For the best experience, open
https://m.punjabitribuneonline.com
on your mobile browser.
Advertisement

ਡਰੱਗ ਸਰਗਨਾ ਰਾਜਾ ਕੰਦੋਲਾ ਨੂੰ 9 ਸਾਲ ਦੀ ਕੈਦ

07:10 AM Aug 14, 2024 IST
ਡਰੱਗ ਸਰਗਨਾ ਰਾਜਾ ਕੰਦੋਲਾ ਨੂੰ 9 ਸਾਲ ਦੀ ਕੈਦ
Advertisement

ਹਤਿੰਦਰ ਮਹਿਤਾ
ਜਲੰਧਰ, 13 ਅਗਸਤ
ਸਥਾਨਕ ਸੈਸ਼ਨ ਕੋਰਟ ਨੇ ਕੌਮਾਂਤਰੀ ਡਰੱਗ ਰੈਕੇਟ ਦੇ ਸਰਗਨੇ ਰਣਜੀਤ ਸਿੰਘ ਰਾਜਾ ਕੰਦੋਲਾ ਤੇ ਉਸ ਦੀ ਪਤਨੀ ਰਾਜਵੰਤ ਕੌਰ ਨੂੰ ਦੋਸ਼ੀ ਕਰਾਰ ਦਿੰਦਿਆਂ ਕ੍ਰਮਵਾਰ 9 ਸਾਲ ਤੇ 3 ਸਾਲ ਦੀ ਸਜ਼ਾ ਸੁਣਾਈ ਹੈ। ਸੈਸ਼ਨ ਜੱਜ ਨਿਰਭੈ ਸਿੰਘ ਗਿੱਲ ਨੇ ਰਾਜਾ ਕੰਦੋਲਾ ਨੂੰ 1 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ’ਚ ਉਸ ਨੂੰ 6 ਮਹੀਨੇ ਦੀ ਵਾਧੂ ਕੈਦ ਕੱਟਣੀ ਹੋਵੇਗੀ। ਰਾਜਵੰਤ ਕੌਰ ਨੂੰ 25 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ, ਜਿਸ ਦੀ ਅਦਾਇਗੀ ਨਾ ਹੋਣ ’ਤੇ 3 ਮਹੀਨੇ ਦੀ ਵਾਧੂ ਕੈਦ ਹੋਵੇਗੀ। ਈਡੀ ਵੱਲੋਂ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਖ਼ੁਦ ਅਦਾਲਤ ਵਿੱਚ ਹਾਜ਼ਰ ਸਨ। ਦੂਜੇ ਪਾਸੇ ਰਾਜਾ ਕੰਦੋਲਾ ਵੱਲੋਂ ਸੀਨੀਅਰ ਵਕੀਲ ਮਨਦੀਪ ਸਚਦੇਵਾ ਪੇਸ਼ ਹੋਏ।
ਸਚਦੇਵਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ 2012 ਤੋਂ ਚੱਲ ਰਹੀ ਸੀ। ਜਿਸ ਤੋਂ ਬਾਅਦ 2015 ਵਿੱਚ ਚਾਰਜਸ਼ੀਟ ਫਾਈਲ ਕੀਤੀ ਗਈ ਸੀ। ਕਰੀਬ 10 ਸਾਲ ਬਾਅਦ ਅਦਾਲਤ ਨੇ ਇਸ ਮਾਮਲੇ ਵਿੱਚ ਦੋਵਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਵਕੀਲ ਨੇ ਕਿਹਾ ਕਿ ਇਸ ਮਾਮਲੇ ’ਚ ਦੋਸ਼ੀਆਂ ਦੀਆਂ ਜਾਇਦਾਦਾਂ ਅਤੇ ਬੈਂਕ ਖਾਤਿਆਂ ਦੀ ਜਾਂਚ ’ਚ ਕਾਫੀ ਸਮਾਂ ਲੱਗਾ ਹੈ। ਉਨ੍ਹਾਂ ਕਿਹਾ ਕਿ 2015 ਵਿੱਚ ਚਾਰਜਸ਼ੀਟ ਦਾਇਰ ਕੀਤੇ ਜਾਣ ਤੋਂ ਬਾਅਦ ਲੰਬੇ ਸਮੇਂ ਤੱਕ ਸੁਣਵਾਈ ਚੱਲਦੀ ਰਹੀ। ਉਨ੍ਹਾਂ ਦੱਸਿਆ ਕਿ ਕਰੀਬ 8 ਤੋਂ 9 ਕਰੋੜ ਰੁਪਏ ਦੀਆਂ ਜਾਇਦਾਦਾਂ ’ਤੇ ਕਾਰਵਾਈ ਕੀਤੀ ਗਈ ਹੈ। ਵਕੀਲ ਨੇ ਦੱਸਿਆ ਕਿ ਮੁਲਜ਼ਮਾਂ ਦੀਆਂ ਪੰਜਾਬ ਸਮੇਤ ਦਿੱਲੀ ਵਿੱਚ ਕਈ ਜਾਇਦਾਦਾਂ ਹਨ। ਕਰੀਬ ਡੇਢ ਦਹਾਕਾ ਪਹਿਲਾਂ ਪੁਲੀਸ ਨੇ ਅੰਤਰਰਾਸ਼ਟਰੀ ਡਰੱਗ ਡੀਲਰ ਰਣਜੀਤ ਸਿੰਘ ਰਾਜਾ ਕੰਦੋਲਾ ਨੂੰ ਕਰੋੜਾਂ ਦੇ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫਤਾਰ ਕੀਤਾ ਸੀ। ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ’ਚ ਵਿਦੇਸ਼ੀ ਸਬੰਧਾਂ ਦੇ ਸਾਹਮਣੇ ਆਉਣ ਤੋਂ ਬਾਅਦ ਈਡੀ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਸੀ। ਜਾਂਚ ਦੌਰਾਨ ਕੌਮਾਂਤਰੀ ਪੱਧਰ ’ਤੇ ਕਰੋੜਾਂ ਰੁਪਏ ਦੇ ਡਰੱਗ ਮਨੀ ਦੇ ਲੈਣ-ਦੇਣ ਦੇ ਕਈ ਲਿੰਕ ਸਾਹਮਣੇ ਆਏ ਹਨ।

ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਨਸ਼ਾ ਤਸਕਰ ਕਾਬੂ

ਅੰਮ੍ਰਿਤਸਰ (ਟਨਸ):

Advertisement

ਪੰਜਾਬ ਪੁਲੀਸ ਨੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨਾਲ ਸਾਂਝੀ ਮੁਹਿੰਮ ਦੌਰਾਨ ਨਸ਼ਾ ਤਸਕਰੀ ਦੇ ਦੋਸ਼ ਹੇਠ ਬਲਵਿੰਦਰ ਸਿੰਘ ਉਰਫ਼ ਬਿੱਲਾ ਸਰਪੰਚ ਨੂੰ ਗੁਰਦਾਸਪੁਰ ਸਿਟੀ ਇਲਾਕੇ ਤੋਂ ਹਿਰਾਸਤ ਵਿੱਚ ਲੈ ਕੇ ਨਜ਼ਰਬੰਦ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਤਰਨ ਤਾਰਨ ਦੇ ਪਿੰਡ ਹਵੇਲੀਆਂ ਦਾ ਰਹਿਣ ਵਾਲਾ ਮੁਲਜ਼ਮ ਬਲਵਿੰਦਰ ਬਿੱਲਾ, ਜੋ ਇਸ ਸਮੇਂ ਜ਼ਮਾਨਤ ’ਤੇ ਹੈ, ਖ਼ਿਲਾਫ਼ 15 ਤੋਂ ਵੱਧ ਫੌਜਦਾਰੀ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰ ਨੂੰ ਹਿਰਾਸਤ ਵਿੱਚ ਲੈਣ ਮਗਰੋਂ ਅਸਾਮ ਦੇ ਡਿਬਰੂਗੜ੍ਹ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਜ਼ਰਬੰਦੀ ਦੌਰਾਨ ਉਸ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹਿਰਾਸਤ ਵਿੱਚ ਲਿਆ ਗਿਆ ਨਸ਼ਾ ਤਸਕਰ ਪਾਕਿਸਤਾਨੀ ਤਸਕਰਾਂ ਦੇ ਨੈਟਵਰਕ ਵਿੱਚ ਸ਼ਾਮਲ ਹੈ। ਨਸ਼ਾ ਤਸਕਰ ਨੂੰ ਪਰੀਵੈਂਸ਼ਨ ਆਫ ਇਲਿਸਿਟ ਟਰੈਫਿਕ-ਐਨਡੀਪੀਐਸ ਐਕਟ (ਪੀਆਈਟੀ-ਐਨਡੀਪੀਐਸ) ਦੀ ਧਾਰਾ 3 (1) ਤਹਿਤ ਕੇਸ ਦਰਜ ਕੀਤਾ ਗਿਆ ਹੈ ਜੋ ਕਿ ਇਸ ਧਾਰਾ ਤਹਿਤ ਪੰਜ ’ਚ ਦਰਜ ਕੀਤਾ ਗਿਆ ਪਹਿਲਾ ਕੇਸ ਹੈ। ਇਸ ਧਾਰਾ ਤਹਿਤ ਮੁਲਜ਼ਮ ਨੂੰ ਬਿਨਾਂ ਜ਼ਮਾਨਤ ਇੱਕ ਸਾਲ ਤੱਕ ਹਿਰਾਸਤ ’ਚ ਰੱਖਿਆ ਜਾ ਸਕਦਾ ਹੈ।

Advertisement
Author Image

joginder kumar

View all posts

Advertisement
×