Drone fall: ਉੜੀਸਾ ਦੇ ਮੁੱਖ ਮੰਤਰੀ ਮਾਝੀ ਦੇ ਪੈਰਾਂ ’ਚ ਡਿੱਗਿਆ ਡਰੋਨ
ਉੜੀਸਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਦੀ ਸੁਰੱਖਿਆ ’ਚ ਇੱਕ ਵੱਡੀ ਖਾਮੀ ਉਦੋਂ ਸਾਹਮਣੇ ਆਈ, ਜਦੋਂ ਉਨ੍ਹਾਂ ਦੇ ਝਾਰਸੁਗੁੜਾ ਦੌਰੇ ਦੌਰਾਨ ਮੁੱਖ ਮੰਤਰੀਆਂ ਦੀਆਂ ਤਸਵੀਰਾਂ ਲੈਣ ਲਈ ਪ੍ਰਸ਼ਾਸਨ ਵੱਲੋਂ ਤਾਇਨਾਤ ਕੀਤਾ ਗਿਆ ਇੱਕ ਡਰੋਨ ਅਚਾਨਕ ਮਾਝੀ ਦੇ ਪੈਰਾਂ ਨੇੜੇ ਜ਼ਮੀਨ ’ਤੇ ਡਿੱਗ ਗਿਆ।
ਇਹ ਹਾਦਸਾ 2 ਜਨਵਰੀ ਨੂੰ ਵਾਪਰਿਆ ਅਤੇ ਉਦੋਂ ਲੋਕਾਂ ਸਾਹਮਣੇ ਆਇਆ, ਜਦੋਂ ਇਸ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ। ਝਾਰਸੁਗੁੜਾ ਜ਼ਿਲ੍ਹੇ ਦੇ ਪੁਲੀਸ ਅਧਿਕਾਰੀ ਨੇ ਦੱਸਿਆ, ‘‘ਮੁੱਢਲੀ ਜਾਂਚ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਨੇ ਮੁੱਖ ਮੰਤਰੀ ਅਤੇ ਹੋਰ ਉੱਚ ਅਧਿਕਾਰੀਆਂ ਦੇ ਦੌਰੇ ਦੌਰਾਨ ਤਸਵੀਰਾਂ ਖਿੱਚਣ ਅਤੇ ਵੀਡੀਓ ਰਿਕਾਰਡ ਕਰਨ ਲਈ ਡਰੋਨ ਦੀ ਵਰਤੋਂ ਕੀਤੀ ਸੀ। ਕੁੱਝ ਤਕਨੀਕੀ ਖਾਮੀਆਂ ਕਾਰਨ ਗਲਤੀ ਨਾਲ ਡਰੋਨ ਮੁੱਖ ਮੰਤਰੀ ਦੇ ਨੇੜੇ ਡਿੱਗ ਗਿਆ।’’ ਮੋਹਨ ਚਰਨ ਮਾਝੀ ਝਾਰਸੁਗੁੜਾ ਦੇ ਪੁਰਾਣਾਬਸਤੀ ਇਲਾਕੇ ਵਿੱਚ ਝਾੜੇਸ਼ਵਰ ਮੰਦਰ ਵੱਲ ਜਾ ਰਹੇ ਸੀ ਕਿ ਅਚਾਨਕ ਡਰੋਨ ਉਨ੍ਹਾਂ ਦੇ ਪੈਰਾਂ ਨੇੜੇ ਡਿੱਗਿਆ। ਮੁੱਖ ਮੰਤਰੀ ਦੇ ਨਿੱਜੀ ਸੁਰੱਖਿਆ ਅਧਿਕਾਰੀ ਅਤੇ ਪੁਲੀਸ ਅਧਿਕਾਰੀਆਂ ਨੇ ਤੁਰੰਤ ਡਰੋਨ ਨੂੰ ਚੁੱਕ ਕੇ ਪਾਸੇ ਕਰ ਦਿੱਤਾ। -ਪੀਟੀਆਈ