ਡਰਾਈਵਰ ਹੱਤਿਆ ਕਾਂਡ: ਤਿੰਨੋਂ ਮੁਲਜ਼ਮਾਂ ਦਾ ਦੋ ਦਿਨ ਦਾ ਪੁਲੀਸ ਰਿਮਾਂਡ
ਰਤਨ ਸਿੰਘ ਢਿੱਲੋਂ
ਅੰਬਾਲਾ, 16 ਨਵੰਬਰ
ਦੀਵਾਲੀ ਵਾਲੀ ਰਾਤ ਅੰਬਾਲਾ ਕੈਂਟ ਬੱਸ ਸਟੈਂਡ ਵਿੱਚ ਪਾਰਕਿੰਗ ਦੀ ਡਿਊਟੀ ਦੇ ਰਹੇ ਸੋਨੀਪਤ ਦੇ ਵਸਨੀਕ ਹਰਿਆਣਾ ਰੋਡਵੇਜ਼ ਦੇ ਡਰਾਈਵਰ ਰਾਜਵੀਰ ਦੀ ਹੱਤਿਆ ਦੇ ਮਾਮਲੇ ਵਿੱਚ ਪੜਾਓ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਅੰਬਾਲਾ ਕੈਂਟ ਦੇ ਤੋਪਖਾਨਾ ਪਰੇਡ ਦੇ ਵਸਨੀਕ ਜਤਿਨ ਕੁਮਾਰ, ਧੀਰਜ ਅਤੇ ਮਾਨਵ ਦਾ ਅੱਜ ਅਦਾਲਤ ਨੇ ਦੋ ਦਿਨ ਦਾ ਪੁਲੀਸ ਰਿਮਾਂਡ ਮਨਜ਼ੂਰ ਕੀਤਾ ਹੈ। ਉੱਧਰ, ਬੁੱਧਵਾਰ ਸ਼ਾਮ ਨੂੰ ਚੰਡੀਗੜ੍ਹ ਵਿੱਚ ਟਰਾਂਸਪੋਰਟ ਮੰਤਰੀ ਮੂਲ ਚੰਦ ਸ਼ਰਮਾ ਨਾਲ ਤਿੰਨ ਗੇੜਾਂ ਵਿੱਚ ਹੋਈ ਗੱਲਬਾਤ ਦੌਰਾਨ ਬਣੀ ਸਹਿਮਤੀ ਤੋਂ ਬਾਅਦ ਪਰਿਵਾਰ ਵਾਲੇ ਲਾਸ਼ ਚੁੱਕ ਕੇ ਲੈ ਗਏ ਅਤੇ ਅੱਜ ਸੋਨੀਪਤ ਵਿੱਚ ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪੁਲੀਸ ਨੇ ਮ੍ਰਿਤਕ ਡਰਾਈਵਰ ਰਾਜਵੀਰ ਦੇ ਪੁੱਤਰ ਅਮਿਤ ਦੀ ਸ਼ਿਕਾਇਤ ’ਤੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਅਤੇ ਕੁੱਟਮਾਰ ਕਰ ਕੇ ਹੱਤਿਆ ਕਰਨ ਸਬੰਧੀ (ਧਾਰਾ 186/302/332/34 ਅਤੇ 353) ਤਹਿਤ ਕੇਸ ਦਰਜ ਕਰਨ ਤੋਂ ਬਾਅਦ ਤਿੰਨੋਂ ਮੁਲਜ਼ਮਾਂ ਨੂੰ ਕਾਬੂ ਕੀਤਾ ਸੀ। ਮੁਲਜ਼ਮਾਂ ਨੇ ਪਾਰਕਿੰਗ ਵਿਵਾਦ ਵਿੱਚ ਰਾਜਵੀਰ ਦੇ ਮੂੰਹ ’ਤੇ ਮੁੱਕੇ ਮਾਰੇ ਸਨ, ਜਿਸ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ, ਸੈਕਟਰ-32 ਵਿੱਚ ਲਜਿਾਇਆ ਗਿਆ ਸੀ ਜਿੱਥੇ ਉਸ ਦੀ ਮੌਤ ਹੋ ਗਈ ਸੀ। ਰਿਮਾਂਡ ਦੌਰਾਨ ਪੁਲੀਸ ਨੇ ਵਾਰਦਾਤ ਵਿੱਚ ਵਰਤੀ ਕਾਰ ਬਰਾਮਦ ਕਰਨੀ ਹੈ। ਮੁੱਢਲੀ ਪੁੱਛਗਿਛ ਵਿੱਚ ਪਤਾ ਲੱਗਾ ਹੈ ਕਿ ਮੁਲਜ਼ਮ ਜਤਿਨ ਤੋਪਖਾਨਾ ਵਿੱਚ ਹੀ ਵਾਹਨਾਂ ਦੀ ਇਕ ਕੰਪਨੀ ਵਿੱਚ ਕੰਮ ਕਰਦਾ ਹੈ ਜਦੋਂ ਕਿ ਮਨੀਸ਼ ਅਤੇ ਧੀਰਜ ਦੀ ਨਾਈ ਦੀ ਦੁਕਾਨ ਹੈ। ਮਨੀਸ਼ ’ਤੇ ਪਹਿਲਾਂ ਵੀ ਕੁੱਟਮਾਰ ਕਰਨ ਦਾ ਕੇਸ ਦਰਜ ਹੈ।
ਦੱਸ ਦੇਈਏ ਕਿ ਡਰਾਈਵਰ ਰਾਜਵੀਰ ਦੀ ਹੱਤਿਆ ਤੋਂ ਬਾਅਦ ਪਰਿਵਾਰ ਵਾਲੇ ਅਤੇ ਰੋਡਵੇਜ਼ ਯੂਨੀਅਨ ਦੇ ਵਰਕਰ ਅੰਬਾਲਾ ਕੈਂਟ ਬੱਸ ਸਟੈਂਡ ’ਤੇ ਲਾਸ਼ ਲੱਖ ਕੇ ਧਰਨੇ ’ਤੇ ਬੈਠ ਗਏ ਸਨ ਅਤੇ ਸਰਕਾਰ ਕੋਲੋਂ 50 ਲੱਖ ਰੁਪਏ ਮੁਆਵਜ਼ਾ, ਸ਼ਹੀਦ ਦਾ ਦਰਜਾ ਤੇ ਗਰੁੱਪ ‘ਸੀ’ ਵਿੱਚ ਨੌਕਰੀ ਦੀ ਮੰਗ ’ਤੇ ਅੜੇ ਹੋਏ ਸਨ, ਜਿਸ ਲਈ ਕੱਲ੍ਹ ਸੂਬੇ ਵਿੱਚ ਬੱਸਾਂ ਦਾ ਚੱਕਾ ਵੀ ਜਾਮ ਕੀਤਾ ਗਿਆ ਸੀ।