ਡਰਾਈਵਰ ਹੱਤਿਆ ਕਾਂਡ: ਮੰਗਾਂ ਮੰਨੇ ਜਾਣ ਤੋਂ ਬਾਅਦ ਰੋਡਵੇਜ਼ ਦੀ ਹੜਤਾਲ ਖ਼ਤਮ

ਰਤਨ ਸਿੰਘ ਢਿੱਲੋਂ
ਅੰਬਾਲਾ, 15 ਨਵੰਬਰ
ਦੀਵਾਲੀ ਵਾਲੀ ਰਾਤ ਅੰਬਾਲਾ ਕੈਂਟ ਬੱਸ ਦੇ ਸਟੈਂਡ ’ਤੇ ਡਿਊਟੀ ਕਰ ਰਹੇ ਸੋਨੀਪਤ ਦੇ ਵਸਨੀਕ ਡਰਾਈਵਰ ਰਾਜਵੀਰ ਦੀ ਹੋਈ ਹੱਤਿਆ ਦੇ ਮਾਮਲੇ ਵਿੱਚ ਹਰਿਆਣਾ ਰੋਡਵੇਜ਼ ਯੂਨੀਅਨ ਦੀ ਟਰਾਂਸਪੋਰਟ ਮੰਤਰੀ ਮੂਲ ਚੰਦ ਸ਼ਰਮਾ ਨਾਲ ਅੱਜ ਸ਼ਾਮ ਚੰਡੀਗੜ੍ਹ ਵਿੱਚ ਤਿੰਨ ਵਾਰ ਹੋਈ ਮੀਟਿੰਗ ਤੋਂ ਬਾਅਦ ਯੂਨੀਅਨ ਦੀਆਂ ਤਿੰਨੋਂ ਮੰਗਾਂ ’ਤੇ ਸਹਿਮਤੀ ਬਣ ਗਈ। ਸਮਝੌਤੇ ਅਨੁਸਾਰ ਸਰਕਾਰ ਮ੍ਰਿਤਕ ਰਾਜਵੀਰ ਦੇ ਪਰਿਵਾਰ ਨੂੰ 15 ਲੱਖ ਰੁਪਏ ਮੁਆਵਜ਼ਾ, ਗਰੁੱਪ ‘ਸੀ’ ਵਿਚ ਮਕੈਨੀਕਲ ਦੀ ਨੌਕਰੀ ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਸ਼ਹੀਦ ਦਾ ਦਰਜਾ ਦੇਵੇਗੀ। ਮੰਗਾਂ ’ਤੇ ਸਹਿਮਤੀ ਬਣਨ ਤੋਂ ਬਾਅਦ ਰੋਡਵੇਜ਼ ਯੂਨੀਅਨ ਨੇ ਬੱਸਾਂ ਚਲਾਉਣ ਦਾ ਫੈਸਲਾ ਲਿਆ।
ਇਸ ਤੋਂ ਪਹਿਲਾਂ ਮੰਗਾਂ ਨੂੰ ਲੈ ਕੇ ਕੱਲ੍ਹ ਰੋਡਵੇਜ਼ ਯੂਨੀਅਨ ਦੀ ਡੀਸੀ ਅੰਬਾਲਾ ਨਾਲ ਹੋਈ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਦਿੱਤੇ ਅਲਟੀਮੇਟਮ ਅਨੁਸਾਰ ਹਰਿਆਣਾ ਰੋਡਵੇਜ਼ ਯੂਨੀਅਨ ਨੇ ਲੰਘੀ ਰਾਤ 12 ਵਜੇ ਤੋਂ ਹਰਿਆਣਾ ਵਿੱਚ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ। ਇਸ ਹੜਤਾਲ ਕਾਰਨ ਮੁਸਾਫ਼ਰਾਂ ਨੂੰ ਵੱਡੀ ਪ੍ਰੇਸ਼ਾਨੀ ਝੱਲਣੀ ਪਈ ਹੈ। ਯੂਨੀਅਨ ਡਰਾਈਵਰ ਰਾਜਵੀਰ ਨੂੰ ਸ਼ਹੀਦ ਦਾ ਦਰਜਾ ਦੇਣ, ਮ੍ਰਿਤਕ ਦੇ ਆਸ਼ਰਿਤਾਂ ਨੂੰ 50 ਲੱਖ ਰੁਪਏ ਮੁਆਵਜ਼ਾ ਦੇਣ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਗਰੁੱਪ ‘ਸੀ’ ਦੀ ਸਰਕਾਰੀ ਨੌਕਰੀ ਦੇਣ ਦੀ ਮੰਗ ’ਤੇ ਅੜੀ ਰਹੀ। ਮੰਗਲਵਾਰ ਨੂੰ ਅੰਬਾਲਾ ਦੇ ਡੀਸੀ ਡਾ. ਸ਼ਾਲੀਨ ਨਾਲ ਗੱਲਬਾਤ ਬੇਸਿੱਟਾ ਰਹਿਣ ਤੋਂ ਬਾਅਦ ਸਾਂਝਾ ਮੋਰਚਾ ਵੱਲੋਂ ਰਾਤ 12 ਵਜੇ ਤੋਂ ਸੂਬੇ ਵਿੱਚ ਚੱਕਾ ਜਾਮ ਕਰ ਦਿੱਤਾ ਗਿਆ। ਉਪਰੰਤ ਹਰਿਆਣਾ ਦੇ ਟਰਾਂਸਪੋਰਟ ਮੰਤਰੀ ਮੂਲ ਚੰਦ ਸ਼ਰਮਾ ਨੇ ਡਰਾਈਵਰ ਦੀ ਮੌਤ ’ਤੇ ਦੁੱਖ ਪ੍ਰਗਟਾ ਕਰਦਿਆਂ ਕਿਹਾ ਕਿ ਹੱਤਿਆ ਲਈ ਤਿੰਨ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਸਬੰਧ ਵਿੱਚ ਅੱਜ ਮੰਤਰੀ ਨੇ ਯੂਨੀਅਨ ਨਾਲ ਇਕ ਮੀਟਿੰਗ ਵੀ ਸੱਦੀ ਸੀ। ਹਰਿਆਣਾ ਤੋਂ ਬਾਅਦ ਪੰਜਾਬ ਰੋਡਵੇਜ਼ ਯੂਨੀਅਨ ਨੇ ਵੀ ਐਲਾਨ ਕਰ ਦਿੱਤਾ ਕਿ ਮਸਲਾ ਹੱਲ ਨਾ ਹੋਣ ’ਤੇ ਵੀਰਵਾਰ ਤੋਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਹਰਿਆਣਾ ਵਿੱਚ ਦਾਖਲ ਨਹੀਂ ਹੋਣਗੀਆਂ। ਦੂਜੇ ਪਾਸੇ ਮ੍ਰਿਤਕ ਡਰਾਈਵਰ ਦੇ ਸਕੇ ਸਬੰਧੀ ਸੋਮਵਾਰ ਰਾਤ ਤੋਂ ਅੰਬਾਲਾ ਕੈਂਟ ਦੇ ਬੱਸ ਸਟੈਂਡ ’ਚ ਡਰਾਈਵਰ ਦੀ ਲਾਸ਼ ਰੱਖ ਕੇ ਧਰਨੇ ’ਤੇ ਬੈਠੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੰਗਾਂ ਮੰਨੀਆਂ ਜਾਣ ਤੋਂ ਬਾਅਦ ਹੀ ਉਹ ਇੱਥੋਂ ਲਾਸ਼ ਉਠਾ ਕੇ ਅੰਤਿਮ ਸੰਸਕਾਰ ਕਰਨਗੇ। ਇਸ ਮਾਮਲੇ ਵਿਚ ਥਾਣਾ ਪੜਾਓ ਦੀ ਪੁਲੀਸ ਨੇ ਮੁਲਜ਼ਮਾਂ ਮਨੀਸ਼, ਜਤਿਨ ਅਤੇ ਧੀਰਜ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਤਿੰਨੋਂ ਅੰਬਾਲਾ ਕੈਂਟ ਦੇ ਤੋਪਖ਼ਾਨਾ ਬਾਜ਼ਾਰ ਦੇ ਰਹਿਣ ਵਾਲੇ ਹਨ। ਮੁਲਜ਼ਮਾਂ ਨੇ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ਵਿੱਚ ਰਾਜਵੀਰ ਦੇ ਮੂੰਹ ’ਤੇ ਮੁੱਕੇ ਮਾਰੇ ਸਨ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ ਸੀ।