ਡਰੱਗ ਮਾਮਲਾ: ਅਕਸ਼ੈ ਛਾਬੜਾ ਅਤੇ ਦੋ ਹੋਰ ਮੁਲਜ਼ਮ ਇਕ ਸਾਲ ਲਈ ਡਿਬਰੂਗੜ੍ਹ ਜੇਲ੍ਹ ’ਚ ਰਹਿਣਗੇ ਬੰਦ
ਚੰਡੀਗੜ੍ਹ (ਜੁਪਿੰਦਰਜੀਤ ਸਿੰਘ): ਐੱਨਡੀਪੀਐੱਸ ਐਕਟ ’ਚ ਗ਼ੈਰਕਾਨੂੰਨੀ ਤਸਕਰੀ ਰੋਕਣ ਦੇ ਉਦੇਸ਼ ਨਾਲ ਬਣੇ ਤਿੰਨ ਮੈਂਬਰੀ ਸਲਾਹਕਾਰ ਬੋਰਡ ਨੇ ਲੁਧਿਆਣਾ ਦੇ ਡਰੱਗ ਮਾਫ਼ੀਆ ਅਕਸ਼ੇੈ ਛਾਬੜਾ, ਜਸਪਾਲ ਸਿੰਘ ਉਰਫ਼ ਗੋਲਡੀ ਅਤੇ ਬਲਵਿੰਦਰ ਸਿੰਘ ਉਰਫ਼ ਬਿੱਲਾ ਹਵੇਲੀਆਂ ਨੂੰ 2 ਹਜ਼ਾਰ ਕਿਲੋਗ੍ਰਾਮ ਹੈਰੋਇਨ ਤਸਕਰੀ ਦੇ ਮਾਮਲੇ ’ਚ ਅਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਇਕ ਸਾਲ ਦੀ ਹਿਰਾਸਤ ’ਚ ਰੱਖਣ ਦਾ ਹੁਕਮ ਦਿੱਤਾ ਹੈ। ਨਸ਼ੇ ਦਾ ਕਾਰੋਬਾਰ ਗੁਜਰਾਤ ਦੀ ਮੂੰਦੜਾ ਬੰਦਰਗਾਹ, ਜੰਮੂ ਕਸ਼ਮੀਰ ਅਤੇ ਅਫ਼ਗਾਨਿਸਤਾਨ ਤੱਕ ਫੈਲਿਆ ਹੋਇਆ ਸੀ। ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੇ ਚੰਡੀਗੜ੍ਹ ਜ਼ੋਨ ਨੇ ਇਸ ਰੈਕੇਟ ਦਾ ਪਰਦਾਫ਼ਾਸ਼ ਕੀਤਾ ਸੀ। ਅਗਸਤ ’ਚ ਤਿੰਨਾਂ ਨੂੰ ਐੱਨਡੀਪੀਐੱਸ ਐਕਟ ਤਹਿਤ ਡਿਬਰੂਗੜ੍ਹ ਜੇਲ੍ਹ ਭੇਜਿਆ ਗਿਆ ਸੀ। ਐੱਨਸੀਬੀ ਦੇ ਤਰਜਮਾਨ ਨੇ ਦੱਸਿਆ ਕਿ ਇਸ ਹਫ਼ਤੇ ਦੇ ਸ਼ੁਰੂ ’ਚ ਸਲਾਹਕਾਰ ਬੋਰਡ ਨੇ ਉਨ੍ਹਾਂ ਦੀ ਹਿਰਾਸਤ ਦੀ ਨਜ਼ਰਸਾਨੀ ਕੀਤੀ ਸੀ। ਬੋਰਡ ’ਚ ਜਸਟਿਸ ਅਜੀਤ ਬੋਰਠਾਕੁਰ, ਬਿਕਰਮ ਚੌਧਰੀ ਅਤੇ ਪਦਮਧਰ ਨਾਇਕ ਸ਼ਾਮਲ ਸਨ। ਤਰਜਮਾਨ ਨੇ ਦੱਸਿਆ ਕਿ ਨਸ਼ਾ ਤਸਕਰੀ ’ਤੇ ਨਕੇਲ ਕੱਸਣ ਦੀਆਂ ਕੋਸ਼ਿਸ਼ਾਂ ਤਹਿਤ ਤਿੰਨਾਂ ਨੂੰ ਡਿਬਰੂਗੜ੍ਹ ਜੇਲ੍ਹ ’ਚ ਰੱਖਿਆ ਗਿਆ ਹੈ। ਸਰਗਨੇ ਛਾਬੜਾ ਨੂੰ ਨਵੰਬਰ 2022 ’ਚ ਸ਼ਾਰਜਾਹ (ਯੂਏਈ) ਭੱਜਣ ਦੀ ਕੋਸ਼ਿਸ਼ ਦੌਰਾਨ ਜੈਪੁਰ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਤਸਕਰਾਂ ਅਤੇ ਦੋ ਅਫ਼ਗਾਨ ਨਾਗਰਿਕਾਂ ਸਮੇਤ 21 ਵਿਅਕਤੀਆਂ ਦੀ ਗ੍ਰਿਫ਼ਤਾਰੀ ਨਾਲ ਉਸ ਦੇ ਸਿੰਡੀਕੇਟ ਦਾ ਪਰਦਾਫ਼ਾਸ਼ ਹੋਇਆ ਸੀ।