ਰੂਸ ਵੱਲੋਂ ਯੂਕਰੇਨੀ ਸੰਸਦ ਨੇੜੇ ਡਰੋਨ ਹਮਲਾ
ਕੀਵ, 7 ਸਤੰਬਰ
ਰੂਸ ਵੱਲੋਂ ਯੂਕਰੇਨ ’ਤੇ ਬੀਤੀ ਰਾਤ 67 ਡਰੋਨ ਦਾਗ਼ੇ ਗਏ, ਜਿਸ ’ਚੋਂ 61 ਨੂੰ ਹਵਾ ’ਚ ਹੀ ਫੁੰਡ ਦਿੱਤਾ ਗਿਆ। ਯੂਕਰੇਨੀ ਹਵਾਈ ਫੌਜ ਨੇ ਕਿਹਾ ਕਿ ਦੇਸ਼ ਦੇ 11 ਖ਼ਿੱਤਿਆਂ ’ਚ ਹਵਾਈ ਰੱਖਿਆ ਪ੍ਰਣਾਲੀਆਂ ਕੰਮ ਕਰ ਰਹੀਆਂ ਹਨ, ਜਿਸ ਕਾਰਨ ਡਰੋਨ ਹਮਲੇ ਰੋਕ ਜਾ ਰਹੇ ਹਨ। ਯੂਕਰੇਨੀ ਸੰਸਦ ਵੇਰਖੋਵਨਾ ਰਾਡਾ ਦੇ ਬਾਹਰ ਸੜਕ ’ਤੇ ਇਕ ਡਰੋਨ ਦਾ ਮਲਬਾ ਮਿਲਿਆ। ਯੂਕਰੇਨੀ ਸੰਸਦ ਦੀ ਪ੍ਰੈੱਸ ਸੇਵਾ ਨੇ ਡਰੋਨ ਦੇ ਟੁੱਕੜੇ ਮਿਲਣ ਦੀ ਤਸਦੀਕ ਕਰਦਿਆਂ ਕਿਹਾ ਕਿ ਸੰਸਦ ਦੀ ਇਮਾਰਤ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਹੈ। ਉਧਰ ਕੀਵ ਨੇ ਵੀ ਰੂਸ ਖ਼ਿਲਾਫ਼ ਆਪਣੇ ਹਮਲੇ ਜਾਰੀ ਰੱਖੇ ਹੋਏ ਹਨ। ਰੂਸੀ ਸਰਹੱਦੀ ਖ਼ਿੱਤੇ ਵੋਰੋਨੇਜ਼ ਦੇ ਗਵਰਨਰ ਅਲੈਕਸਾਂਡਰ ਗੁਸੇਵ ਨੇ ਕਿਹਾ ਕਿ ਡਰੋਨ ਹਮਲੇ ਨਾਲ ਅੱਗ ਲੱਗ ਗਈ ਅਤੇ ਧਮਾਕੇ ਹੋਏ ਹਨ। ਉਨ੍ਹਾਂ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ ਕਿ ਓਸਤਰੋਗੋਜ਼ਸਕੀ ਜ਼ਿਲ੍ਹੇ ’ਚ ਐਮਰਜੈਂਸੀ ਐਲਾਨੀ ਗਈ ਹੈ ਅਤੇ ਕਈ ਪਿੰਡਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। -ਏਪੀ
ਰੂਸੀ ਹਮਲੇ ’ਚ ਮਾਰੇ ਗਏ ਲੋਕਾਂ ਨੂੰ ਦਿੱਤੀ ਸ਼ਰਧਾਂਜਲੀ
ਕੀਵ: ਰੂਸੀ ਹਵਾਈ ਹਮਲੇ ’ਚ ਮਾਰੇ ਗਏ ਲੋਕਾਂ ਦੀਆਂ ਯੂਕਰੇਨ ਦੇ ਪੂਰਬੀ ਸ਼ਹਿਰ ਪੋਲਤਾਵਾ ’ਚ ਅੰਤਿਮ ਰਸਮਾਂ ਨਿਭਾਈਆਂ ਗਈਆਂ। ਫੌਜੀ ਸਿਖਲਾਈ ਕੇਂਦਰ ’ਤੇ ਰੂਸੀ ਮਿਜ਼ਾਈਲ ਹਮਲੇ ’ਚ 55 ਵਿਅਕਤੀ ਮਾਰੇ ਗਏ ਸਨ ਅਤੇ 328 ਹੋਰ ਜ਼ਖ਼ਮੀ ਹੋਏ ਸਨ। ਲੋਕਾਂ ਨੇ ਕਬਰਿਸਤਾਨ ’ਚ ਆਪਣੇ ਸ਼ਹੀਦਾਂ ਨੂੰ ਦਫ਼ਨਾਉਣ ਸਮੇਂ ਮੌਨ ਰੱਖਿਆ। ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਇਟਲੀ ਦੇ ਸ਼ਹਿਰ ਮਿਲਾਨ ’ਚ ਕਾਨਫਰੰਸ ਦੌਰਾਨ ਕਿਹਾ ਕਿ ਯੂਕਰੇਨੀਆਂ ਨੂੰ ਰੂਸੀ ਮਿਜ਼ਾਈਲ ਅਤੇ ਡਰੋਨ ਹਮਲਿਆਂ ਦਾ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ੇਲੈਂਸਕੀ ਨੇ ਰੂਸ ’ਤੇ ਪੱਛਮੀ ਮੁਲਕਾਂ ਵੱਲੋਂ ਦਿੱਤੇ ਗਏ ਹਥਿਆਰ ਵਰਤਣ ਦੀ ਮੁੜ ਇਜਾਜ਼ਤ ਮੰਗੀ। ਉਨ੍ਹਾਂ ਕਿਹਾ ਕਿ ਯੂਕਰੇਨ ਵੱਲੋਂ ਆਪਣੇ ਹਥਿਆਰਾਂ ਦਾ ਉਤਪਾਦਨ ਵੀ ਵਧਾਇਆ ਜਾ ਰਿਹਾ ਹੈ। -ਏਪੀ