ਨਸ਼ਾਮੁਕਤ ਪਿੰਡ ਨੂੰ ਮਿਲੇਗੀ ਵਿਸ਼ੇਸ਼ ਗਰਾਂਟ: ਉਗੋਕੇ
ਅੰਮ੍ਰਿਤਪਾਲ ਸਿੰਘ ਧਾਲੀਵਾਲ
ਰੂੜੇਕੇ ਕਲਾਂ, 2 ਸਤੰਬਰ
ਜ਼ਿਲ੍ਹਾ ਪੁਲੀਸ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਅਤੇ ਲੋਕਾਂ ਦਾ ਸਹਿਯੋਗ ਲੈਣ ਲਈ ਵਿੱਢੀ ਮੁਹਿੰਮ ਤਹਿਤ ਅੱਜ ਇੱਥੇ ਉਪ ਕਪਤਾਨ ਪੁਲੀਸ ਤਪਾ ਮਾਨਵਜੀਤ ਸਿੰਘ ਦੀ ਅਗਵਾਈ ਵਿੱਚ ਲੋਕਾਂ ਨਾਲ ਭਰਵੀਂ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਲੜਾਈ ਜਿੱਤਣ ਲਈ ਲੋਕਾਂ ਦੇ ਸਹਿਯੋਗ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੋ ਵੀ ਵਿਅਕਤੀ ਨਸ਼ਾ ਵੇਚਣ ਵਾਲੇ ਦੀ ਇਤਲਾਹ ਪੁਲੀਸ ਨੂੰ ਨਹੀਂ ਦੇਣਾ ਚਾਹੁੰਦਾ, ਮੈਨੂੰ ਨਿੱਜੀ ਤੌਰ ’ਤੇ ਦੇਵੇ, ਉਹ ਪੜਤਾਲ ਕਰਵਾਉਣ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕਰਵਾਉਣਗੇ। ਉਨ੍ਹਾਂ ਕਿਹਾ ਕਿ ਹਲਕੇ ਦਾ ਜੋ ਵੀ ਪਿੰਡ ਆਪਣੇ ਆਪ ਨੂੰ ਨਸ਼ਾਮੁਕਤ ਕਰੇਗਾ, ਉਸ ਨੂੰ ਵਿਸ਼ੇਸ਼ ਗਰਾਂਟ ਮੁੱਖ ਮੰਤਰੀ ਤੋਂ ਦਿਵਾਈ ਜਾਵੇਗੀ। ਇਸ ਮੌਕੇ ਉਪ ਕਪਤਾਨ ਪੁਲੀਸ ਤਪਾ ਮਾਨਵਜੀਤ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਨਸ਼ਾ ਤਸਕਰਾਂ ਦੀਆਂ ਚੌਦਾਂ ਪ੍ਰਾਪਟੀਆਂ ਦੀ ਸਨਾਖਤ ਕਰ ਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਹਰ ਤਸਕਰ ਦੀਆਂ ਪ੍ਰਾਪਟੀ ਨੂੰ ਕਾਨੂੰਨ ਅਨੁਸਾਰ ਜ਼ਬਤ ਕੀਤਾ ਜਾਵੇਗਾ। ਇਸ ਮੌਕੇ ਇੰਸਪੈਕਟਰ ਜਗਜੀਤ ਸਿੰਘ, ਭੂਪਿੰਦਰ ਸਿੰਘ ਬਿੱਟੂ, ਪ੍ਰਗਟ ਗਿੱਲ, ਰੋਸ਼ਨ ਲਾਲ ਅਤੇ ਸਰਪੰਚ ਸੋਨੀ ਸਿੰਘ ਹਾਜ਼ਰ ਸਨ।