ਕੋਲਕਾਤਾ ਦੇ ਅਸਮਾਨ ’ਚ ਨਜ਼ਰ ਆਈਆਂ ਡਰੋਨ-ਨੁਮਾ ਵਸਤੂਆਂ, ਜਾਂਚ ਸ਼ੁਰੂ
ਕੋਲਕਾਤਾ, 21 ਮਈ
ਕੋਲਕਾਤਾ ਦੇ ਹੇਸਟਿੰਗਜ਼ ਖੇਤਰ, ਵਿਦਿਆਸਾਗਰ ਸੇਤੂ ਅਤੇ ਮੈਦਾਨ ਉੱਤੇ ਸੋਮਵਾਰ ਰਾਤ ਨੂੰ ਘੱਟੋ-ਘੱਟ 8-10 ਡਰੋਨਨੁਮਾ ਵਸਤੂਆਂ ਉੱਡਦੀਆਂ ਨਜ਼ਰ ਆਈਆਂ ਹਨ। ਸੂਬਾ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕੇਂਦਰ ਨੇ ਇਸ ਘਟਨਾ ਬਾਰੇ ਪੱਛਮੀ ਬੰਗਾਲ ਸਰਕਾਰ ਤੋਂ ਵੀ ਰਿਪੋਰਟ ਮੰਗੀ ਹੈ। ਜਾਣਕਾਰੀ ਦਿੰਦੇ ਹੋਏ ਇੱਕ ਰੱਖਿਆ ਅਧਿਕਾਰੀ ਨੇ ਕਿਹਾ, ‘‘ਕੋਲਕਾਤਾ ਉੱਤੇ ਡਰੋਨ ਦੇਖਣ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਹਨ ਅਤੇ ਜੋ ਇਸ ਸਮੇਂ ਜਾਂਚ ਅਧੀਨ ਹਨ।’’ ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਸੱਚਾਈ ਦਾ ਪਤਾ ਲਗਾਉਣ ਲਈ ਯਤਨ ਜਾਰੀ ਹਨ।
ਇਕ ਪੁਲੀਸ ਅਧਿਕਾਰੀ ਨੇ ਕਿਹਾ, ‘‘ਇਹ ਡਰੋਨ ਵਰਗੀਆਂ ਵਸਤੂਆਂ ਸੋਮਵਾਰ ਦੇਰ ਰਾਤ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਮਹੇਸ਼ਤਲਾ ਦੀ ਦਿਸ਼ਾ ਤੋਂ ਉੱਡਦੀਆਂ ਵੇਖੀਆਂ ਗਈਆਂ। ਫਿਰ ਇਹ ਹੇਸਟਿੰਗਜ਼ ਖੇਤਰ, ਦੂਜੇ ਹੁਗਲੀ ਪੁਲ (ਵਿਦਿਆਸਾਗਰ ਸੇਤੂ) ਅਤੇ ਫੋਰਟ ਵਿਲੀਅਮ (ਫੌਜ ਦਾ ਪੂਰਬੀ ਕਮਾਂਡ ਹੈੱਡਕੁਆਰਟਰ) ਉੱਤੇ ਉੱਡਦੀਆਂ ਰਹੀਆਂ।’’ ਉਨ੍ਹਾਂ ਕਿਹਾ ਕਿ ਗਾਇਬ ਹੋਣ ਤੋਂ ਪਹਿਲਾਂ ਮਹਾਂਨਗਰ ਦੇ ਪੂਰਬੀ ਹਿੱਸੇ ਵਿੱਚ ਪਾਰਕ ਸਰਕਸ ਖੇਤਰ ਉੱਤੇ ਵੀ ਅਜਿਹੀਆਂ ਉੱਡਦੀਆਂ ਵਸਤੂਆਂ ਵੇਖੀਆਂ ਗਈਆਂ ਸਨ। ਅਧਿਕਾਰੀ ਨੇ ਕਿਹਾ ਕਿ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਅਤੇ ਕੋਲਕਾਤਾ ਪੁਲੀਸ ਦੇ ਡਿਟੈਕਟਿਵ ਵਿਭਾਗ ਨੇ ਪਹਿਲਾਂ ਹੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ