ਇਜ਼ਰਾਈਲ ’ਚ ਨੇਤਨਯਾਹੂ ਦੇ ਘਰ ’ਤੇ ਡਰੋਨ ਹਮਲਾ
ਯੇਰੂਸ਼ਲਮ, 19 ਅਕਤੂਬਰ
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਸੈਸਰੀਆ ਸਥਿਤ ਘਰ ’ਤੇ ਡਰੋਨ ਹਮਲਾ ਕੀਤਾ ਗਿਆ। ਹਮਲੇ ਸਮੇਂ ਨੇਤਨਯਾਹੂ ਅਤੇ ਉਨ੍ਹਾਂ ਦੀ ਪਤਨੀ ਘਰ ’ਚ ਨਹੀਂ ਸਨ ਅਤੇ ਕੋਈ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਡਰੋਨ ਲਿਬਨਾਨ ਤੋਂ ਦਾਗ਼ਿਆ ਗਿਆ ਸੀ ਅਤੇ ਸ਼ਹਿਰ ’ਚ ਸਾਇਰਨਾਂ ਨੇ ਸਾਰਿਆਂ ਨੂੰ ਚੌਕਸ ਕਰ ਦਿੱਤਾ। ਇਸ ਤੋਂ ਪਹਿਲਾਂ ਸਤੰਬਰ ’ਚ ਯਮਨ ਦੇ ਹੂਤੀ ਬਾਗ਼ੀਆਂ ਨੇ ਬੇਨ ਗੁਰਿਓਨ ਹਵਾਈ ਅੱਡੇ ਵੱਲ ਬੈਲਿਸਟਿਕ ਮਿਜ਼ਾਈਲ ਦਾਗ਼ੀ ਸੀ, ਜਦੋਂ ਨੇਤਨਯਾਹੂ ਦਾ ਜਹਾਜ਼ ਉਤਰ ਰਿਹਾ ਸੀ ਪਰ ਉਸ ਨੂੰ ਹਵਾ ’ਚ ਹੀ ਫੁੰਡ ਦਿੱਤਾ ਗਿਆ ਸੀ। ਇਜ਼ਰਾਈਲ ’ਤੇ ਇਹ ਹਮਲਾ ਉਸ ਸਮੇਂ ਹੋਇਆ ਹੈ ਜਦੋਂ ਪਿਛਲੇ ਕੁਝ ਹਫ਼ਤਿਆਂ ਤੋਂ ਲਿਬਨਾਨ ’ਚ ਹਿਜ਼ਬੁੱਲਾ ਅਤੇ ਇਜ਼ਰਾਈਲ ਵਿਚਕਾਰ ਟਕਰਾਅ ਹੋਰ ਤੇਜ਼ ਹੋ ਗਿਆ ਹੈ। ਇਰਾਨ ਸਮਰਥਿਤ ਹਿਜ਼ਬੁੱਲਾ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਹ ਇਜ਼ਰਾਈਲ ’ਚ ਮਿਜ਼ਾਈਲ ਅਤੇ ਡਰੋਨ ਹਮਲੇ ਕਰਕੇ ਜੰਗ ਦਾ ਨਵਾਂ ਦੌਰ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਜ਼ਰਾਇਲੀ ਫੌਜ ਨੇ ਵੀਰਵਾਰ ਨੂੰ ਹਮਾਸ ਦੇ ਆਗੂ ਯਾਹੀਆ ਸਿਨਵਾਰ ਨੂੰ ਮਾਰ ਮੁਕਾਇਆ ਸੀ ਜਿਸ ਮਗਰੋਂ ਦੋਹਾਂ ਵਿਚਕਾਰ ਜੰਗ ਰੁਕਣ ਦੀ ਸੰਭਾਵਨਾ ਮੁਸ਼ਕਲ ਲੱਗ ਰਹੀ ਹੈ। ਇਰਾਨ ਦੇ ਸੁਪਰੀਮ ਆਗੂ ਅਯਾਤੁੱਲਾ ਅਲੀ ਖਮੇਨੀ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਸਿਨਵਾਰ ਦੀ ਹੱਤਿਆ ਇਕ ਵੱਡਾ ਘਾਟਾ ਹੈ। ਉਨ੍ਹਾਂ ਕਿਹਾ ਕਿ ਫਲਸਤੀਨ ਦੇ ਕਈ ਕਮਾਂਡਰਾਂ ਦੇ ਮਾਰੇ ਜਾਣ ਦੇ ਬਾਵਜੂਦ ਹਮਾਸ ਜ਼ਿੰਦਾ ਹੈ ਅਤੇ ਜ਼ਿੰਦਾ ਰਹੇਗਾ। -ਏਪੀ
ਗਾਜ਼ਾ ਵਿੱਚ ਇਜ਼ਰਾਈਲ ਦੇ ਹਮਲੇ ’ਚ 50 ਹਲਾਕ
ਫਲਸਤੀਨੀ ਸਿਹਤ ਮੰਤਰਾਲੇ ਮੁਤਾਬਕ ਇਜ਼ਰਾਈਲ ਵੱਲੋਂ ਬੇਇਤ ਲਾਹੀਆ ’ਚ ਇੰਡੋਨੇਸ਼ੀਅਨ ਹਸਪਤਾਲ ਅਤੇ ਜਬਾਲੀਆ ’ਚ ਅਲ-ਅਵਦਾ ਹਸਪਤਾਲ ’ਤੇ ਹਮਲੇ ਕੀਤੇ ਗਏ ਜਿਨ੍ਹਾਂ ’ਚ ਕਈ ਵਿਅਕਤੀ ਜ਼ਖ਼ਮੀ ਹੋਏ ਹਨ। ਜਬਾਲੀਆ ’ਚ ਤਿੰਨ ਘਰਾਂ ’ਤੇ ਹੋਏ ਹਮਲਿਆਂ ’ਚ 30 ਵਿਅਕਤੀ ਮਾਰੇ ਗਏ। ਇਸੇ ਤਰ੍ਹਾਂ ਮੱਧ ਗਾਜ਼ਾ ਦੇ ਜ਼ਵਾਯਦਾ ਕਸਬੇ ’ਚ 10 ਲੋਕਾਂ ਦੀ ਮੌਤ ਹੋ ਗਈ ਜਦਕਿ ਮਗ਼ਾਜ਼ੀ ਸ਼ਰਨਾਰਥੀ ਕੈਂਪ ’ਤੇ ਹਮਲੇ ’ਚ 11 ਵਿਅਕਤੀ ਮਾਰੇ ਗਏ। -ਏਪੀ