ਛੁੱਟੀ ਮਾਰਨ ਦੇ ਚਾਹਵਾਨ ਵਿਦਿਆਰਥੀ ਨੇ ਸਕੂਲ ਨੂੰ ਭੇਜੀ ਬੰਬ ਦੀ ਧਮਕੀ ਭਰੀ ਈਮੇਲ
ਨਵੀਂ ਦਿੱਲੀ, 3 ਅਗਸਤ
ਸ਼ੁੱਕਰਵਾਰ ਨੂੰ ਦਿੱਲੀ ਦੇ ਗ੍ਰੇਟਰ ਕੈਲਾਸ਼ 1 ਸਥਿਤ ਸਮਰ ਫੀਲਡ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈਮੇਲ ਭੇਜੀ ਗਈ ਸੀ ਜੋ ਕਿ ਬਾਅਦ ਵਿਚ ਅਫ਼ਵਾਹ ਨਿੱਕਲੀ। ਹਾਲਾਂਕਿ ਈਮੇਲ ਦੀ ਸੂਚਨਾ ਮਿਲਣ ਤੋਂ ਬਾਅਦ ਬੰਬ ਨਿਰੋਧਕ ਦਸਤੇ ਅਤੇ ਪੁਲੀਸ ਵੱਲੋਂ ਇਮਾਰਤ ਦੀ ਤਲਾਸ਼ੀ ਲਈ ਗਈ ਸੀ। ਦਿੱਲੀ ਪੁਲੀਸ ਨੇ ਦੱਸਿਆ ਕਿ ਈਮੇਲ ਭੇਜਣ ਵਾਲੇ 14 ਸਾਲਾਂ ਵਿਦਿਆਰਥੀ ਦੀ ਪਛਾਣ ਕਰ ਲਈ ਗਈ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀ ਸਕੂਲ ਨਹੀਂ ਜਾਣਾ ਚਾਹੁੰਦਾ ਸੀ, ਜਿਸ ਲਈ ਉਸ ਨੇ ਬੰਬ ਦੀ ਧਮਕੀ ਵਾਲੀ ਮੇਲ ਭੇਜੀ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਵਿਦਿਆਰਥੀ ਨੇ ਈਮੇਲ ਵਿਚ ਦੋ ਹੋਰ ਸਕੂਲਾਂ ਦਾ ਵੀ ਜ਼ਿਕਰ ਕੀਤਾ ਸੀ ਤਾਂ ਜੋ ਇਸ ਨੂੰ ਸੱਚਾ ਦਰਸਾਇਆ ਜਾ ਸਕੇ।
ਇਸ ਤੋਂ ਪਹਿਲਾਂ 2 ਮਈ ਨੂੰ ਦਿੱਲੀ ਦੇ ਕੁੱਲ 131 ਸਕੂਲਾਂ ਨੂੰ ਧਮਕੀ ਭਰੀਆਂ ਈਮੇਲ ਮਿਲੀਆਂ ਸਨ। ਦਿੱਲੀ ਪੁਲਿਸ ਨੇ ਕਿਹਾ ਕਿ ਦਿੱਲੀ-ਐਨਸੀਆਰ ਦੇ ਸਕੂਲਾਂ ਨੂੰ ਧਮਕੀ ਦੇਣ ਲਈ ਵਰਤੀ ਗਈ ਈਮੇਲ ਵਿੱਚ 'ਸਵਾਰੈਮ' ਸ਼ਬਦ ਸੀ, ਜੋ ਇਸਲਾਮਿਕ ਸਟੇਟ ਦੁਆਰਾ 2014 ਤੋਂ ਇਸਲਾਮਿਕ ਪ੍ਰਚਾਰ ਫੈਲਾਉਣ ਲਈ ਵਰਤਿਆ ਜਾਣ ਵਾਲਾ ਅਰਬੀ ਸ਼ਬਦ ਹੈ
ਹਾਲਾਂਕਿ ਗ੍ਰਹਿ ਮੰਤਰਾਲੇ ਨੇ ਬਾਅਦ ਵਿੱਚ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਦਿੱਲੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਪ੍ਰੋਟੋਕੋਲ ਦੇ ਅਨੁਸਾਰ ਜ਼ਰੂਰੀ ਕਦਮ ਚੁੱਕ ਰਹੀਆਂ ਹਨ।-ਏਐੱਨਆਈ