ਨਵਾਂਸ਼ਹਿਰ ਦਾ ਨਸ਼ਾ ਤਸਕਰ ਲੁਧਿਆਣੇ ਤੋਂ ਕਾਬੂ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 12 ਅਕਤੂਬਰ
ਸੀਆਈਏ ਦੀ ਟੀਮ ਨੇ ਬਾਹਰੀ ਇਲਾਕਿਆਂ ਤੋਂ ਅਫੀਮ ਮੰਗਵਾ ਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਸਪਲਾਈ ਕਰਨ ਵਾਲੇ ਨਵਾਂਸ਼ਹਿਰ ਦੇ ਤਸਕਰ ਨੂੰ ਅੱਜ ਲੁਧਿਆਣੇ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਜਦੋਂ ਮੁਲਜ਼ਮ ਸਮਰਾਲਾ ਚੌਕ ਨੇੜੇ ਸਕਰੈਪ ਮਾਰਕੀਟ ਕੋਲ ਕਿਸੇ ਦੀ ਉਡੀਕ ਕਰ ਰਿਹਾ ਸੀ ਤਾਂ ਉਨ੍ਹਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਮੁਲਜ਼ਮ ਦੇ ਕਬਜ਼ੇ ’ਚੋਂ 2.100 ਕਿਲੋ ਅਫ਼ੀਮ ਬਰਾਮਦ ਕੀਤੀ ਹੈ। ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ-3 ਵਿੱਚ ਨਵਾਂਸ਼ਹਿਰ ਦੇ ਪਿੰਡ ਪਾਰਾਪੁਰ ਵਾਸੀ ਰਵਿੰਦਰ ਖ਼ਿਲਾਫ਼ ਐੱਨਡੀਪੀਐਸ ਐਕਟ ਤ ਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿਥੋਂ ਉਸ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਪੁਲੀਸ ਮੁਲਜ਼ਮ ਤੋਂ ਪੁੱਛ-ਪੜਤਾਲ ਕਰ ਰਹੀ ਹੈ।
ਸਬ-ਇੰਸਪੈਕਟਰ ਗੁਰਸ਼ਿੰਦਰ ਕੌਰ ਦੀ ਅਗਵਾਈ ਹੇਠ ਪੁਲੀਸ ਨੇ ਸਮਰਾਲਾ ਚੌਕ ਨੇੜੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਨਸ਼ਾ ਤਸਕਰੀ ਕਰਦਾ ਹੈ ਅਤੇ ਇਸ ਸਮੇਂ ਉਹ ਅਫੀਮ ਦੀ ਸਪਲਾਈ ਕਰਨ ਲਈ ਖੜ੍ਹਾ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਨੇ ਘੇਰਾਬੰਦੀ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛ-ਪੜਤਾਲ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਨਸ਼ੇ ਦਾ ਆਦੀ ਹੈ ਅਤੇ ਛੇਤੀ ਅਮੀਰ ਬਣ ਲਈ ਅਜਿਹੇ ਕੰਮ ਕਰਦਾ ਹੈ। ਉਹ ਬਾਹਰਲੇ ਇਲਾਕਿਆਂ ਤੋਂ ਅਫੀਮ ਦੀ ਖੇਪ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਦਾ ਸੀ। ਇਸ ਸਬੰਧੀ ਅਗਲੀ ਜਾਂਚ ਜਾਰੀ ਹੈ।
ਕੁਰੀਅਰ ਰਾਹੀਂ ਗਾਂਜਾ ਸਪਲਾਈ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਸ਼ਿਮਲਾਪੁਰੀ ਪੁਲੀਸ ਨੇ ਅੱਜ ਕੁਰੀਅਰ ਕੰਪਨੀ ਰਾਹੀਂ ਗਾਂਜਾ ਸਪਲਾਈ ਕਰਨ ਦੇ ਦੋਸ਼ ਹੇਠ ਔਰਤ ਤੇ ਉਸ ਦੇ ਸਾਥੀ ਨੂੰ ਨਾਮਜ਼ਦ ਕੀਤਾ ਹੈ। ਪੁਲੀਸ ਨੇ ਕੁਰੀਅਰ ਕੰਪਨੀ ਦੇ ਲੁਧਿਆਣਾ ਮੈਨੇਜਰ ਮੋਹਿਤ ਗੌੜ ਦੀ ਸ਼ਿਕਾਇਤ ’ਤੇ ਫੁਲਸੀ ਦੇਵੀ ਅਤੇ ਰਾਜ ਕੁਮਾਰ ਖ਼ਿਲਾਫ਼ ਇਹ ਕਾਰਵਾਈ ਕੀਤੀ ਹੈ। ਮੋਹਿਤ ਗੌੜ ਵੱਲੋਂ ਪੁਲੀਸ ਨੂੰ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਫੁਲਸੀ ਦੇਵੀ ਨੇ ਉਨ੍ਹਾਂ ਦੀ ਕੰਪਨੀ ਰਾਹੀਂ ਰਾਜ ਕੁਮਾਰ ਦੇ ਨਾਂ ’ਤੇ ਕੁਰੀਅਰ ਭੇਜਿਆ। ਕੰਪਨੀ ਦੇ ਮੁਲਾਜ਼ਮ ਨੂੰ ਸ਼ੱਕ ਹੋਣ ’ਤੇ ਇਸ ਬਾਰੇ ਪੁਲੀਸ ਨੂੰ ਸੂਚਨਾ ਦਿੱਤੀ ਗਈ, ਜਦੋਂ ਪੁਲੀਸ ਸਾਹਮਣੇ ਕੁਰੀਅਰ ਖੋਲ੍ਹਿਆ ਗਿਆ ਤਾਂ ਉਸ ਵਿੱਚ ਗਾਂਜਾ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕਈ ਵੱਡੇ ਖੁਲਾਸੇ ਹੋ ਸਕਦੇ ਹਨ। ਇਸੇ ਤਰ੍ਹਾਂ ਸੀਆਈਏ ਵਨ ਦੀ ਟੀਮ ਨੇ ਰੇਲਵੇ ਕਲੋਨੀ ਨੰਬਰ-7 ਵਿੱਚ ਗਸ਼ਤ ਦੌਰਾਨ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਕੇ 270 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧੀ ਪੁਲੀਸ ਨੇ ਅਜੈ ਕੁਮਾਰ ਅਤੇ ਉਤਕਰਸ਼ਨ ਖ਼ਿਲਾਫ਼ ਕੇਸ ਦਰਜ ਕੀਤਾ ਹੈ।