ਯੂਕਰੇਨ ਵੱਲੋਂ ਰੂਸ ਦੇ ਇੱਕ ਹੋਰ ਹਥਿਆਰ ਡਿੱਪੂ ’ਤੇ ਡਰੋਨ ਹਮਲਾ
ਕੀਵ, 9 ਅਕਤੂਬਰ
ਯੂਕਰੇਨ ਦੀ ਸੈਨਾ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਡਰੋਨ ਨੇ ਰੂਸ ਅੰਦਰ ਇੱਕ ਹੋਰ ਅਹਿਮ ਹਥਿਆਰ ਡਿੱਪੂ ’ਤੇ ਹਮਲਾ ਕੀਤਾ ਹੈ। ਇਸ ਤੋਂ ਤਿੰਨ ਹਫ਼ਤੇ ਪਹਿਲਾਂ ਰੂਸ ਦੇ ਅਹਿਮ ਹਥਿਆਰ ਡਿੱਪੂ ’ਤੇ ਜਦਕਿ ਤਿੰਨ ਦਿਨ ਪਹਿਲਾਂ ਰੂਸ ਦੇ ਕਬਜ਼ੇ ਹੇਠਲੇ ਕ੍ਰੀਮੀਆ ’ਚ ਤੇਲ ਟਰਮੀਨਲ ’ਤੇ ਵੀ ਡਰੋਨ ਨਾਲ ਹਮਲਾ ਕੀਤਾ ਗਿਆ ਸੀ। ਯੂਕਰੇਨ ਦੇ ਜਨਰਲ ਸਟਾਫ ਨੇ ਬਿਆਨ ’ਚ ਕਿਹਾ ਕਿ ਲੰਘੀ ਰਾਤ ਦੇ ਹਮਲੇ ’ਚ ਰੂਸ ਦੇ ਬ੍ਰਾਂਸਕ ਸਰਹੱਦੀ ਖੇਤਰ ’ਚ ਇੱਕ ਹਥਿਆਰਾਂ ਦੇ ਡਿੱਪੂ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਮਿਜ਼ਾਈਲਾਂ ਤੇ ਤੋਪਖਾਨੇ ਦੇ ਹਥਿਆਰ ਰੱਖੇ ਗਏ ਸਨ। ਇਨ੍ਹਾਂ ’ਚੋਂ ਕੁਝ ਹਥਿਆਰ ਉੱਤਰੀ ਕੋਰੀਆ ਵੱਲੋਂ ਵੰਡੇ ਗਏ ਸਨ। ਉਨ੍ਹਾਂ ਦੱਸਿਆ ਕਿ ਯੂਕਰੇਨ ਦੇ ਰਿਹਾਇਸ਼ੀ ਇਲਾਕਿਆਂ ’ਤੇ ਹਮਲੇ ਕਰਨ ਵਾਲੇ ਅਤੇ ਯੂਕਰੇਨੀ ਸੈਨਾ ਦੇ ਸੁਰੱਖਿਆ ਪ੍ਰਬੰਧ ਨੂੰ ਨੁਕਸਾਨ ਪਹੁੰਚਾਉਣ ਵਾਲੇ ਅਤਿ-ਸ਼ਕਤੀਸ਼ਾਲੀ ਗਲਾਈਡ ਬੰਬ ਵੀ ਇਸੇ ਹਥਿਆਰ ਡਿੱਪੂ ’ਚ ਰੱਖੇ ਗਏ ਸਨ ਤੇ ਕੁਝ ਗੋਲਾ-ਬਾਰੂਦ ਖੁੱਲ੍ਹੇ ’ਚ ਰੱਖਿਆ ਹੋਇਆ ਸੀ। ਹਥਿਆਰਾਂ ਦਾ ਇਹ ਡਿੱਪੂ ਯੂਕਰੇਨ ਦੀ ਸਰਹੱਦ ਤੋਂ 115 ਕਿਲੋਮੀਟਰ ਦੂਰ ਸਥਿਤ ਸੀ। ਉਨ੍ਹਾਂ ਕਿਹਾ ਕਿ ਅਜਿਹੇ ਹਥਿਆਰਾਂ ਦੇ ਭੰਡਾਰ ’ਤੇ ਹਮਲਾ ਕਰਨ ਨਾਲ ਰੂਸੀ ਸੈਨਾ ਲਈ ਗੰਭੀਰ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਤੇ ਉਸ ਦੀ ਹਮਲਾਵਰ ਸਮਰੱਥਾ ਘੱਟ ਹੋ ਜਾਂਦੀ ਹੈ। -ਏਪੀ