ਡਰਾਈਵਰ ਹੱਤਿਆ ਕਾਂਡ: ਮੰਗਾਂ ਮੰਨੇ ਜਾਣ ਤੋਂ ਬਾਅਦ ਰੋਡਵੇਜ਼ ਦੀ ਹੜਤਾਲ ਖ਼ਤਮ
ਦਵਿੰਦਰ ਸਿੰਘ
ਯਮੁਨਾਨਗਰ, 15 ਨਵੰਬਰ
ਦੀਵਾਲੀ ਵਾਲੀ ਰਾਤ ਅੰਬਾਲਾ ਕੈਂਟ ਬੱਸ ਦੇ ਸਟੈਂਡ ’ਤੇ ਡਿਊਟੀ ਕਰ ਰਹੇ ਸੋਨੀਪਤ ਦੇ ਵਸਨੀਕ ਡਰਾਈਵਰ ਰਾਜਵੀਰ ਦੀ ਹੋਈ ਹੱਤਿਆ ਦੇ ਮਾਮਲੇ ਵਿੱਚ ਹਰਿਆਣਾ ਰੋਡਵੇਜ਼ ਯੂਨੀਅਨ ਦੀ ਟਰਾਂਸਪੋਰਟ ਮੰਤਰੀ ਮੂਲ ਚੰਦ ਸ਼ਰਮਾ ਨਾਲ ਅੱਜ ਸ਼ਾਮ ਚੰਡੀਗੜ੍ਹ ਵਿੱਚ ਤਿੰਨ ਵਾਰ ਹੋਈ ਮੀਟਿੰਗ ਤੋਂ ਬਾਅਦ ਯੂਨੀਅਨ ਦੀਆਂ ਤਿੰਨੋਂ ਮੰਗਾਂ ’ਤੇ ਸਹਿਮਤੀ ਬਣ ਗਈ ਹੈ। ਮੰਗਾਂ ’ਤੇ ਸਹਿਮਤੀ ਬਣਨ ਤੋਂ ਬਾਅਦ ਰੋਡਵੇਜ਼ ਯੂਨੀਅਨ ਨੇ ਬੱਸਾਂ ਚਲਾਉਣ ਦਾ ਫੈਸਲਾ ਲਿਆ।
ਇਸ ਤੋਂ ਪਹਿਲਾਂ ਯਮੁਨਾਨਗਰ ਰੋਡਵੇਜ਼ ਕਰਮਚਾਰੀ ਬੱਸ ਸਟੈਂਡ ’ਚ ਹੜਤਾਲ ’ਤੇ ਬੈਠੇ ਸਨ। ਉਨ੍ਹਾਂ ਮੰਗ ਕੀਤੀ ਸੀ ਕਿ ਕਤਲ ਕਰਨ ਵਾਲੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਮ੍ਰਿਤਕ ਦੇ ਪਰਿਵਾਰ ਨੂੰ 50 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਯੂਨਾਈਟਿਡ ਫਰੰਟ ਰੋਡਵੇਜ਼ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਕੰਬੋਜ ਨੇ ਦੱਸਿਆ ਕਿ ਦੀਵਾਲੀ ਦੀ ਰਾਤ ਅੰਬਾਲਾ ਅੱਡੇ ’ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਬੱਸ ਡਰਾਈਵਰ ਰਾਜਵੀਰ ਦਾ ਕਤਲ ਕਰ ਦਿੱਤਾ ਸੀ।
ਤਿੰਨ ਦਿਨ ਤੋਂ ਵੱਧ ਸਮਾਂ ਬੀਤ ਗਿਆ ਹੈ ਪਰ ਪੁਲੀਸ ਅਜੇ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਸਾਨੂੰ ਦੁੱਖ ਹੈ ਕਿ ਅੱਜ ਭਾਈ ਦੂਜ ਦੇ ਤਿਉਹਾਰ ਮੌਕੇ ਸਾਨੂੰ ਇਹ ਕਦਮ ਚੁੱਕਣਾ ਪਿਆ। ਯਮੁਨਾਨਗਰ ਡਿੱਪੂ ਦੇ ਟਰੈਫਿਕ ਮੈਨੇਜਰ ਸੰਜੈ ਰਾਵਤ ਨੇ ਦੱਸਿਆ ਕਿ ਹਰ ਰੋਜ਼ 160 ਰੂਟਾਂ ’ਤੇ ਬੱਸਾਂ ਚੱਲਦੀਆਂ ਹਨ, ਜਿਨ੍ਹਾਂ ਨੂੰ ਯੂਨੀਅਨ ਦੀ ਹੜਤਾਲ ਕਾਰਨ ਅੱਜ ਸਵੇਰ ਤੋਂ ਚੱਲਣ ਨਹੀਂ ਦਿੱਤਾ ਗਿਆ। ਹੜਤਾਲ ਕਾਰਨ ਭਾਈ ਦੂਜ ਦੇ ਮੌਕੇ ਅੱਜ ਸਵੇਰੇ ਜਦੋਂ ਸਵਾਰੀਆਂ ਬੱਸ ਸਟੈਂਡ ਪਹੁੰਚੀਆਂ ਤਾਂ ਉਨ੍ਹਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ।
ਰੋਡਵੇਜ਼ ਮੁਲਾਜ਼ਮਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਨਰਾਇਣਗੜ੍ਹ (ਫਰਿੰਦਰ ਪਾਲ ਗੁਲਿਆਣੀ): ਨਰਾਇਣਗੜ੍ਹ ’ਚ ਹਰਿਆਣਾ ਰੋਡਵੇਜ਼ ਦੇ ਮੁਲਾਜ਼ਮਾਂ ਨੇ ਬੱਸਾਂ ਦਾ ਪੂਰੀ ਤਰ੍ਹਾਂ ਚੱਕਾ ਜਾਮ ਰੱਖਿਆ ਅਤੇ ਬੱਸ ਸਟੈਂਡ ’ਚ ਧਰਨਾ ਦੇ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਅੰਬਾਲਾ ’ਚ ਰੋਡਵੇਜ਼ ਕਰਮਚਾਰੀ ਦੀ ਹੱਤਿਆ ਤੋਂ ਬਾਅਦ ਸਾਂਝਾ ਮੋਰਚਾ ਦੇ ਸੱਦੇ ’ਤੇ ਅੱਜ ਧਰਨੇ ਦਿੱਤੇ ਗਏ। ਨਰਾਇਣਗੜ੍ਹ ਸਬ-ਡਿੱਪੂ ਵਿੱਚ ਹਰਿਆਣਾ ਰੋਡਵੇਜ਼ ਦੀਆਂ ਸਾਰੀਆਂ ਬੱਸਾਂ ਵਰਕਸ਼ਾਪ ਵਿੱਚ ਖੜ੍ਹੀਆਂ ਰਹੀਆਂ ਅਤੇ ਤਿਉਹਾਰਾਂ ਦੇ ਮੱਦੇਨਜ਼ਰ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅਜਾਇਬ ਸਿੰਘ ਯੂਨੀਅਨ ਆਗੂ ਨੇ ਦੱਸਿਆ ਕਿ ਸਾਡੀ ਮੰਗ ਹੈ ਕਿ ਮੁਲਾਜ਼ਮ ਰਾਜਬੀਰ ਸਿੰਘ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ, ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਅਤੇ 50 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਸਾਂਝੇ ਮੋਰਚੇ ਦੀ ਅਗਲੀ ਸੂਚਨਾ ਤੱਕ ਇਹ ਚੱਕਾ ਜਾਮ ਰਹੇਗਾ। ਯੂਨੀਅਨ ਆਗੂ ਰਾਜੀਵ ਨੇ ਕਿਹਾ ਕਿ ਸਰਕਾਰ ਇਸ ਮਾਮਲੇ ’ਤੇ ਸਾਡੇ ਨਾਲ ਜਲਦੀ ਤੋਂ ਜਲਦੀ ਗੱਲਬਾਤ ਕਰੇ ਤੇ ਉਨ੍ਹਾਂ ਦੀ ਮੰਗ ਨੂੰ ਜਲਦੀ ਪੂਰਾ ਕੀਤਾ ਜਾਵੇ।