ਨਸ਼ਾ ਤਸਕਰ 10 ਕਿਲੋ ਅਫ਼ੀਮ ਸਣੇ ਕਾਬੂ
ਖੇਤਰੀ ਪ੍ਰਤੀਨਿਧ
ਪਟਿਆਲਾ, 3 ਜੁਲਾਈ
ਥਾਣਾ ਸਦਰ ਨਾਭਾ ਦੇ ਐਸਐਚਓ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਨੇ ਨਾਭਾ ਦੇ ਡੀਐੱਸਪੀ ਦਵਿੰਦਰ ਅੱਤਰੀ ਦੀ ਅਗਵਾਈ ਹੇਠਾ ਅਮਲ ’ਚ ਲਿਆਂਦੀ ਕਾਰਵਾਈ ਦੌਰਾਨ ਅੰਤਰ-ਰਾਜੀ ਨਸ਼ਾ ਤਸਕਰ ਨੂੰ 10 ਕਿਲੋ ਅਫ਼ੀਮ ਸਣੇ ਕਾਬੂ ਕੀਤਾ ਹੈ। ਇੱਥੇ ਪੁਲੀਸ ਲਾਈਨ ਪਟਿਆਲਾ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਰੋਹਟੀ ਪੁਲ ’ਤੇ ਕੀਤੀ ਨਾਕਾਬੰਦੀ ਦੌਰਾਨ ਪੁਲੀਸ ਵੱਲੋਂ ਕਾਬੂ ਕੀਤੇ ਮੁਲਜ਼ਮ ਦੀ ਪਛਾਣ ਸੁਰਿੰਦਰ ਸਿੰਘ ਪੁੱਤਰ ਪ੍ਰਿਥਵੀ ਸਿੰਘ ਵਾਸੀ ਰਾਜਸਥਾਨ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਅਫੀਮ ਪਿੱਠੂ ਬੈਗ ਵਿੱਚੋਂ ਬਰਾਮਦ ਹੋਈ ਹੈ।
ਮੁਲਜ਼ਮ ਦੀ ਮੁੱਢਲੀ ਪਡ਼ਤਾਲ ਮਗਰੋਂ ਹੋਏ ਖ਼ੁਲਾਸੇ ਮਗਰੋਂ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਨੇ ਦੱਸਿਆ ਕਿ ਸੁਰਿੰਦਰ ਪਹਿਲਾਂ ਰਾਜਸਥਾਨ ਅਤੇ ਹਰਿਆਣਾ ਵਿੱਚ ਭੁੱਕੀ ਵੀ ਵੇਚਦਾ ਰਿਹਾ ਹੈ। ਝਾਰਖੰਡ ਦੇ ਗੋਬਿੰਦ ਤੋਂ ਲਿਆਂਦੀ ਇਹ ਅਫੀਮ ਉਸ ਨੇ ਪੰਜਾਬ ’ਚ ਸਪਲਾਈ ਕਰਨੀ ਸੀ। ਡੀਐੱਸਪੀ ਦਵਿੰਦਰ ਅੱਤਰੀ ਨੇ ਕਿਹਾ ਕਿ ਇਸ ਨਸ਼ਾ ਤਸਕਰ ਖ਼ਿਲਾਫ਼ ਵੱਖ-ਵੱਖ ਥਾਣਿਆਂ ’ਚ ਕੇਸ ਦਰਜ ਹਨ।
ਇਸੇ ਦੌਰਾਨ ਥਾਣਾ ਸਦਰ ਨਾਭਾ ਦੇ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਦੋ ਹੋਰ ਵਿਅਕਤੀਆਂ ਕੋਲ਼ੋਂ 400 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ। ਮੁਲਜ਼ਮਾਂ ਦੀ ਪਛਾਣ ਪਰਮੋਦ ਕੁਮਾਰ ਅਤੇ ਸਵਤੰਤਰ ਯਾਦਵ ਵਜੋਂ ਹੋਈ ਹੈ। ਇਨ੍ਹਾਂ ਖ਼ਿਲਾਫ਼ ਐਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।