ਸਰਹੱਦੀ ਖੇਤਰ ਵਿੱਚ ਡਰੋਨ ਦੀ ਹਲਚਲ
ਐਨਪੀ ਧਵਨ
ਪਠਾਨਕੋਟ, 27 ਨਵੰਬਰ
ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿੱਚ ਡਰੋਨ ਮੂਵਮੈਂਟ ਅਤੇ ਡਰੋਨ ਰਾਹੀਂ ਨਸ਼ਾ ਤਸਕਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਇਸ ਮਹੀਨੇ ਵਿੱਚ 4 ਵਾਰ ਪਾਕਿਸਤਾਨ ਵੱਲੋਂ ਭਾਰਤੀ ਖੇਤਰ ਵਿੱਚ ਡਰੋਨ ਆਇਆ ਜਦ ਕਿ ਡਰੋਨ ਰਾਹੀਂ 2 ਵਾਰ ਹੈਰੋਇਨ ਦੇ ਪੈਕੇਟ ਇਸ ਖੇਤਰ ਵਿੱਚ ਮਿਲਣ ਦਾ ਸੁਰਾਗ ਵੀ ਪੁਲੀਸ ਅਜੇ ਤੱਕ ਲਗਾ ਨਹੀਂ ਸਕੀ। ਉਧਰ, ਪੁਲੀਸ ਨੇ ਖੇਤਰ ਵਿੱਚ 4 ਸਥਾਨਾਂ ’ਤੇ ਅਸਾਲਟ ਨਾਕੇ ਲਗਾਉਣ ਦਾ ਦਾਅਵਾ ਕੀਤਾ ਹੈ ਜਦ ਕਿ ਬੀਐੱਸਐੱਫ ਨੇ ਵੀ ਕੌਮਾਂਤਰੀ ਸਰਹੱਦ ਨਾਲ ਲੱਗਦੀ ਪਹਾੜੀਪੁਰ ਪੋਸਟ ਵਿੱਚ ਜ਼ਿਲ੍ਹਾ ਪੁਲੀਸ ਦੇ ਸਹਿਯੋਗ ਨਾਲ ਇਸ ਖੇਤਰ ਦੇ ਵੀਡੀਸੀ (ਪੇਂਡੂ ਡਿਫੈਂਸ ਕਮੇਟੀ) ਮੈਂਬਰਾਂ ਅਤੇ ਪੰਚਾਂ-ਸਰਪੰਚਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਤੋਂ ਸਹਿਯੋਗ ਮੰਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਦਲਜਿੰਦਰ ਸਿੰਘ ਢਿਲੋਂ ਦਾ ਕਹਿਣਾ ਸੀ ਕਿ ਉਨ੍ਹਾਂ ਸਰਹੱਦੀ ਖੇਤਰ ਦੇ 4 ਅਜਿਹੇ ਪਿੰਡ ਚੁਣੇ ਹਨ, ਜਿੱਥੇ ਹਾਲ ਹੀ ਵਿੱਚ ਡਰੋਨ ਰਾਹੀਂ ਨਸ਼ਾ ਸੁੱਟਣ ਦੀ ਕਾਰਵਾਈ ਹੋਈ। ਪੁਲੀਸ ਨੇ ਤਾਸ਼, ਅਖਵਾੜਾ, ਮੰਝੀਰੀ ਅਤੇ ਮਾਖਨਪੁਰ ਪਿੰਡਾਂ ਵਿੱਚ ਟੈਂਟ ਲਗਾ ਕੇ ਆਰਜ਼ੀ ਅਸਾਲਟ ਪੋਸਟਾਂ ਬਣਾਈਆਂ ਹਨ। ਸਲੀਪਰ ਸੈੱਲਾਂ ਦੇ ਸੁਰਾਗ ਬਾਰੇ ਪੁੱਛਣ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਇਨ੍ਹਾਂ ਦੇ ਉਸੇ ਦਿਨ ਤੋਂ ਫੋਨ ਸਵਿਚ ਆਫ ਆ ਰਹੇ ਹਨ।
ਬੀਐਸਐਫ ਦੀ 121ਵੀਂ ਬਟਾਲੀਅਨ ਦੇ ਕਮਾਂਡੈਂਟ ਸੁਨੀਲ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਉਨ੍ਹਾਂ ਇਸ ਖੇਤਰ ਦੇ ਪਿੰਡਾਂ ਦੇ ਪ੍ਰਮੁੱਖ ਆਗੂਆਂ ਨਾਲ ਬੀਓਪੀ ਪਹਾੜੀਪੁਰ ਵਿੱਚ ਡੀਐੱਸਪੀ ਸੁਖਜਿੰਦਰ ਸਿੰਘ ਦੀ ਹਾਜ਼ਰੀ ਵਿੱਚ ਮੀਟਿੰਗ ਕੀਤੀ ਹੈ। ਉਨ੍ਹਾਂ ਹਾਲ ਹੀ ਵਿੱਚ ਡਰੋਨ ਦੀ ਹਲਚਲ ਬਾਰੇ ਸੂਚਨਾ ਦੇਣ ਵਾਲੇ ਸਰਪੰਚਾਂ ਅਤੇ ਲੋਕਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਉਨ੍ਹਾਂ ਮਾਖਨਪੁਰ ਦੇ ਸਰਪੰਚ ਤੇ ਵੀਡੀਸੀ ਮੈਂਬਰ ਮੰਗਾ ਰਾਮ, ਅਖਵਾੜਾ ਦੇ ਸਰਪੰਚ ਕਾਬਲ ਸਿੰਘ ਅਤੇ ਇੱਕ ਹੋਰ ਵੀਡੀਸੀ ਮੈਂਬਰ ਗੁਰਮੇਜ਼ ਸਿੰਘ ਨੂੰ ਮੌਕੇ ਤੇ ਸੂਚਨਾ ਦੇਣ ਲਈ ਸਨਮਾਨਿਤ ਵੀ ਕੀਤਾ।