ਨਸ਼ੇੜੀ ਲੜਕੀ ਦਾ ਇਲਾਜ ਸ਼ੁਰੂ ਕਰਵਾਇਆ: ਥਾਣਾ ਮੁਖੀ
ਪੱਤਰ ਪ੍ਰੇਰਕ
ਧਰਮਕੋਟ, 29 ਜਨਵਰੀ
ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਾਲੀ ਕੋਟ ਈਸੇ ਖਾਂ ਦੀ ਨਸ਼ੇੜੀ ਲੜਕੀ ਦੀ ਭਾਲ ਕਰਕੇ ਪੁਲੀਸ ਨੇ ਉਸਦਾ ਇਲਾਜ ਸ਼ੁਰੂ ਕਰਵਾ ਦਿੱਤਾ ਹੈ। ਲੜਕੀ ਵੱਲੋਂ ਲਾਏ ਗਏ ਦੋਸ਼ਾਂ ਤਹਿਤ ਪੁਲੀਸ ਨੇ ਅੱਜ ਦਾਣਾ ਮੰਡੀ ਦੀ ਇੱਕ ਔਰਤ ਦੇ ਘਰ ਛਾਪੇਮਾਰੀ ਕੀਤੀ ਪਰ ਪੁਲੀਸ ਨੂੰ ਉੱਥੋਂ ਕੁਝ ਬਰਾਮਦ ਨਾ ਹੋਇਆ। ਉਂਝ ਪੁਲੀਸ ਵੱਲੋਂ ਉਕਤ ਔਰਤ ਨੂੰ ਸਖ਼ਤ ਚਿਤਾਵਨੀ ਦਿੱਤੀ ਗਈ ਹੈ। ਥਾਣਾ ਮੁਖੀ ਸੁਨੀਤਾ ਬਾਵਾ ਨੇ ਦੱਸਿਆ ਕਿ ਪੁਲੀਸ ਨੇ ਅੱਜ ਲੜਕੀ ਅਤੇ ਉਸ ਦੇ ਪਰਿਵਾਰ ਨਾਲ ਰਾਬਤਾ ਕਾਇਮ ਕਰ ਕੇ ਪੀੜਤ ਲੜਕੀ ਨੂੰ ਇਲਾਜ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਲੜਕੀ ਨੂੰ ਪਹਿਲਾਂ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਕਰਵਾਉਣ ਲਈ ਲਿਜਾਇਆ ਗਿਆ ਸੀ ਲੇਕਿਨ ਉਸ ਦੀ ਮਾੜੀ ਹਾਲਤ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਕੋਟ ਈਸੇ ਖਾਂ ਤੋਂ ਉਸ ਦਾ ਮੈਡੀਕਲ ਕਰਵਾ ਕੇ ਇਲਾਜ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲੜਕੀ ਵੱਲੋਂ ਲਾਏ ਦੋਸ਼ਾ ਤਹਿਤ ਇਕ ਔਰਤ ਦੇ ਘਰ ਛਾਪਾ ਮਾਰਿਆ ਗਿਆ ਹੈ ਪਰ ਉਥੋਂ ਕੋਈ ਨਸ਼ਾ ਵਗੈਰਾ ਬਰਾਮ ਨਹੀਂ ਹੋਇਆ। ਪੁਲੀਸ ਨੇ ਉਸ ਮੈਡੀਕਲ ਸਟੋਰ ਦੀ ਵੀ ਜਾਂਚ ਪੜਤਾਲ ਕੀਤੀ ਜਿੱਥੋਂ ਲੜਕੀ ਵਲੋਂ ਕੈਪਸੂਲ ਲੈਣ ਬਾਰੇ ਕਿਹਾ ਗਿਆ ਸੀ। ਥਾਣਾ ਮੁਖੀ ਨੇ ਦੱਸਿਆ ਕਿ ਕੋਟ ਈਸੇ ਖਾਂ ਵਿਚੋਂ ਨਸ਼ਿਆਂ ਦੀ ਵਿਕਰੀ ਪੂਰੀ ਤਰ੍ਹਾਂ ਬੰਦ ਕਰਵਾਈ ਜਾਵੇਗੀ। ਉਨ੍ਹਾਂ ਨਗਰ ਦੇ ਪਤਵੰਤਿਆਂ ਤੋਂ ਇਸ ਲਈ ਸਹਿਯੋਗ ਵੀ ਮੰਗਿਆ।