ਪੰਜਾਬ ’ਚ ਮੌਨਸੂਨ ਦੀ ਆਮਦ ਦੇ ਬਾਵਜੂਦ ਮਾਲਵੇ ਵਿੱਚ ਸੋਕਾ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 3 ਜੁਲਾਈ
ਅੱਧਾ ਹਾੜ ਬੀਤ ਗਿਆ ਪਰ ਮਲਵੱਈ ਮੀਂਹ ਲਈ ਹਾੜ੍ਹੇ ਕੱਢ ਰਹੇ ਹਨ। ਪੰਜਾਬ ’ਚ ਮੌਨਸੂਨ ਦੀ ਆਮਦ ਹੋ ਚੁੱਕੀ ਹੈ ਪਰ ਮਾਲਵੇ ਤੋਂ ਭਰਵੇਂ ਮੀਂਹ ਦੀਆਂ ਛਹਿਬਰਾਂ ਦੂਰ ਹਨ। ਹਵਾ ’ਚ ਨਮੀ ਤੋਂ ਬਣੀ ਹੁੰਮਸ, ਏਸੀ ਕੂਲਰਾਂ ਦੀ ਪਹੁੰਚ ਤੋਂ ਦੁਰੇਡੇ ਗਰੀਬਾਂ ਦੇ ਵੱਟ ਕੱਟ ਰਹੀ ਹੈ। ਲੰਮੀ ਔੜ ਕਾਰਨ ਬਿਜਲਈ ਮੋਟਰਾਂ ਦੀ ਤੋਂ ਸੱਖਣੀ ਕਿਸਾਨੀ ਨੂੰ ਮਹਿੰਗਾ ਡੀਜ਼ਲ ਬਾਲ ਕੇ ਫ਼ਸਲ ਪਾਲਣੀ ਪੈ ਰਹੀ ਹੈ। ਬਠਿੰਡਾ ਖੇਤਰ ’ਚ ਦੋ ਹਫ਼ਤੇ ਪਹਿਲਾਂ ਦੀ ਤੁਲਨਾ ’ਚ ਹੁਣ ਕਰੀਬ 4 ਤੋਂ 6 ਡਿਗਰੀ ਸੈਲਸੀਅਸ ਤਾਪਮਾਨ ਹੇਠਾਂ ਚੱਲ ਰਿਹਾ ਹੈ। ਮੰਗਲਵਾਰ ਨੂੰ ਬਠਿੰਡਾ ’ਚ ਦਿਨ ਦਾ ਤਾਪਮਾਨ 37.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਪਰ ਬੁੱਧਵਾਰ ਨੂੰ ਇਕਦਮ ਵਧ ਕੇ 41.4 ਹੋ ਗਿਆ। ਮੌਸਮ ਵਿਭਾਗ ਅਨੁਸਾਰ ਅਗਲੇ 3-4 ਦਿਨਾਂ ਦੌਰਾਨ ਗਰਜ ਨਾਲ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੇ ਆਸਾਰ ਹਨ ਪਰ ਤਾਪਮਾਨ ਵਿੱਚ ਜ਼ਿਆਦਾ ਗਿਰਾਵਟ ਨਹੀਂ ਦੱਸੀ ਗਈ। ਨਮੀ ਦੀ ਮਾਤਰਾ 68 ਤੋਂ 87 ਪ੍ਰਤੀਸ਼ਤ ਦਰਮਿਆਨ ਰਹਿਣ ਦਾ ਤਕਾਜ਼ਾ ਹੈ, ਜਿਸ ਕਾਰਨ ਹੁੰਮਸ ’ਚ ਹੋਰ ਇਜ਼ਾਫ਼ਾ ਹੋਵੇਗਾ। ਭਾਰਤੀ ਮੌਸਮ ਵਿਭਾਗ ਅਨੁਸਾਰ ਮਾਲਵੇ ਦੇ ਬਹੁਤੇ ਜ਼ਿਲ੍ਹਿਆਂ ਨੂੰ ਹਾਲੇ ਮੀਂਹ ਦੀ ਉਡੀਕ ਕਰਨੀ ਪੈ ਸਕਦੀ ਹੈ ਪਰ ਦੂਜੇ ਪਾਸੇ ਗ਼ੈਰ ਸਰਕਾਰੀ ਮੌਸਮ ਮਾਹਿਰਾਂ ਦਾ ਮੰਨਣ ਹੈ ਕਿ 4 ਤੋਂ 7 ਜੁਲਾਈ ਦਰਮਿਆਨ ਪੰਜਾਬ ਦੇ ਜ਼ਿਆਦਾਤਰ ਭਾਗਾਂ ਵਿੱਚ ਨਿੱਗਰ ਮੀਂਹ ਦੀ ਸੰਭਾਵਨਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਹਲਕੇ ਕਿਸਮ ਦਾ ਵੈਸਟਰਨ ਡਿਸਟ੍ਰਬੈਂਸ ਹਿਮਾਚਲ ਪ੍ਰਦੇਸ਼ ਵਿੱਚ ਦਾਖ਼ਲ ਹੋਵੇਗਾ, ਜੋ ਬੰਗਾਲ ਦੀ ਖਾੜੀ ’ਚੋਂ ਆ ਰਹੀ ਟਫ਼ ਨਾਲ ਮਿਲ ਕੇ ਮੈਦਾਨੀ ਇਲਾਕਿਆਂ ’ਤੇ ਤਕੜੀ ਕਾਰਵਾਈ ਨੂੰ ਅੰਜਾਮ ਦੇ ਸਕਦਾ ਹੈ। ਬਹੁਤੇ ਥਾਈਂ ਹਲਕੇ ਤੋਂ ਦਰਮਿਆਨਾ ਮੀਂਹ ਪਵੇਗਾ ਅਤੇ 4-5 ਜ਼ਿਲ੍ਹਿਆਂ ’ਚ ਭਾਰੀ ਮੀਂਹ ਪੈ ਸਕਦਾ ਹੈ। ਕਾਸ਼ਤਕਾਰਾਂ ਦਾ ਕਹਿਣਾ ਹੈ ਕਿ ਫ਼ਸਲਾਂ ਨੂੰ ਭਾਵੇਂ ਜ਼ਮੀਨਦੋਜ਼ ਅਤੇ ਨਹਿਰੀ ਪਾਣੀ ਮਿਲ ਰਿਹਾ ਹੈ ਪਰ ਉਸ ਵਿੱਚ ਮੀਂਹ ਦੇ ਪਾਣੀ ਵਰਗੀ ਬਰਕਤ ਨਹੀਂ।