ਸੜਕ ਹਾਦਸੇ ਵਿੱਚ ਡਰਾਈਵਰ ਹਲਾਕ
ਜਗਮੋਹਨ ਸਿੰਘ
ਘਨੌਲੀ, 30 ਦਸੰਬਰ
ਇੱਥੇ ਅੱਜ ਸਵੇਰੇ ਲਗਭਗ 6.30 ਵਜੇ ਅਨਾਜ ਮੰਡੀ ਵਾਪਰੇ ਸੜਕ ਹਾਦਸੇ ਦੌਰਾਨ ਤੇਜ਼ ਰਫਤਾਰ ਆਰਟਿਗਾ ਕਾਰ ਨੇ ਸੜਕ ਕਿਨਾਰੇ ਖੜ੍ਹੇ ਟਰੱਕ ਡਰਾਈਵਰ ਦੀ ਜਾਨ ਲੈ ਲਈ। ਪ੍ਰਾਪਤ ਜਾਣਕਾਰੀ ਮੁਤਾਬਿਕ ਟਰੱਕ ਡਰਾਇਵਰ ਬਲਵਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਲੋਹਗੜ੍ਹ ਫਿੱਡੇ ਅਨਾਜ ਮੰਡੀ ਘਨੌਲੀ ਸਾਹਮਣੇ ਸਪੇਅਰ ਪਾਰਟ ਦੀ ਦੁਕਾਨ ਮੂਹਰੇ ਖੜ੍ਹ ਕੇ ਆਪਣੇ ਟਰੱਕ ਵਿੱਚੋਂ ਸੀਮਿੰਟ ਉਤਾਰਨ ਲਈ ਮਜ਼ਦੂਰਾਂ ਨੂੰ ਉਡੀਕ ਰਿਹਾ ਸੀ। ਇਸ ਦੌਰਾਨ ਰੂਪਨਗਰ ਵਾਲੇ ਪਾਸਿਓਂ ਆਈ ਤੇਜ਼ ਰਫਤਾਰ ਆਰਟਿਗਾ ਕਾਰ ਨੈਸ਼ਨਲ ਹਾਈਵੇਅ ਅਥਾਰਿਟੀ ਦੁਆਰਾ ਗੱਡੀ ਬੁਰਜੀ ਨੂੰ ਉਖਾੜਨ ਉਪਰੰਤ ਡਰਾਇਵਰ ਬਲਵਿੰਦਰ ਸਿੰਘ ਨੂੰ ਕਾਫੀ ਦੂਰ ਤੱਕ ਘੜੀਸਦੀ ਹੋਈ ਲੈ ਗਈ ਅਤੇ ਕਾਰ ਇੱਕ ਦਰੱਖਤ ਨਾਲ ਟਕਰਾ ਗਈ।
ਬਲਵਿੰਦਰ ਸਿੰਘ ਦੀ ਦਰੱਖਤ ਅਤੇ ਕਾਰ ਵਿਚਾਲੇ ਆਉਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਉਪਰੰਤ ਕਾਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲੀਸ ਚੌਕੀ ਘਨੌਲੀ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੂਪਨਗਰ ਦੇ ਮੁਰਦਾਘਰ ਵਿੱਚ ਪਹੁੰਚਾਉਣ ਉਪਰੰਤ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਫਰਾਰ ਹੋਏ ਕਾਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਘਟਨਾ ਸਥਾਨ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਾਰ ਵਿੱਚ ਕਾਫੀ ਮਹਿੰਗੀ ਸ਼ਰਾਬ ਦੀਆਂ ਬੋਤਲਾਂ ਤੋਂ ਇਲਾਵਾ ਡਰਾਇਵਰ ਸੀਟ ’ਤੇ ਭੁਜੀਆ ਤੇ ਹੋਰ ਖਾਣ-ਪੀਣ ਦੇ ਸਾਮਾਨ ਤੋਂ ਇਲਾਵਾ ਖਾਰਾ ਅਤੇ ਗਲਾਸ ਵਗੈਰਾ ਵੀ ਪਏ ਸਨ, ਜਿਸ ਤੋਂ ਕਾਰ ਚਾਲਕ ਦੇ ਨਸ਼ੇ ਵਿੱਚ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।