ਸਰਹੱਦ ਨੇੜਿਓਂ ਡਰੋਨ ਅਤੇ ਨਸ਼ੀਲੇ ਪਦਾਰਥ ਬਰਾਮਦ, ਇਕ ਗ੍ਰਿਫ਼ਤਾਰ
ਅੰਮ੍ਰਿਤਸਰ, 12 ਜੂਨ
ਬੀਐੱਸਐੱਫ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਕੌਮਾਂਤਰੀ ਸਰਹੱਦ ਕੋਲੋਂ ਦੋ ਪੈਕੇਟ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ, ਜੋ ਇੱਕ ਖੇਤ ਵਿੱਚ ਦੱਬੇ ਹੋਏ ਸਨ ਅਤੇ ਇੱਕ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਹੈ। ਇਸ ਸਬੰਧੀ ਬੀਐੱਸਐੱਫ ਨੇ ਪਿੰਡ ਭਰੋਪਾਲ ਦੇ ਇੱਕ ਕਿਸਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸੇ ਤਰ੍ਹਾਂ ਬੀਐਸਐਫ ਨੇ ਅੱਜ ਸਵੇਰੇ ਅੰਮ੍ਰਿਤਸਰ ਦੇ ਪਿੰਡ ਸੈਦਪੁਰ ਕਲਾਂ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਇਕ ਡਰੋਨ ਬਰਾਮਦ ਕੀਤਾ ਹੈ। ਬੀਐੱਸਐੱਫ ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ ਕਰੀਬ 7:20 ‘ਤੇ ਇੱਕ ਡਰੋਨ ਖਸਤਾ ਹਾਲਤ ਵਿੱਚ ਸੈਦਪੁਰ ਕਲਾਂ ਦੇ ਗੁਰਦੁਆਰੇ ਨੇੜਿਓਂ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤਾ ਗਿਆ ਡਰੋਨ ਡੀਜੇਆਈ ਮੈਟਰਿਸ 300 ਆਰਟੀਕੇ ਸੀਰੀਜ਼ ਦਾ ਮਾਡਲ ਕੁਆਡਕੋਪਟਰ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਬੀਐੱਸਐੱਫ ਨੇ ਪੁਲੀਸ ਨਾਲ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਤਰਨ ਤਾਰਨ ਦੇ ਪਿੰਡ ਰਾਜੋਕੇ ਤੋਂ ਇੱਕ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਸੀ। ਇਹ ਡਰੋਨ ਵੀ ਡੀਜੇਆਈ ਮੈਟਰਿਸ 300 ਆਰਟੀਕੇ ਸੀਰੀਜ਼ ਦਾ ਮਾਡਲ ਕੁਆਡਕੋਪਟਰ ਸੀ। -ਏਐੱਨਆਈ
ਅਫਗਾਨਿਸਤਾਨ ਤੋਂ ਆਏ ਟਰੱਕ ‘ਚੋਂ ਮਿਲਿਆ ਨਸ਼ੀਲਾ ਪਦਾਰਥ
ਅਟਾਰੀ (ਪੱਤਰ ਪ੍ਰੇਰਕ): ਭਾਰਤ-ਅਫਗਾਨਿਸਤਾਨ ਵਿਚਕਾਰ ਪਾਕਿਸਤਾਨ ਰਸਤੇ ਚੱਲ ਰਹੇ ਵਪਾਰ ਤਹਿਤ ਅੱਜ ਸੰਗਠਿਤ ਚੈੱਕ ਪੋਸਟ ਅਟਾਰੀ ਸਥਿਤ ਕਾਰਗੋ ਵਿੱਚ ਨਸ਼ੀਲੇ ਪਦਾਰਥ ਦਾ ਇੱਕ ਪੈਕੇਟ ਬਰਾਮਦ ਕੀਤਾ ਗਿਆ। ਜਾਣਕਾਰੀ ਅਨੁਸਾਰ ਕਾਰਗੋ ਵਿਖੇ ਇੱਕ ਪਾਕਿਸਤਾਨੀ ਟਰੱਕ ਡਰਾਈਵਰ ਮੁਹੰਮਦ ਹਯਾਤ, ਟਰੱਕ ਨੰਬਰ- ਟੀਐਮਕੇ 326, ਤਾਜ਼ੇ ਫ਼ਲ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਟਰੱਕ ਡਰਾਈਵਰ ਨੇ ਭਾਰ ਤੋਲਣ ਵਾਲੇ ਸਰਬਜੀਤ ਸਿੰਘ ਵੱਲ ਇੱਕ ਪੈਕੇਟ ਸੁੱਟਿਆ ਸੀ। ਬਾਅਦ ਵਿੱਚ ਸਰਬਜੀਤ ਸਿੰਘ ਨੇ ਸੀਮਾ ਸੁਰੱਖਿਆ ਬਲ ਅਤੇ ਕਸਟਮ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ। ਇਸ ਉਪਰੰਤ ਜਦੋਂ ਪੈਕੇਟ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ 2.88 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ।