ਸਰਹੱਦ ਤੋਂ ਨਸ਼ਾ ਤਸਕਰ, ਦੋ ਡਰੋਨ ਅਤੇ ਹੈਰੋਇਨ ਬਰਾਮਦ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 6 ਜਨਵਰੀ
ਸਰਹੱਦ ’ਤੇ ਤਾਇਨਾਤ ਬੀਐਸਐਫ ਅਤੇ ਪੰਜਾਬ ਪੁਲੀਸ ਨੇ ਸਾਂਝੀ ਕਾਰਵਾਈ ਦੌਰਾਨ ਸਰਹੱਦੀ ਪਿੰਡ ਮਲਿਕਪੁਰ ਵਿੱਚੋਂ ਇੱਕ ਵਿਅਕਤੀ ਨੂੰ ਨਸ਼ਾ ਤਸਕਰੀ ਦੇ ਦੋਸ਼ ਹੇਠ ਕਾਬੂ ਕੀਤਾ ਹੈ ਅਤੇ ਉਸ ਕੋਲੋਂ ਇੱਕ ਪੈਕੇਟ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਦੋ ਥਾਵਾਂ ਤੋਂ ਦੋ ਡਰੋਨ ਤੇ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ।
ਬੀਐੱਸਐੱਫ ਅਤੇ ਪੰਜਾਬ ਪੁਲੀਸ ਨੇ ਸਾਂਝੀ ਕਾਰਵਾਈ ਤਹਿਤ ਪਿੰਡ ਮਲਿਕਪੁਰ ਵਿੱਚੋਂ ਬੀਤੀ ਰਾਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਜਿਸ ਕੋਲੋਂ ਇੱਕ ਪੈਕੇਟ ਹੈਰੋਇਨ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਬੀਐੱਸਐੱਫ ਨੂੰ ਇਸ ਸਬੰਧੀ ਅਗਾਊਂ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਪੰਜਾਬ ਪੁਲੀਸ ਨਾਲ ਮਿਲ ਕੇ ਕਾਰਵਾਈ ਕੀਤੀ ਗਈ। ਇਸ ਤੋਂ ਇਲਾਵਾ ਬੀਐੱਸਐੱਫ ਨੇ ਆਈਸੀਪੀ ਅਟਾਰੀ ਨੇੜਿਉਂ ਅਤੇ ਪਿੰਡ ਖਾਨਵਾਲਾ ਵਿੱਚੋਂ ਇੱਕ-ਇੱਕ ਡਰੋਨ ਬਰਾਮਦ ਕੀਤਾ ਹੈ।
ਇਸ ਤਰ੍ਹਾਂ ਜ਼ਿਲ੍ਹਾ ਦਿਹਾਤੀ ਪੁਲੀਸ ਨੇ ਇੱਕ ਵੱਖਰੀ ਘਟਨਾ ਵਿੱਚ ਦੋ ਕਿਲੋ ਹੈਰੋਇਨ ਅਤੇ ਡੇਢ ਲੱਖ ਰੁਪਏ ਦੀ ਡਰੱਗ ਮਨੀ ਸਣੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਦੀ ਪਛਾਣ ਬਲਬੀਰ ਸਿੰਘ ਉਰਫ ਬੀਰਾ ਅਤੇ ਅਜੈ ਵਰਮਾ ਵਜੋਂ ਹੋਈ ਹੈ। ਇਹ ਦੋਵੇਂ ਹੀ ਬੰਗਾ ਦੇ ਪਿੰਡ ਮਜਾਰੀ ਦੇ ਵਾਸੀ ਹਨ। ਪੁਲੀਸ ਨੇ ਇਨ੍ਹਾਂ ਖਿਲਾਫ ਐਨਡੀਪੀਐਸ ਐਕਟ ਹੇਠ ਕੇਸ ਦਰਜ ਕੀਤਾ ਹੈ। ਇਨ੍ਹਾਂ ਨੂੰ ਥਾਣਾ ਭਿੰਡੀ ਸੈਦਾਂ ਦੀ ਪੁਲੀਸ ਵੱਲੋਂ ਗ੍ਰਿਫਤਾਰ ਕੀਤਾ ਗਿਆ।