ਯੂਕਰੇਨ ਤੇ ਰੂਸ ਵੱਲੋਂ ਇੱਕ ਦੂਜੇ ’ਤੇ ਡਰੋਨ ਹਮਲੇ
ਕੀਵ, 19 ਮਈ
ਰੂਸ ਨੇ ਕਿਹਾ ਕਿ ਉਸ ਨੇ ਆਪਣੇ ਖੇਤਰ ’ਚ ਯੂਕਰੇਨ ਦੇ ਕਰੀਬ 60 ਡਰੋਨ ਤੇ ਕਈ ਮਿਜ਼ਾਈਲਾਂ ਹੇਠਾਂ ਸੁੱਟ ਲਈਆਂ ਹਨ ਜਦਕਿ ਯੂਕਰੇਨ ਨੇ ਕਿਹਾ ਕਿ ਉਸ ਨੇ 30 ਤੋਂ ਵੱਧ ਰੂਸੀ ਡਰੋਨ ਤਬਾਹ ਕੀਤੇ ਹਨ। ਅੱਜ ਖਾਰਕੀਵ ਦੇ ਬਾਹਰੀ ਇਲਾਕੇ ’ਚ ਇੱਕ ਹਮਲੇ ਵਿੱਚ ਘੱਟ ਤੋਂ ਘੱਟ ਚਾਰ ਜਣਿਆਂ ਦੇ ਮਾਰੇ ਜਾਣ ਤੇ ਕਈਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ ਕਿਉਂਕਿ ਰੂਸ ਨੇ ਯੂਕਰੇਨ ਦੇ ਜੰਗ ਦੀ ਮਾਰ ਹੇਠ ਆਏ ਉੱਤਰ-ਪੂਬਰ ’ਚ ਨਵੇਂ ਸਿਰੇ ਤੋਂ ਹਮਲੇ ਸ਼ੁਰੂ ਕਰ ਦਿੱਤੇ ਹਨ। ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਰੂਸੀ ਹਵਾਈ ਸੁਰੱਖਿਆ ਨੇ ਦੱਖਣੀ ਕ੍ਰਾਸਨੋਡਾਰ ਖੇਤਰ ’ਚ ਰਾਤ ਭਰ ਵਿੱਚ 57 ਯੂਕਰੇਨੀ ਡਰੋਨ ਹੇਠਾਂ ਸੁੱਟੇ ਹਨ।
ਸਥਾਨਕ ਫੌਜੀ ਅਧਿਕਾਰੀਆਂ ਨੇ ਕਿਹਾ ਕਿ ਡਰੋਨ ਦਾ ਮਲਬਾ ਸਲਾਵੀਯਾਂਸਕ-ਆਨ-ਕਿਊਬਨ ਸ਼ਹਿਰ ’ਚ ਇੱਕ ਤੇਲ ਰਿਫਾਇਨਰੀ ’ਤੇ ਡਿੱਗਿਆ ਪਰ ਕੋਈ ਨੁਕਸਾਨ ਨਹੀਂ ਹੋਇਆ। ਨਿਊਜ਼ ਆਊਟਲੈੱਟ ਐਸਟ੍ਰਾ ਨੇ ਇੱਕ ਵੀਡੀਓ ਪ੍ਰਸਾਰਿਤ ਕੀਤੀ ਹੈ ਜਿਸ ਵਿੱਚ ਡਰੋਨ ਟਕਰਾਉਣ ਮਗਰੋਂ ਰਿਫਾਇਨਰੀ ’ਚ ਧਮਾਕਾ ਹੁੰਦਾ ਦਿਖਾਈ ਦੇ ਰਿਹਾ ਹੈ। ਵੀਡੀਓ ਦੀ ਆਜ਼ਾਦਾਨਾ ਢੰਗ ਨਾਲ ਪੁਸ਼ਟੀ ਨਹੀਂ ਕੀਤੀ ਜਾ ਸਕੀ। ਬੀਤੇ ਦਿਨ ਸਵੇਰੇ ਵੱਡ ਪੱਧਰ ’ਤੇ ਯੂਕਰੇਨੀ ਡਰੋਨ ਦੇ ਹਮਲੇ ਤੋਂ ਬਾਅਦ ਰੂਸ ਦੇ ਕਬਜ਼ੇ ਵਾਲੇ ਕਰੀਮੀਆ ਪ੍ਰਾਇਦੀਪ ’ਤੇ ਲੰਮੀ ਦੂਜੀ ਤੱਕ ਮਾਰ ਕਰਨ ਵਾਲੀਆਂ ਨੌਂ ਬੈਲਿਸਟਿਕ ਮਿਜ਼ਾਈਲਾਂ ਤੇ ਇੱਕ ਡਰੋਨ ਤਬਾਹ ਹੋ ਗਏ। ਇਸ ਮਗਰੋਂ ਸੇਵਸਤੋਪੋਲ ਸ਼ਹਿਰ ਦੀ ਬਿਜਲੀ ਕੱਟ ਦਿੱਤੀ ਗਈ। ਇਸੇ ਦੌਰਾਨ ਯੂਕਰੇਨ ਦੀ ਸਰਹੱਦ ਨਾਲ ਲੱਗਦੇ ਬੈੱਲਗਰਾਦ ਖੇਤਰ ’ਚ ਤਿੰਨ ਡਰੋਨ ਤਬਾਹ ਕਰ ਦਿੱਤੇ ਗਏ। -ਏਪੀ