ਕਾਲਜ ਵਿੱਚ ਨਸ਼ਿਆਂ ਬਾਰੇ ਜਾਗਰੂਕਤਾ ਸੈਮੀਨਾਰ
ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 27 ਨਵੰਬਰ
ਇੱਥੋਂ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿੱਚ 5 ਪੰਜਾਬ ਬਟਾਲੀਅਨ ਐਨਸੀਸੀ ਪਟਿਆਲਾ ਤੋਂ ਲੈਫ਼ਟੀਨੈਂਟ ਡਾ. ਜੈਦੀਪ ਸਿੰਘ ਦੀ ਅਗਵਾਈ ਹੇਠ ਐੱਨਸੀਸੀ ਦਿਵਸ ਮਨਾਇਆ ਗਿਆ।ਇਸ ਦਿਹਾੜੇ ਦੇ ਸਬੰਧ ਵਿੱਚ ਕਾਲਜ ਦੇ ਐੱਨਸੀਸੀ ਵਿੰਗ ਵੱਲੋਂ ਨਸ਼ਿਆਂ ਬਾਰੇ ਜਾਗਰੂਕਤਾ ਸਬੰਧੀ ਸੈਮੀਨਾਰ ਵੀ ਕਰਵਾਇਆ ਗਿਆ। ਲੈਫ਼ਟੀਨੈਂਟ ਡਾ. ਜੈਦੀਪ ਸਿੰਘ ਨੇ ਐੱਨਸੀਸੀ ਕੈਡੇਟਾਂ ਅਤੇ ਕਾਲਜ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਕਿਹਾ ਤੇ ਵਿਦਿਆਰਥੀਆਂ ਨੂੰ ਦੇਸ਼ ਸੇਵਾ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਨੇ ਸਮਾਜ ਦੇ ਹਰ ਨੌਜਵਾਨ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੀ ਸਿਹਤ ਨੂੰ ਤੰਦਰੁਸਤ ਬਣਾਉਣਾ ਵੱਲ ਧਿਆਨ ਦੇਣ ਦਾ ਸੁਨੇਹਾ ਦਿੱਤਾ। ਸੈਮੀਨਾਰ ਤੋਂ ਬਾਅਦ 42 ਐੱਨਸੀਸੀ ਕੈਡੇਟਾਂ ਨੇ ਨਸ਼ਿਆਂ ਨੂੰ ਨਾਂਹ ਦੇ ਨਾਅਰੇ ਹੇਠ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਕਰਨ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਣ ਵਿੱਚ ਯੋਗਦਾਨ ਪਾਉਣ ਦਾ ਪ੍ਰਣ ਵੀ ਲਿਆ। ਇਸ ਮੌਕੇ ਡਾ. ਮਨਦੀਪ ਕੌਰ, ਡਾ. ਤਰਨਜੀਤ ਸਿੰਘ, ਡਾ. ਸ਼ੇਰ ਸਿੰਘ, ਡਾ. ਗੁਰਪ੍ਰੀਤ ਸਿੰਘ ਅਤੇ ਕੋਚ ਹਰਪ੍ਰੀਤ ਸਿੰਘ ਵੀ ਮੌਜੂਦ ਸਨ।