For the best experience, open
https://m.punjabitribuneonline.com
on your mobile browser.
Advertisement

ਬੋਲੀ ਛੱਡੇ ਗੋਲੀ...

11:38 AM Dec 17, 2023 IST
ਬੋਲੀ ਛੱਡੇ ਗੋਲੀ
Advertisement

ਕਮਲ

Advertisement

ਮਾਂ ਬੋਲੀ

ਪਹਿਲਾਂ ਜਦੋਂ ਕਦੇ ਇਹ ਅਖਾਣ ਪੜ੍ਹਦੇ-ਸੁਣਦੇ ਸੀ ਤਾਂ ਦਿਮਾਗ਼ ’ਚ ਇਸ ਸਬੰਧੀ ਬੱਸ ਐਨਾ ਕੁ ਹੀ ਨਕਸ਼ਾ ਬਣਦਾ ਸੀ ਕਿ ਜਿਹੜਾ ਨੌਕਰ ਆਵਦੇ ਮਾਲਕ ਨੂੰ ਜੀ ਜੀ ਕਰਕੇ ਬੋਲਦੇ ਹਨ ਸ਼ਾਇਦ ਇਹ ਅਖਾਣ ਉਨ੍ਹਾਂ ’ਤੇ ਢੁੱਕਦੀ ਹੈ। ਦਰਅਸਲ, ਇਹ ਅਖਾਣ ਬਹੁਤ ਵੱਡੀ ਸਚਾਈ ਅਤੇ ਬਹੁਤ ਡੂੰਘੇ ਅਰਥ ਸਮੋਈ ਬੈਠੀ ਹੈ। ਇਹ ਤਾਂ ਹੁਣ ਸਮਝ ਆਉਣ ਲੱਗੀ ਹੈ ਕਿ ਕਿਵੇਂ ਆਪਣੀ ਬੋਲੀ ਛੱਡਣ ਨਾਲ ਆਪਣੀ ਹੋਂਦ, ਆਪਣੀ ਹੈਸੀਅਤ, ਆਪਣਾ ਸੱਭਿਆਚਾਰ, ਆਪਣੀ ਪਛਾਣ, ਆਪਣੀ ਕੌਮ ਅਤੇ ਵਿਕਾਸ ਦੇ ਸਭੇ ਰਾਹ ਤਬਾਹ ਹੋ ਜਾਂਦੇ ਹਨ। ਇਹ ਸਾਰਾ ਕੁਝ ਹੁਣ ਅਸੀਂ ਆਪਣੀਆਂ ਅੱਖਾਂ ਨਾਲ ਦੇਖ ਅਤੇ ਹੱਡੀਂ ਹੰਢਾ ਰਹੇ ਹਾਂ।
ਸਾਡੇ ਮੁਲਕ ਨੇ ਅੰਗਰੇਜ਼ੀ ਹਕੂਮਤ ਦੀ ਸੌ ਸਾਲ ਸਿੱਧਿਆਂ ਹੀ ਗ਼ੁਲਾਮੀ ਝੱਲੀ ਹੈ। ਅਸਿੱਧੀ ਗ਼ੁਲਾਮੀ ਭਾਵੇਂ ਹੁਣ ਵੀ ਜਾਰੀ ਹੈ। ਇਸੇ ਕਰਕੇ ਮਾਨਸਿਕ ਤੌਰ ’ਤੇ ਅਸੀਂ ਉਨ੍ਹਾਂ ਨੂੰ ਆਪਣੇ ਤੋਂ ਬਿਹਤਰ ਸਮਝਿਆ ਹੋਇਆ ਹੈ ਅਤੇ ਉੱਥੋਂ ਦੀ ਹਾਕਮ ਜਮਾਤ ਨੂੰ ਵੀ ਲੋਕ ਪੱਖੀ ਹੋਣ ਦਾ ਭਰਮ ਪਾਲੀ ਬੈਠੇ ਹਾਂ। ਇਹੀ ਕਾਰਨ ਹੈ ਕਿ ਅਸੀਂ ਉਨ੍ਹਾਂ ਲਈ ਇਮਾਨਦਾਰ, ਸੁਲਝੇ ਹੋਏ, ਅਗਾਂਹਵਧੂ, ਸੱਭਿਅਕ, ਬੁੱਧੀਮਾਨ, ਸੁੱਘੜ-ਸਿਆਣੇ ਅਤੇ ਹੋਰ ਪਤਾ ਨਹੀਂ ਕੀ ਕੀ ਵਿਸ਼ੇਸ਼ਛ ਵਰਤਦੇ ਹਾਂ, ਪਰ ਦੂਜੇ ਪਾਸੇ ਆਪਣੇ ਹੀ ਮੁਲਕ ਦੇ ਲੋਕਾਂ ਨੂੰ ਸਿਰੇ ਦੇ ਬੇਈਮਾਨ, ਅਨਪੜ੍ਹ, ਗੰਵਾਰ, ਕੁਚੱਜੇ, ਬੇਸੂੰਹੇ ਜਿਹੇ ਸ਼ਬਦਾਂ ਨਾਲ ਸੰਬੋਧਿਤ ਹੁੰਦੇ ਹਾਂ। ਅੰਗਰੇਜ਼ੀ ਬੋਲਦੇ ਬੰਦੇ ਅੱਗੇ ਅਸੀਂ ਲਿਫ਼ ਲਿਫ਼ ਜਾਂਦੇ ਹਾਂ। ਜੰਮਦੇ ਬੱਚਿਆਂ ਦੇ ਮੂੰਹ ਵਿੱਚ ਵੀ ਅੰਗਰੇਜ਼ੀ ਹੀ ਠੂਸਣ ਲੱਗ ਜਾਂਦੇ ਹਾਂ। ਸਕੂਲ ਪੜ੍ਹਨੇ ਪਾਉਣ ਵੇਲੇ ਵੀ ਏ ਫਾਰ ਐਪਲ ਪੜ੍ਹਾਉਣ ਵਾਲੇ ਸਕੂਲ ਦੀ ਹੀ ਚੋਣ ਕਰਦੇ ਹਾਂ ਨਾ ਕਿ ਊੜਾ ਊਠ ਪੜ੍ਹਾਉਣ ਵਾਲੇ ਦੀ। ਜਿਨ੍ਹਾਂ ਸਕੂਲਾਂ ਵਿੱਚ ਜਿੱਥੇ ਪੰਜਾਬੀ ਬੋਲਣ ਤੇ ਬੱਚਿਆਂ ਨੂੰ ਜੁਰਮਾਨੇ ਕੀਤੇ ਜਾਂਦੇ ਹਨ ਅਤੇ ਮਾਪਿਆਂ ਨੂੰ ਵੀ ਘਰ ਵਿੱਚ ਬੱਚੇ ਨਾਲ ਪੰਜਾਬੀ ਵਿੱਚ ਗੱਲਬਾਤ ਨਾ ਕਰਨ ਦੀ ਹਦਾਇਤ ਕੀਤੀ ਜਾਂਦੀ ਹੈ, ਅਸੀਂ ਉਨ੍ਹਾਂ ਸਕੂਲਾਂ ’ਚ ਹੀ ਦਾਖਲਾ ਦਿਵਾਉਣ ਲਈ ਸਭ ਹੱਥਕੰਡੇ ਵਰਤਦੇ ਹਾਂ। ਇਹ ਸਭ ਗ਼ੁਲਾਮ ਮਾਨਸਿਕਤਾ ਕਰਕੇ ਹੀ ਤਾਂ ਹੈ। ਅੰਗਰੇਜ਼ੀ ਬੋਲਣ ਵਾਲੇ ਅੱਗੇ ਅਸੀਂ ਬੌਣੇ ਬੌਣੇ ਮਹਿਸੂਸ ਕਰਦੇ ਹਾਂ। ਜਗ੍ਹਾ-ਜਗ੍ਹਾ, ਧੜਾ-ਧੜ ਆਇਲਟਸ ਦੀਆਂ ਖੁੱਲ੍ਹੀਆਂ ਦੁਕਾਨਾਂ ਅਤੇ ਬੈਂਡਾਂ ਲਈ ਪਾਣੀ ਵਾਂਗੂੰ ਵਹਾਇਆ ਜਾਂਦਾ ਪੈਸਾ ਇਸੇ ਦੀ ਸ਼ਾਹਦੀ ਭਰਦੇ ਹਨ। ਅਸੀਂ ਆਪਣਾ ਸਮਾਂ ਤੇ ਭਰਪੂਰ ਸ਼ਕਤੀ ਇਸ ’ਤੇ ਹੀ ਖਪਤ ਕਰੀ ਜਾਂਦੇ ਹਾਂ ਕਿਉਂਕਿ ਸਾਨੂੰ ਸਾਡੇ ਬੱਚੇ ਦਾ ਭਵਿੱਖ ਵੀ ਇਸੇ ਵਿੱਚ ਹੀ ਦਿਖਾਈ ਦਿੰਦਾ ਹੈ। ਸਾਡੇ ਮੁਲਕ ਦੇ ਹਾਕਮ ਵੀ ਇਸੇ ਨੂੰ ਹੀ ਉਤਸ਼ਾਹਿਤ ਕਰਨ ਲੱਗੇ ਹਨ। ਇਸ ਗੱਲ ਦੀ ਸਰਕਾਰਾਂ ਨੂੰ ਕੋਈ ਸਿਰਦਰਦੀ ਨਹੀਂ ਕਿ ਆਪਣੇ ਮੁਲਕ ਵਿੱਚ ਹੀ ਨੌਜੁਆਨਾਂ ਨੂੰ ਰੁਜ਼ਗਾਰ ਮਿਲੇ ਅਤੇ ਉਨ੍ਹਾਂ ਦੀ ਕਦਰ ਪਵੇ। ਇਸੇ ਕਰਕੇ ਅਸੀਂ ਵਿਦੇਸ਼ਾਂ ਵਿੱਚ ਭੇਜਣ ਲਈ ਹੀ ਸਾਡੇ ਬੱਚਿਆਂ ਦੀ ਪਨੀਰੀ ਤਿਆਰ ਕਰੀ ਜਾ ਰਹੇ ਹਾਂ। ਸਾਡੇ ਮੁਲਕ ’ਚ ਤਾਂ ਸਾਨੂੰ ਨੌਜੁਆਨਾਂ ਲਈ ਹਨੇਰਾ ਹੀ ਹਨੇਰਾ ਦਿਖਾਈ ਦਿੰਦਾ ਹੈ, ਭਾਵੇਂ ਵਿਦੇਸ਼ਾਂ ’ਚ ਪਹੁੰਚ ਕੇ ਵੀ ਸਾਡੇ ਨੌਜੁਆਨ ਜੋ ਜ਼ਲਾਲਤ ਝੱਲਦੇ ਹਨ ਅਤੇ ਮਾਪੇ ਜੋ ਸੰਤਾਪ ਹੰਢਾਉਂਦੇ ਹਨ, ਉਹ ਸਾਡੇ ਕਿਸੇ ਤੋਂ ਲੁਕੀ-ਛੁਪੀ ਨਹੀਂ। ਮਾਨਸਿਕ ਗ਼ੁਲਾਮੀ ਤਾਂ ਇੱਥੋਂ ਤੱਕ ਘਰ ਕਰ ਚੁੱਕੀ ਹੈ ਕਿ ਬਾਹਰਲੇ ਮੁਲਕਾਂ ’ਚ ਜਾਂਦੇ ਸਾਡੇ ਮੰਤਰੀ-ਸੰਤਰੀ ਵੀ ਅੰਗਰੇਜ਼ੀ ਵਿੱਚ ਭਾਸ਼ਣ ਦੇਣ ’ਚ ਮਾਣ ਮਹਿਸੂਸ ਕਰਦੇ ਹਨ ਅਤੇ ਇਸ ਲਈ ਸਦਾ ਲਟਾ-ਪੀਂਘ ਹੁੰਦੇ ਰਹਿੰਦੇ ਹਨ, ਆਪਣੀ ਭਾਸ਼ਾ ’ਚ ਗੱਲਬਾਤ ਕਰਨ ’ਚ ਉਹ ਆਪਣੀ ਹੱਤਕ ਸਮਝਦੇ ਹਨ ਜਦੋਂਕਿ ਆਪਣੇ ਦੇਸ਼ ਦੀ ਭਾਸ਼ਾ ’ਚ ਗੱਲਬਾਤ ਕੀਤੀ ਜਾ ਸਕਦੀ ਹੈ ਅਤੇ ਕਰਨੀ ਚਾਹੀਦੀ ਵੀ ਹੈ। ਇਸ ਵਿੱਚ ਕੋਈ ਸਮੱਸਿਆ ਨਹੀਂ ਕਿਉਂਕਿ ਇਸ ਲਈ ਦੁਭਸ਼ਾਈਏ ਮੁਹੱਈਆ ਕਰਵਾਏ ਜਾ ਸਕਦੇ ਹੁੰਦੇ ਹਨ। ਉਂਜ, ਅੱਜਕੱਲ੍ਹ ਤਾਂ ਸਿਸਟਮ ਹੀ ਇਸ ਤਰ੍ਹਾਂ ਦੇ ਆ ਗਏ ਕਿ ਬੋਲਣ ਵਾਲਾ ਜਿਸ ਮਰਜ਼ੀ ਭਾਸ਼ਾ ਵਿੱਚ ਗੱਲ ਕਰੇ, ਪਰ ਸੁਣਨ ਵਾਲੇ ਨੂੰ ਉਸੇ ਭਾਸ਼ਾ ’ਚ ਹੀ ਸੁਣਾਈ ਦਿੰਦਾ ਹੈ ਜਿਸ ਵਿੱਚ ਉਹ ਚਾਹੁੰਦਾ ਹੈ। ਸਾਡੇ ਮੁਲਕ ਦੇ ਵਜ਼ੀਰਾਂ ਨੂੰ ਸ਼ਾਂਤੀ ਅੰਗਰੇਜ਼ੀ ਬੋਲ ਕੇ ਹੀ ਆਉਂਦੀ ਜਾਪਦੀ ਹੈ ਜਦੋਂਕਿ ਕਈ ਮੁਲਕ ਆਪਣੇ ਦੇਸ਼ ਦੀ ਭਾਸ਼ਾ ਵਿੱਚ ਗੱਲਬਾਤ ਕਰਨ ’ਚ ਮਾਣ ਮਹਿਸੂਸ ਕਰਦੇ ਹਨ ਅਤੇ ਇਸ ਤੋਂ ਵੀ ਅੱਗੇ ਆਪਣੇ ਦੇਸ਼ ’ਚ ਖੇਤਰੀ ਭਾਸ਼ਾ ’ਚ ਹੀ ਸਕੂਲਾਂ, ਕਾਲਜਾਂ ਦੀ ਪੜ੍ਹਾਈ ਕਰਾਉਂਦੇ ਹਨ ਅਤੇ ਉੱਥੋਂ ਪੜ੍ਹਨ ਦੀ ਇੱਛਾ ਰੱਖਣ ਵਾਲੇ ਵੀ ਉਨ੍ਹਾਂ ਦੀ ਭਾਸ਼ਾ ਨੂੰ ਹੀ ਸਿੱਖ ਕੇ ਆਪਣੀ ਪੜ੍ਹਾਈ ਪੂਰੀ ਕਰ ਸਕਦੇ ਹਨ।
ਦੂਜੇ ਪਾਸੇ ਅਸੀਂ ਸਾਡੇ ਆਪਣੇ ਹੀ ਮੁਲਕ ਦੀਆਂ ਖੇਤਰੀ ਭਾਸ਼ਾਵਾਂ ਨਾਲ ਜਿਹੋ ਜਿਹਾ ਸਲੂਕ ਕਰਦੇ ਹਾਂ ਉਹ ਕਿਸੇ ਤੋਂ ਗੁੱਝਾ ਨਹੀਂ। ਅਸੀਂ ਸਾਡੇ ਹੀ ਦੇਸ਼ ਦੇ ਯੂ.ਪੀ., ਬਿਹਾਰ ਜਾਂ ਹੋਰ ਸੂਬਿਆਂ ਤੋਂ ਕਿਰਤ ਕਰਨ ਲਈ ਪੰਜਾਬ ਆਏ ਕਿਰਤੀਆਂ ਦੀ ਬੋਲੀ ਦਾ ਮਜ਼ਾਕ ਉਡਾਉਂਦੇ ਹਾਂ, ਉਨ੍ਹਾਂ ਦੀਆਂ ਸਾਂਗਾਂ ਲਾਹੁੰਦੇ ਹਾਂ ਕਿਉਂਕਿ ਉਹ ਗ਼ਰੀਬਾਂ ਦੀ ਬੋਲੀ ਹੈ। ਉਨ੍ਹਾਂ ਨੂੰ ਅਸੀਂ ਦੂਜੇ ਦਰਜੇ ਦੇ ਸ਼ਹਿਰੀ ਮੰਨਦੇ ਹਾਂ, ਉਨ੍ਹਾਂ ਦੀ ਭਾਸ਼ਾ ਨੂੰ ਵਧੀਆ ਕਿਵੇਂ ਮੰਨ ਲਈਏ ਭਲਾ? ਪਰ ਸੱਤ ਸਮੁੰਦਰੋਂ ਪਾਰ ਵੱਸਦੇ ਅੰਗਰੇਜ਼ਾਂ ਦੀ ਭਾਸ਼ਾ, ਉੱਥੋਂ ਦੇ ਬਾਸ਼ਿੰਦਿਆਂ ਨੂੰ ਸਭ ਤੋਂ ਉੱਤਮ ਸਮਝਦੇ ਹਾਂ। ਅੰਗਰੇਜ਼ੀ ਬੋਲਣ ’ਚ ਸ਼ਾਨ ਮਹਿਸੂਸ ਕਰਦੇ ਹਾਂ। ਉਨ੍ਹਾਂ ਦੇ ਪਹਿਰਾਵੇ ’ਚ ਆਪਣੇ ਆਪ ਨੂੰ ਮਾਡਰਨ ਸਮਝਣ ਦਾ ਭਰਮ ਪਾਲਦੇ ਹਾਂ। ਇਹ ਮਾਨਸਿਕ ਗ਼ੁਲਾਮੀ ਹੀ ਤਾਂ ਹੈ।
ਮੈਂ ਬਹੁਤ ਵਾਰ ਮਹਿਕਮਾਨਾ ਮੀਟਿੰਗਾਂ ’ਚ ਫੋਕੀ ਟੌਹਰ ਬਣਾਉਣ ਲਈ ਅੰਗਰੇਜ਼ੀ ਨੂੰ ਮੂੰਹ ਮਾਰਦਿਆਂ ਕਈਆਂ ਨੂੰ ਆਪਣੀ ਗੱਲ ਅਟਕ ਅਟਕ ਕੇ, ਕਦੇ ਅਧੂਰੀ ਤੇ ਕਦੇ ਤੱਥਾਂ ਵਿਹੂਣੀ ਰੱਖਦਿਆਂ ਮਜ਼ਾਕ ਦੇ ਪਾਤਰ ਬਣਦੇ ਤੱਕਿਆ ਹੈ ਜਦੋਂਕਿ ਮਾਂ ਬੋਲੀ ਪੰਜਾਬੀ ਵਿੱਚ ਆਪਣੀਆਂ ਸਮੱਸਿਆਵਾਂ ਅਤੇ ਆਪਣੀ ਰਾਇ ਬੜੀ ਸਪਸ਼ਟਤਾ ਨਾਲ ਰੱਖੀ ਜਾ ਸਕਦੀ ਹੈ। ਇਸ ਲਈ ਕੋਈ ਬੰਦਿਸ਼ ਨਹੀਂ, ਪਰ ਨਹੀਂ, ਅਸੀਂ ਤਾਂ ਅੰਗਰੇਜ਼ੀ ਬੋਲ ਕੇ ਦੂਜਿਆਂ ’ਤੇ ਆਪਣੀ ਧਾਂਕ ਜਮਾਉਣੀ ਹੁੰਦੀ ਹੈ, ਭਾਵੇਂ ਇਸ ਕੋਸ਼ਿਸ਼ ਵਿੱਚ ਮਜ਼ਾਕ ਦੇ ਪਾਤਰ ਹੀ ਕਿਉਂ ਨਾ ਬਣ ਜਾਈਏ। ਕਈ ਵਾਰੀ ਤਾਂ ਮੀਟਿੰਗ ’ਚ ਬਹੁਤ ਹੀ ਹਾਸੋ-ਹੀਣੀ ਹਾਲਤ ਬਣੀ ਦੇਖ ਕੇ ਕੋਈ ਨਾ ਕੋਈ ਬੋਲ ਹੀ ਪੈਂਦਾ, “ਮੈਡਮ ਪੰਜਾਬੀ ’ਚ ਗੱਲ ਕਰ ਲਓ, ਸਭ ਸਮਝਦੇ ਹਨ।” ਵੈਸੇ ਵੀ ਕੀ ਸਰਕਾਰੀ ਤੇ ਕੀ ਗ਼ੈਰ-ਸਰਕਾਰੀ ਸਭ ਥਾਵਾਂ ਅਤੇ ਦਫ਼ਤਰਾਂ ਵਿੱਚ ਹਰ ਕੰਮ-ਕਾਜ, ਪੱਤਰ-ਵਿਹਾਰ ਪੰਜਾਬੀ ਵਿੱਚ ਕਰਨ ਦੀਆਂ ਹਦਾਇਤਾਂ ਹਨ ਫਿਰ ਵੀ ਉਸ ਨੂੰ ਬੋਲਣ ਲਿਖਣ ’ਚ ਆਪਣੀ ਹੇਠੀ ਸਮਝਦੇ ਹਾਂ। ਅਸੀਂ ਅੰਗਰੇਜ਼ੀ ਭਾਸ਼ਾ ਨੂੰ ਮਨ ਹੀ ਮਨ ਸਭ ਤੋਂ ਉੱਚਤਮ ਦਰਜਾ ਦੇਈ ਬੈਠੇ ਹਾਂ ਅਤੇ ਅੰਗਰੇਜ਼ੀ ਬੋਲਣ ਵਾਲੇ ਨੂੰ ਵੱਧ ਪੜ੍ਹਿਆ ਲਿਖਿਆ ਇਨਸਾਨ ਸਮਝਣ ਦਾ ਭਰਮ ਪਾਲੀ ਬੈਠੇ ਹਾਂ। ਇਹ ਸਭ ਗੁਲਾਮ ਮਾਨਸਿਕਤਾ ਦੀ ਨਿਸ਼ਾਨੀ ਹੈ। ਸਾਨੂੰ ਮਾਨਸਿਕ ਤੌਰ ’ਤੇ ਗ਼ੁਲਾਮ ਕਰਨ ’ਚ ਅੰਗਰਜ਼ੀ ਹਕੂਮਤ ਨੇ ਪੂਰਾ ਤਾਣ ਲਾਇਆ, ਆਪਣੀ ਭਾਸ਼ਾ ਤੇ ਸੱਭਿਆਚਾਰ ਨੂੰ ਉਚਾਇਆ ਤੇ ਸਾਡੀਆਂ ਭਾਸ਼ਾਵਾਂ ਨੂੰ ਦੁਰਕਾਰਿਆ। ਉਨ੍ਹਾਂ ਦੀਆਂ ਚਾਲਾਂ ਕਰਕੇ ਹੀ ਅੰਗਰੇਜ਼ੀ ਭਾਸ਼ਾ ਸਬੰਧੀ ਧਾਰਨਾਵਾਂ ਸਾਡੇ ਦਿਲੋ-ਦਿਮਾਗ਼ ’ਚ ਡੂੰਘੀਆਂ ਧੱਸੀਆਂ ਹੋਈਆਂ ਹਨ। ਹੁਣ ਹਾਲਾਤ ਇਹ ਹੈ ਕਿ ਸਾਡੀ ਹੁਣ ਵਾਲੀ ਪੀੜ੍ਹੀ ਨੂੰ ਕੋਈ ਵੀ ਭਾਸ਼ਾ ਚੱਜ ਨਾਲ ਨਹੀਂ ਆਉਂਦੀ। ਇਹ ਗੱਲ ਮੈਂ ਇੱਕ ਲਿਖੇ ਪੜ੍ਹੇ ਲਿਖੇ ਮਾਂ-ਬਾਪ ਦੇ ਮੂੰਹੋਂ ਡਾਕਟਰੀ ਕਰ ਰਹੇ ਪੁੱਤਰ ਬਾਰੇ ਸੁਣੀ ਜਿਸ ਨੇ ਪੰਜਾਬੀ ਦੀ ਇੱਕ ਲਿਖਤ ਆਪਣੇ ਬਾਪ ਨੂੰ ਫੜਾਉਂਦਿਆ ਕਿਹਾ, ‘‘ਪਾਪਾ, ਮੈਨੂੰ ਸਮਝਾਓ ਇਸ ਵਿੱਚ ਕੀ ਲਿਖਿਆ, ਵੈਸੇ ਪਾਪਾ ਮੈਨੂੰ ਤਾਂ ਕੋਈ ਵੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਆਉਂਦੀ ਜਿਸ ਵਿੱਚ ਮੈਂ ਖੁੱਲ੍ਹ ਕੇ ਗੱਲਬਾਤ ਕਰ ਸਕਾਂ, ਜਿਸ ਵਿੱਚ ਲਿਖਿਆ ਸਾਰਾ ਕੁਝ ਮੈਂ ਚੰਗੀ ਤਰ੍ਹਾਂ ਸਮਝ ਸਕਾਂ ਜਾਂ ਕਿਸੇ ਨੂੰ ਸਮਝਾਂ ਸਕਾਂ।” ਇਹ ਹੈ ਤ੍ਰਾਸਦੀ ਸਾਡੇ ਪੰਜਾਬ ਦੀ ਅਤੇ ਪੰਜਾਬੀ ਦੀ। ਆਪਣੀ ਭਾਸ਼ਾ ਅਸੀਂ ਬੋਲਣੀ ਲਿਖਣੀ ਨਹੀਂ ਕਿਉਂਕਿ ਇਹਨੂੰ ਤਾਂ ਅਸੀਂ ਉਜੱਡਾਂ ਦੀ ਭਾਸ਼ਾ ਮੰਨੀ ਬੈਠੇ ਹਾਂ। ਅਖੌਤੀ ਸੱਭਿਅਕ ਸਮਝੀ ਜਾਂਦੀ ਅੰਗਰੇਜ਼ੀ ਭਾਸ਼ਾ ਨੂੰ ਸਿੱਖਣ ਸਿਖਾਉਣ ’ਤੇ ਹੀ ਸਾਰਾ ਤਾਣ ਲਗਾਈ ਜਾ ਰਹੇ, ਅਸੀਂ ਕਿਸੇ ਪਾਸੇ ਜੋਗੇ ਨਹੀਂ ਰਹਿੰਦੇ। ਭਾਵੇਂ ਅੰਗਰੇਜ਼ੀ ਦੇ ਚਾਰ ਅੱਖਰ ਬੋਲ ਕੇ ਆਪਣਾ ਦਬਦਬਾ ਕਾਇਮ ਕਰਨ ਦਾ ਭਰਮ ਪਾਲੀ ਫਿਰਦੇ ਹਾਂ, ਪਰ ਇਸ ਨਾਲ ਸਾਡਾ ਪਾਰ-ਉਤਾਰਾ ਨਹੀਂ ਹੋਣ ਲੱਗਾ। ਆਪਣੀ ਭਾਸ਼ਾ ’ਤੇ ਪੂਰੀ ਪਕੜ ਨਾਲ ਹੀ ਸਾਡੇ ਵਿਕਾਸ ਦਾ ਰਾਹ ਖੁੱਲ੍ਹ ਸਕਦਾ ਹੈ। ਬੋਲੀ ਦੇ ਆਧਾਰ ’ਤੇ ਲੋਕਾਂ ਅਤੇ ਦੇਸ਼-ਪ੍ਰਦੇਸ਼ਾਂ ਦਾ ਵਰਗੀਕਰਣ ਕਰਨਾ ਕਿਸੇ ਪੱਖੋਂ ਵੀ ਉਚਿਤ ਨਹੀਂ ਹੈ।
ਬੋਲੀ ਤਾਂ ਵਿਚਾਰ-ਵਟਾਂਦਰੇ, ਹਾਵ-ਭਾਵ ਪ੍ਰਗਟ, ਸ਼ਬਦਾਂ ਦਾ ਆਦਾਨ ਪ੍ਰਦਾਨ ਕਰਨ, ਆਪਣੀ ਗੱਲ ਕਹਿਣ ਅਤੇ ਅਗਲੇ ਦੀ ਸੁਣਨ ਦਾ ਜ਼ਰੀਆ ਹੈ। ਕੋਈ ਆਪਣੀ ਗੱਲ, ਆਪਣੇ ਵਿਚਾਰ ਕਿਵੇਂ ਸਹਿਜ ਨਾਲ ਰੱਖ ਸਕਦਾ, ਸਮਝਾ ਸਕਦਾ ਹੈ ਇਹੀ ਉਸ ਲਈ ਚੰਗਾ ਹੈ ਜਿਸ ਨਾਲ ਉਹ ਤਰੱਕੀ ਕਰ ਸਕਦਾ ਹੈ। ਹਰ ਇੱਕ ਦੀ ਮਨਭਾਉਂਦੀ ਬੋਲੀ ਨੂੰ ਪੂਰਾ ਸਤਿਕਾਰ ਮਿਲਣਾ ਚਾਹੀਦਾ ਹੈ।
ਆਓ! ਗ਼ੁਲਾਮ ਮਾਨਸਿਕਤਾ ਦਾ ਤਿਆਗ ਕਰ ਦੇਈਏ, ਹਰ ਬੋਲੀ ਦਾ
ਸਤਿਕਾਰ ਕਰੀਏ, ਹਰ ਬੋਲੀ ਨੂੰ ਉਚਿਆਈਏ, ਨਾ ਕਿ ਸਾਰਾ ਦਿਨ ਅੰਗਰੇਜ਼ੀ ਭਾਸ਼ਾ ਦਾ ਹੀ ਰਾਗ ਅਲਾਪੀ ਜਾਈਏ। ਆਪਣੀ ਜਿਹੜੀ ਵੀ ਬੋਲੀ ਹੈ ਉਸ ਨੂੰ ਕਦੇ ਵੀ ਘਟੀਆ ਨਾ ਸਮਝੀਏ, ਨਾ ਹੀ ਕਿਸੇ ਹੋਰ ਬੋਲੀ ਤੋਂ ਆਪਣੀ ਬੋਲੀ ਨੂੰ ਉੱਚਤਮ ਸਮਝੀਏ। ਸਭੇ ਬੋਲੀਆਂ ਦਾ ਸਤਿਕਾਰ ਕਰੀਏ, ਵੱਧ ਤੋਂ ਵੱਧ ਭਾਸ਼ਾਵਾਂ ਬੋਲਣੀਆਂ ਪੜ੍ਹਨੀਆਂ ਸਿੱਖੀਏ। ਊਚ-ਨੀਚ ਬੋਲੀਆਂ ਕਰਕੇ ਨਹੀਂ ਸਗੋਂ ਸਭ ਆਰਥਿਕ ਪਾੜੇ ਦੇ ਹੀ ਪੁਆੜੇ ਹਨ। ਆਰਥਿਕ ਪਾੜੇ ਨੂੰ ਮੇਟਣ ਲਈ ਯਤਨ ਜੁਟਾਈਏ। ਬੋਲੀਆਂ ਤਾਂ ਸਭ ਪਿਆਰੀਆਂ ਹਨ। ਮਨੁੱਖਤਾ ਨੂੰ ਪਿਆਰ ਕਰਨਾ ਸਿੱਖੀਏ। ਫਿਰ ਇਕੱਲੀ ਅੰਗਰੇਜ਼ੀ ਨਹੀਂ ਸਭ ਭਾਸ਼ਾਵਾਂ ਚੰਗੀਆਂ ਲੱਗਣਗੀਆਂ। ਨਾ ਸਿਰਫ਼ ਬੋਲੀਆਂ ਸਗੋਂ ਸਭੇ ਪਹਿਰਾਵੇ, ਸਭੇ ਰੀਤੀ ਰਿਵਾਜ, ਤਿੱਥ ਤਿਉਹਾਰ ਪਿਆਰੇ ਲੱਗਣਗੇ, ਚਾਹੇ ਸਾਡੇ ਦੇਸ਼ ਦੇ ਹੋਣ ਤੇ ਚਾਹੇ ਪ੍ਰਦੇਸ਼ ਦੇ। ਗ਼ੁਲਾਮ ਮਾਨਸਿਕਤਾ ਤੋਂ ਬਾਹਰ ਆ ਕੇ ਆਜ਼ਾਦ ਸੋਚੀਏ-ਸਮਝੀਏ, ਆਜ਼ਾਦ ਹੀ ਪੜ੍ਹੀਏ-ਲਿਖੀਏ, ਫਿਰ ਹੀ ਭਾਸ਼ਾਵਾਂ, ਖ਼ਿੱਤੇ, ਦੇਸ਼-ਵਿਦੇਸ਼ ਅਤੇ ਮਨੁੱਖਤਾ ਦਾ ਵਿਕਾਸ ਹੋਣ ਦੀ ਸ਼ਾਹਦੀ ਭਰੀ ਜਾ ਸਕਦੀ ਹੈ। ਜਦੋਂ ਮਨੁੱਖ ਜੰਗਲਾਂ ਵਿੱਚ ਰਹਿੰਦਾ ਸੀ, ਅਜੇ ਬੋਲੀ ਦਾ ਵਿਕਾਸ ਵੀ ਨਹੀਂ ਹੋਇਆ ਸੀ, ਉਦੋਂ ਵੀ ਬਿਨ ਬੋਲਿਆਂ ਹੀ ਵਿਚਾਰਾਂ ਦਾ ਆਦਾਨ-ਪ੍ਰਦਾਨ ਹੁੰਦਾ ਸੀ, ਮਨੁੱਖ ਇੱਕ ਦੂਜੇ ਦੀ ਗੱਲ, ਭਾਵਨਾ ਨੂੰ ਸਮਝਦੇ ਸਨ। ਉੱਥੋਂ ਵਿਕਸਤ ਹੁੰਦੇ ਹੋਏ ਹੀ ਅਸੀਂ ਇੱਥੋਂ ਤੱਕ ਪਹੁੰਚੇ ਹਾਂ। ਇਸ ਦਾ ਹੋਰ ਵਿਕਾਸ ਕਰਨ ਦੀ ਚਾਹਨਾ ਰੱਖਦੇ ਹੋਏ ਆਪਣਾ ਬਣਦਾ ਹਾਂ-ਪੱਖੀ ਰੋਲ ਨਿਭਾਉਣ ਲਈ ਹਮੇਸ਼ਾ ਕੋਸ਼ਿਸ਼ਾਂ ਜੁਟਾਉਂਦੇ ਰਹੀਏ। ਇਸੇ ਵਿੱਚ ਹੀ ਮਨੁੱਖਤਾ ਦੀ ਭਲਾਈ ਹੈ।
ਸੰਪਰਕ: 94630-23100

Advertisement

Advertisement
Author Image

Advertisement