ਪੰਜਾਬ ਤੋਂ ਬਾਹਰਲਿਆਂ ਨੂੰ ਭਜਾਓ ਅੰਦਰਲਿਆਂ ਨੂੰ ਜਿਤਾਓ: ਸੁਖਬੀਰ
ਸਰਬਜੀਤ ਭੰਗੂ /ਮੁਖਤਿਆਰ ਸਿੰਘ ਨੌਗਾਵਾਂ
ਪਟਿਆਲਾ /ਦੇਵੀਗੜ੍ਹ, 3 ਅਪਰੈਲ
ਜਦੋਂ ਤੋਂ ਪੰਜਾਬ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਰਾਜ ਆਇਆ ਹੈ ਉਦੋਂ ਤੋਂ ਇਨ੍ਹਾਂ ਪਾਰਟੀਆਂ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਇਸ ਲਈ ਪੰਜਾਬ ਦੇ ਲੋਕ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਬਾਹਰਲਿਆਂ ਨੂੰ ਭਜਾਉਣ ਅਤੇ ਅੰਦਰਲਿਆਂ ਨੂੰ ਜਿਤਾਉਣ। ਇਨ੍ਹਾਂ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਵਿਧਾਨ ਸਭਾ ਹਲਕਾ ਸਨੌਰ ਤੋਂ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੇ ਹੱਕ ਵਿੱਚ ‘ਪੰਜਾਬ ਬਚਾਓ’ ਯਾਤਰਾ ਸ਼ੁਰੂ ਕਰਨ ਮੌਕੇ ਪੱਤਰਕਾਰਾਂ ਨੂੰ ਕਹੀ। ਉਨ੍ਹਾਂ ਕਿਹਾ ਕਿ ਦਿੱਲੀ ਆਧਾਰਿਤ ਪਾਰਟੀਆਂ ਪੰਜਾਬ ਦਾ ਦਿਲ ਨਹੀਂ ਜਿੱਤਣਾ ਚਾਹੁੰਦੀਆਂ ਸਗੋਂ ਪੰਜਾਬ ਨੂੰ ਗੁਲਾਮ ਬਣਾਉਣਾ ਲੋਚਦੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ‘ਆਪ’ ਨੇ ਪੰਜਾਬ ਵਾਸੀਆਂ ਨੂੰ ਦੋਵੇਂ ਹੱਥੀਂ ਲੁੱਟਿਆ ਹੈ। ਇਨ੍ਹਾਂ ਨੇ ਪੰਜਾਬ ਦੇ ਸਰੋਤਾਂ ਦੀ ਦੁਰਵਰਤੋਂ ਆਪਣੇ ਕੌਮੀ ਟੀਚਿਆਂ ਦੀ ਪ੍ਰਾਪਤੀ ਲਈ ਕੀਤੀ ਹੈ। ਇਹ ਨਾ ਤਾਂ ਵਿਕਾਸ ਕਰ ਸਕੀਆਂ ਤੇ ਨਾ ਹੀ ਕੋਈ ਵੱਡਾ ਪ੍ਰਾਜੈਕਟ ਲਿਆ ਸਕੀਆਂ ਹਨ।
ਸ੍ਰ੍ਰੀ ਬਾਦਲ ਦਾ ਕਹਿਣਾ ਸੀ ਕਿ ਅਕਾਲੀ ਦਲ ਗੁਰੂ ਸਾਹਿਬਾਨ ਦੇ ਫਲਸਫੇ ਦਾ ਅਸਲ ਵਾਰਿਸ ਹੈ ਅਤੇ ਉਹ ਸਰਬੱਤ ਦੇ ਭਲੇ ਵਿਚ ਵਿਸ਼ਵਾਸ ਰੱਖਦਾ ਹੈ। ਹਮੇਸ਼ਾ ਜੋ ਕਹਿੰਦਾ ਹੈ ਉਹ ਕਰਦਾ ਵੀ ਹੈ। ਇਹ ‘ਪੰਜਾਬ ਬਚਾਓ’ ਯਾਤਰਾ ਅਨਾਜ ਮੰਡੀ ਦੇਵੀਗੜ੍ਹ ਤੋਂ ਸ਼ੁਰੂ ਹੋ ਕੇ ਭੁੱਨਰਹੇੜੀ, ਪੰਜੇਟਾ, ਜੌੜੀਆਂ ਸੜਕਾਂ, ਸਨੌਰ ਅਨਾਜ ਮੰਡੀ ਹੁੰਦੀ ਹੋਈ ਹਲਕਾ ਘਨੌਰ ਲਈ ਰਵਾਨਾ ਹੋ ਗਈ। ਇਸ ਮੌਕੇ ਪ੍ਰੇਮ ਸਿੰਘ ਚੰਦੂਮਾਜਰਾ, ਐੱਨਕੇ ਸ਼ਰਮਾ, ਸ਼੍ਰੋਮਣੀ ਕਮੇਟੀ ਮੈਂਬਰਾਨ ਜਸਮੇਰ ਲਾਛੜੂ, ਜਰਨੈਲ ਕਰਤਾਰ, ਘਨੌਰ ਹਲਕੇ ਦੇ ਇੰਚਾਰਜ ਭੁਪਿੰਦਰ ਸਿੰਘ ਸ਼ੇਖੂਪੁਰ, ਤੇਜਿੰਦਰਪਾਲ ਸਿੰਘ ਸੰਧੂ, ਡਾ. ਯਸ਼ਪਾਲ ਖੰਨਾ, ਰਣਧੀਰ ਸਿੰਘ ਰੱਖੜਾ ਤੇ ਹੋਰ ਹਾਜ਼ਰ ਸਨ।
ਸੁਖਬੀਰ ਵੱਲੋਂ ਨਾਰਾਜ਼ ਅਕਾਲੀ ਆਗੂਆਂ ਨਾਲ ਬੰਦ ਕਮਰਾ ਮੀਟਿੰਗ
ਫਰੀਦਕੋਟ (ਜਸਵੰਤ ਜੱਸ): ਸੁਖਬੀਰ ਸਿੰਘ ਬਾਦਲ ਨੇ ਇੱਥੇ ਨਰਾਜ਼ ਅਕਾਲੀ ਆਗੂਆਂ ਨਾਲ ਬੰਦ ਕਮਰਾ ਮੀਟਿੰਗ ਕੀਤੀ। ਸੂਚਨਾ ਅਨੁਸਾਰ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਹਰਿੰਦਰਜੀਤ ਸਿੰਘ ਸਮਰਾ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ। ਸੁਖਬੀਰ ਬਾਦਲ ਫਰੀਦਕੋਟ ਜ਼ਿਲ੍ਹੇ ਵਿੱਚ ਹੋਣ ਦੇ ਬਾਵਜੂਦ ਨਾ ਤਾਂ ਸਮਰਾ ਦੇ ਅੰਤਿਮ ਸੰਸਕਾਰ ’ਤੇ ਆਏ ਅਤੇ ਨਾ ਹੀ ਉਸ ਦੇ ਭੋਗ ’ਤੇ ਪਹੁੰਚੇ। ਅਕਾਲੀ ਪਰਿਵਾਰ ਵਿੱਚ ਨਿਰਾਸ਼ਾ ਵਧਣ ਤੋਂ ਬਾਅਦ ਸੁਖਬੀਰ ਬਾਦਲ ਨੇ ਅਚਾਨਕ ਸਮਰਾ ਦੇ ਘਰ ਜਾ ਕੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਬੰਦ ਕਮਰਾ ਮੀਟਿੰਗ ਕੀਤੀ ਅਤੇ ਉਨ੍ਹਾਂ ਦੀ ਨਾਰਾਜ਼ਗੀ ਦੂਰ ਕਰਨ ਦੀ ਕੋਸ਼ਿਸ਼ ਕੀਤੀ।
‘ਪੰਜਾਬ ਬਚਾਓ’ ਯਾਤਰਾ ਵਿੱਚੋਂ ਰੱਖੜਾ ਗ਼ੈਰਹਾਜ਼ਰ
ਪਟਿਆਲਾ (ਖੇਤਰੀ ਪ੍ਰਤੀਨਿਧ): ਅਕਾਲੀ ਦਲ ਵੱਲੋਂ ਅੱਜ ਸਨੌਰ ਅਤੇ ਘਨੌਰ ’ਚ ਕੱਢੀ ਗਈ ‘ਪੰਜਾਬ ਬਚਾਓ’ ਯਾਤਰਾ ਵਿਚੋਂ ਪਟਿਆਲਾ ਜ਼ਿਲ੍ਹੇ ਦੇ ਅਕਾਲੀ ਆਗੂ ਸੁਰਜੀਤ ਸਿੰਘ ਰੱਖੜਾ ਗ਼ੈਰਹਾਜ਼ਰ ਰਹੇ। ਉਂਜ ਉਨ੍ਹਾਂ ਦੇ ਸਮਰਥਕ ਸੁਖਬੀਰ ਅਬਲੋਵਾਲ, ਬਲਦੇਵ ਬਠੋਈ ਅਤੇ ਜਸਪਾਲ ਕਲਿਆਣ ਸਣੇ ਕਈ ਹੋਰ ਆਗੂ ਬਿਨਾਂ ਬੁਲਾਏ ਤੋਂ ਯਾਤਰਾ ਵਿੱਚ ਸ਼ਾਮਲ ਹੋਏ ਪਰ ਸ੍ਰੀ ਰੱਖੜਾ ਨੇ ਸ਼ਮੂਲੀਅਤ ਨਾ ਕੀਤੀ। ਅਸਲ ’ਚ ਇਹ ਦੋਵੇਂ ਹਲਕੇ ਚੰਦੂਮਾਜਰਾ ਪਰਿਵਾਰ ਦੇ ਪ੍ਰਭਾਵ ਵਾਲੇ ਹਨ। ਅਸਲ ’ਚ ਚੰਦੂਮਾਜਰਾ ਅਤੇ ਰੱਖੜਾ ਧੜਿਆਂ ਦਰਮਿਆਨ ਬਣਦੀ ਨਹੀਂ। ਇਹ ਵੀ ਪਤਾ ਲੱਗਾ ਹੈ ਕਿ ਅੱਜ ਦੀ ਇਸ ਯਾਤਰਾ ਦੇ ਮੁੱਖ ਪ੍ਰਬੰਧਕ ਚੰਦੂਮਾਜਰਾ ਧੜੇ ਵੱਲੋਂ ਸੁਰਜੀਤ ਰੱਖੜਾ ਨੂੰ ਸੱਦਾ ਵੀ ਨਹੀਂ ਸੀ ਦਿੱਤਾ ਗਿਆ।