ਮੁਕਾਬਲੇ ’ਚ ਨਸ਼ਾ ਤਸਕਰ ਜ਼ਖ਼ਮੀ
ਸਰਬਜੀਤ ਸਿੰਘ ਭੰਗੂ
ਪਟਿਆਲਾ, 7 ਮਾਰਚ
ਸ਼ਹਿਰ ਦੇ ਮਾਡਲ ਟਾਊਨ ਇਲਾਕੇ ’ਚ ਅੱਜ ਦੇਰ ਸ਼ਾਮ ਪੁਲੀਸ ਮੁਕਾਬਲੇ ਵਿੱਚ ਨਸ਼ਾ ਤਸਕਰ ਜ਼ਖ਼ਮੀ ਹੋ ਗਿਆ। ਗੋਲ਼ੀ ਉਸ ਦੀ ਲੱਤ ’ਚ ਲੱਗੀ ਹੈ। ਮੁਲਜ਼ਮ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮੁਲਜ਼ਮ ਦੀ ਪਛਾਣ ਸੰਦੀਪ ਕੁਮਾਰ ਦੇਬੀ ਮੂਲ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਘਟਨਾ ਸਥਾਨ ’ਤੇ ਪੁੱਜੇ ਐੱਸਐੱਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਇਸ ਮੁਲਜ਼ਮ ਖਿਲਾਫ਼ 25 ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਚੋਰੀ ਦੇ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੌਰਾਨ ਨਸ਼ਾ ਤਸਕਰੀ ਦੇ ਕੇਸ ’ਚ ਉਸ ਦੀ ਪਤਨੀ ਵੀ ਗ੍ਰਿਫ਼ਤਾਰ ਹੈ। ਪੁਲੀਸ ਰਿਮਾਂਡ ਦੌਰਾਨ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਇੱਕ ਪਿਸਤੌਲ ਹੋਣ ਦੀ ਗੱਲ ਕਬੂਲੀ। ਉਸ ਦਾ ਕਹਿਣਾ ਸੀ ਕਿ ਛੇ ਕਾਰਤੂਸ ਵੀ ਵੱਖਰੇ ਤੌਰ ’ਤੇ ਦੱਬੇ ਹੋਏ ਹਨ।
ਹੌਲਦਾਰ ਤਾਰਾ ਚੰਦ ਸਮੇਤ ਤਿੰਨ-ਚਾਰ ਮੁਲਾਜ਼ਮ ਪਿਸਤੌਲ ਦੀ ਬਰਾਮਦਗੀ ਲਈ ਉਸ ਨੂੰ ਦੱਸੇ ਟਿਕਾਣੇ ’ਤੇ ਲੈ ਗਏ। ਇਸ ਦੌਰਨ ਉਸ ਨੇ ਕਾਰਤੂਸ ਬਰਾਮਦ ਕਰਵਾ ਦਿੱਤੇ, ਪਰ ਛੁਪਾਇਆ ਪਿਸਤੌਲ ਚੁੱਕਣ ਸਾਰ ਹੀ ਪੁਲੀਸ ਮੁਲਾਜ਼ਮਾਂ ’ਤੇ ਗੋਲ਼ੀ ਚਲਾ ਦਿੱਤੀ। ਇਸ ਦੌਰਾਨ ਹੌਲਦਾਰ ਤਾਰਾ ਚੰਦ ਨੇ ਬਚਾਓ ਵਿੱਚ ਦੋ ਗੋਲ਼ੀਆਂ ਦਾਗੀਆਂ ਜਿਨ੍ਹਾਂ ਵਿਚੋਂ ਇੱਕ ਉਸ ਦੀ ਲੱਤ ਵਿੱਚ ਲੱਗ ਗਈ। ਥਾਣਾ ਮੁਖੀ ਅੰਮ੍ਰਿਤਬੀਰ ਚਹਿਲ ਨੇ ਕਿਹਾ ਕਿ ਉਸ ਖਿਲਾਫ਼ ਇਰਾਦਾ ਕਤਲ ਦਾ ਇੱਕ ਹੋਰ ਕੇਸ ਦਰਜ ਕੀਤਾ ਗਿਆ ਹੈ। ਬਾਅਦ ’ਚ ਪੁਲੀਸ ਮੁਕਾਬਲੇ ਵਾਲੀ ਥਾਂ ’ਤੇ ਐਸਪੀ ਸਿਟੀ ਵੈਭਬ ਚੌਧਰੀ ਆਈਪੀਐਸ ਅਤੇ ਡੀਐਸਪੀ ਸਤਿਨਾਮ ਸਿੰਘ ਸੰਘਾ ਵੀ ਪੁੱਜ ਗਏ।