New Orleans truck attack: ISIS ਦਾ ਝੰਡਾ ਲਹਿਰਾਉਂਦੇ ਡਰਾਈਵਰ ਨੇ ਭੀੜ ’ਤੇ ਚੜ੍ਹਾਇਆ ਟਰੱਕ, 15 ਦੀ ਮੌਤ
ਨਿਊ ਓਰਲੀਨਜ਼, 2 ਜਨਵਰੀ
New Orleans truck attack: ਅਮਰੀਕੀ ਫ਼ੌਜ ਦੇ ਇਕ ਸਾਬਕਾ ਫੌਜੀ ਨੇ ਆਪਣੇ ਟਰੱਕ ਉਤੇ ISIS ਦਾ ਝੰਡਾ ਲਾਹਿਰਾਉਂਦੇ ਹੋਏ ਨਵੇਂ ਸਾਲ ਦੇ ਦਿਨ ਨਿਊ ਓਰਲੀਨਜ਼ ਦੇ ਭੀੜ-ਭੜੱਕੇ ਵਾਲੇ ਫ੍ਰੈਂਚ ਕੁਆਰਟਰ ਵਿੱਚ ਲੋਕਾਂ ਨੂੰ ਜਬਰਦਸਤ ਟੱਕਰ ਮਾਰ ਦਿੱਤੀ। ਇਸ ਕਾਰਨ ਇਸ ਹਮਲੇ ਵਿੱਚ 15 ਵਿਅਕਤੀਆਂ ਦੀ ਮੌਤ ਹੋ ਗਈ। ਇਸ ਮਾਮਲੇ ਦੀ ਮੁਢਲੀ ਜਾਂਚ ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਇਹ ਹਮਲਾ ਦੂਜਿਆਂ ਦੀ ਮਦਦ ਨਾਲ ਕੀਤਾ ਗਿਆ ਹੋ ਸਕਦਾ ਹੈ ।
ਘਟਨਾ ਤੋਂ ਬਾਅਦ ਪੁਲੀਸ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ ਮਾਰੇ ਗਏ ਸ਼ੱਕੀ ਦੀ ਪਛਾਣ ਸ਼ਮਸੂਦ-ਦੀਨ ਜੱਬਾਰ (42) ਵਜੋਂ ਹੋਈ ਹੈ, ਜੋ ਟੈਕਸਸ ਦਾ ਇੱਕ ਅਮਰੀਕੀ ਨਾਗਰਿਕ ਸੀ ਅਤੇ ਕਿਸੇ ਸਮੇਂ ਅਫਗਾਨਿਸਤਾਨ ਵਿੱਚ ਸੇਵਾ ਕਰਦਾ ਸੀ। ਹਮਲੇ ’ਚ ਸ਼ੱਕੀ ਦੀ ਗੋਲੀ ਨਾਲ ਜ਼ਖਮੀ ਹੋਏ ਦੋ ਪੁਲੀਸ ਅਧਿਕਾਰੀਆਂ ਸਮੇਤ ਕਰੀਬ 30 ਵਿਅਕਤੀ ਜ਼ਖਮੀ ਹੋ ਗਏ।
ਐਫਬੀਆਈ ਨੇ ਕਿਹਾ ਕਿ ਪੁਲੀਸ ਨੂੰ ਵਾਹਨ ਵਿੱਚ ਹਥਿਆਰ ਅਤੇ ਇੱਕ ਸੰਭਾਵੀ ਵਿਸਫੋਟਕ ਯੰਤਰ ਮਿਲਿਆ ਹੈ, ਜਦੋਂ ਕਿ ਦੋ ਸੰਭਾਵੀ ਵਿਸਫੋਟਕ ਯੰਤਰ ਫ੍ਰੈਂਚ ਕੁਆਰਟਰ ਵਿੱਚ ਮਿਲੇ ਹਨ ਅਤੇ ਸੁਰੱਖਿਅਤ ਹਨ। ਖ਼ਤਰੇ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਨਵੇਂ ਸਾਲ ਮੌਕੇ ਖੇਡੀ ਜਾਣ ਵਾਲੀ ਗੇਮ ਸ਼ੂਗਰ ਬਾਊਲ ਨੂੰ ਮੁਲਤਵੀ ਕਰ ਦਿੱਤਾ। ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਨੇ ਕਿਹਾ ਕਿ ਅੱਤਵਾਦੀ ਸੰਗਠਨਾਂ ਨਾਲ ਸੰਭਾਵਿਤ ਸਬੰਧਾਂ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਐਫਬੀਆਈ ਅਸਿਸਟੈਂਟ ਸਪੈਸ਼ਲ ਏਜੰਟ ਇੰਚਾਰਜ ਅਲੇਥੀਆ ਡੰਕਨ ਨੇ ਪੱਤਰਕਾਰਾਂ ਨੂੰ ਕਿਹਾ, "ਅਸੀਂ ਇਹ ਨਹੀਂ ਮੰਨਦੇ ਕਿ ਜੱਬਾਰ ਇਕੱਲਾ ਹੀ ਜ਼ਿੰਮੇਵਾਰ ਸੀ। ਅਸੀਂ ਹਮਲਾਵਰ ਤੌਰ ’ਤੇ ਉਸ ਦੇ ਜਾਣੇ-ਪਛਾਣੇ ਸਾਥੀਆਂ ਸਮੇਤ ਹਰ ਲੀਡ ਨੂੰ ਖਤਮ ਕਰ ਰਹੇ ਹਾਂ।"
ਇਹ ਵੀ ਪੜ੍ਹੋ:
Las Vegasਦੇ Trump Hotel ਦੇ ਬਾਹਰ ਧਮਾਕਾ, ਇੱਕ ਦੀ ਮੌਤ
ਕੀ ਅਮਰੀਕਾ ਕੈਨੇਡਾ ਨੂੰ ਆਪਣੇ ਅਧੀਨ ਕਰ ਲਵੇਗਾ?
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਹਮਲੇ ਨਿੰਦਾ ਕੀਤੀ ਅਤੇ ਕਿਹਾ ਕਿ ਜਾਂਚਕਰਤਾ ਇਸ ਗੱਲ ਦੀ ਤਫ਼ਤੀਸ਼ ਕਰ ਰਹੇ ਹਨ ਕਿ ਕੀ ਲਾਸ ਵੇਗਾਸ ਵਿੱਚ ਟਰੰਪ ਹੋਟਲ ਦੇ ਬਾਹਰ ਟੇਸਲਾ ਟਰੱਕ ਵਿਚ ਹੋਏ ਧਮਾਕੇ ਨਾਲ ਇਸ ਘਟਨਾ ਦਾ ਕੋਈ ਸਬੰਧ ਹੋ ਸਕਦਾ ਹੈ। ਹਲਾਂਕਿ ਦੋਵਾਂ ਘਟਨਾਵਾਂ ਨੂੰ ਜੋੜਨ ਵਾਲਾ ਕੋਈ ਸਬੂਤ ਨਹੀਂ ਹੈ।
ਬਾਇਡਨ ਨੇ ਨਿਊ ਓਰਲੀਨਜ਼ ਦੇ ਸ਼ੱਕੀ ਬਾਰੇ ਕਿਹਾ ਕਿ ਐਫਬੀਆਈ ਨੇ ਮੈਨੂੰ ਇਹ ਵੀ ਦੱਸਿਆ ਸੀ ਕਿ ਹਮਲੇ ਤੋਂ ਕੁਝ ਘੰਟੇ ਪਹਿਲਾਂ ਉਸ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਪੋਸਟ ਕੀਤੇ ਸਨ ਜੋ ਇਹ ਦਰਸਾਉਂਦੇ ਹਨ ਕਿ ਉਹ ਆਈਐਸਆਈਐਸ ਤੋਂ ਪ੍ਰੇਰਿਤ ਹੈ। -ਰਾਈਟਰਜ਼