ਪੁਲੀਸ ਤੋਂ ਬਚਣ ਲਈ ਡਾਰਕਨੈੱਟ ਉਤੇ ਮੌਜੂਦ ਬਾਜ਼ਾਰ ਵਿਚ ਵਪਾਰ ਕਰਨ ਵੱਲ ਰੁਚਿਤ ਹੋ ਰਹੇ ਹਨ। ਡਾਰਕਨੈੱਟ ਅਜਿਹਾ ਗੁਪਤ ਇੰਟਰਨੈੱਟ ਪਲੇਟਫਾਰਮ ਹੈ ਜਿਹੜਾ ਇੰਟਰਨੈੱਟ ਦੇ ਕਈ ਸਾਧਨਾਂ, ਤਰੀਕਿਆਂ ਤੇ ਮਾਰਗਾਂ ਦਾ ਇਸਤੇਮਾਲ ਕਰਦਾ ਹੋਇਆ ਵਪਾਰੀਆਂ ਤੇ ਉਨ੍ਹਾਂ ਦੇ ਗਾਹਕਾਂ ਦੀ ਪਛਾਣ ਗੁਪਤ ਰੱਖਦਾ ਹੈ। ਇਸ ਕਾਰਨ ਅਜਿਹੇ ਗਰੋਹਾਂ ਦਾ ਪਤਾ ਲਾਉਣਾ ਤੇ ਉਨ੍ਹਾਂ ਵਿਚ ਦਾਖ਼ਲ ਹੋਣਾ ਮੁਸ਼ਕਲ ਹੁੰਦਾ ਹੈ। ਇਨ੍ਹਾਂ ਦੇ ਤੌਰ-ਤਰੀਕਿਆਂ ਵਿਚ ਸੋਸ਼ਲ ਮੀਡੀਆ ਉਤੇ ਗਾਹਕਾਂ ਨੂੰ ਲੁਭਾਉਣਾ, ਕ੍ਰਿਪਟੋਕਰੰਸੀ ਵਿਚ ਕਾਰੋਬਾਰ ਕਰਨਾ ਅਤੇ ਖੇਪ ਪਹੁੰਚਾਉਣ ਲਈ ਕੋਰੀਅਰ ਸੇਵਾਵਾਂ ਦਾ ਇਸਤੇਮਾਲ ਸ਼ਾਮਲ ਹਨ। ਸੰਯੁਕਤ ਰਾਸ਼ਟਰ ਦੇ ਨਸ਼ਿਆਂ ਤੇ ਜੁਰਮਾਂ ਸਬੰਧੀ ਅਦਾਰੇ ਦੀ 2020 ਦੀ ਰਿਪੋਰਟ ਮੁਤਾਬਕ ਡਾਰਕ ਵੈੱਬ ਉਤੇ ਨਸ਼ਿਆਂ ਦੇ ਪ੍ਰਮੁੱਖ ਬਾਜ਼ਾਰਾਂ ਵਿਚ ਸਾਲਾਨਾ ਕਰੀਬ 31.5 ਕਰੋੜ ਡਾਲਰ ਦਾ ਕਾਰੋਬਾਰ ਹੁੰਦਾ ਹੈ।
ਮੌਜੂਦਾ ਕੇਸ ਦੇ ਵੇਰਵਿਆਂ ਤੋਂ ਪਤਾ ਲੱਗਦਾ ਹੈ ਕਿ ਐਲਐਸਡੀ ਨੂੰ ਪੋਲੈਂਡ ਤੇ ਨੀਦਰਲੈਂਡਜ਼ ਤੋਂ ਮੰਗਵਾ ਕੇ ਸਾਰੇ ਭਾਰਤ ਵਿਚ ਭੇਜਿਆ ਜਾਂਦਾ ਸੀ; ਇਸ ਤਰ੍ਹਾਂ ਇਸ ਡਰੱਗ ਸਿੰਡੀਕੇਟ ਵਿਚ ਕੌਮਾਂਤਰੀ ਗੱਠਜੋੜ ਵੀ ਸ਼ਾਮਲ ਹਨ। ਗ਼ੌਰਤਲਬ ਹੈ ਕਿ ਇਹ ਅਤਿ-ਆਧੁਨਿਕ ਤਕਨਾਲੋਜੀ ਦੇ ਇਸਤੇਮਾਲ ਪੱਖੋਂ ਅਧਿਕਾਰੀਆਂ/ਸਰਕਾਰੀ ਏਜੰਸੀਆਂ ਤੋਂ ਇਕ ਕਦਮ ਅਗਾਂਹ ਹੀ ਰਹਿੰਦੇ ਹਨ। ਵੱਖੋ-ਵੱਖ ਏਜੰਸੀਆਂ ਦੁਆਰਾ ਇਕ ਦੂਜੀ ਨਾਲ ਸੂਚਨਾਵਾਂ ਦਾ ਵਟਾਂਦਰਾ ਕੀਤਾ ਜਾਣਾ ਅਜਿਹੇ ਰੈਕਟਾਂ ਦਾ ਪਰਦਾਫ਼ਾਸ਼ ਕਰਨ ਵਿਚ ਬਹੁਤ ਅਹਿਮੀਅਤ ਰੱਖਦਾ ਹੈ ਜਿਸ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਇਸ ਸਬੰਧ ਵਿਚ ਸੂਬਾਈ ਅਤੇ ਕੌਮੀ ਪੱਧਰ ਦੀਆਂ ਕੋਸ਼ਿਸ਼ਾਂ ਦਰਮਿਆਨ ਤਾਲਮੇਲ ਕਰਨ ਲਈ ਨਾਰਕੋਟਿਕਸ ਕੋਆਰਡੀਨੇਸ਼ਨ ਦਾ ਗਠਨ ਕੀਤਾ ਹੈ। ਭਾਰਤ ਨੇ ਵੱਖੋ-ਵੱਖ ਮੁਲਕਾਂ ਨਾਲ ਅਜਿਹੇ ਇਕਰਾਰਨਾਮੇ ਜਾਂ ਸਹਿਮਤੀ ਪੱਤਰ ਵੀ ਸਹੀਬੰਦ ਕੀਤੇ ਹਨ ਜਿਹੜੇ ਐਨਸੀਬੀ ਨੂੰ ਅਜਿਹੇ ਗ਼ੈਰਕਾਨੂੰਨੀ ਕਾਰੋਬਾਰ ਨੂੰ ਨੱਥ ਪਾਉਣ ਲਈ ਉਨ੍ਹਾਂ ਨਾਲ ਮਿਲ ਕੇ ਕੰਮ ਕਰਨ ਵਿਚ ਸਹਾਈ ਹੋਣਗੇ। ਨਸ਼ਿਆਂ ਦਾ ਫੈਲਾਉ ਸਮੁੱਚੇ ਸਮਾਜ ਲਈ ਹਾਨੀਕਾਰਕ ਹੈ ਅਤੇ ਸਾਨੂੰ ਲੰਮੇ ਸਮੇਂ ਲਈ ਇਸ ਵਿਰੁੱਧ ਬਹੁ-ਪਰਤੀ ਯੁੱਧ ਲੜਨਾ ਪੈਣਾ ਹੈ; ਇੰਟਰਨੈੱਟ/ਡਾਰਕਨੈੱਟ ਰਾਹੀਂ ਹੋ ਰਹੇ ਇਸ ਫੈਲਾਉ ਨੂੰ ਰੋਕਣਾ ਅਤਿਅੰਤ ਮਹੱਤਵਪੂਰਨ ਹੈ।