ਵਾਰਡ ਨੰਬਰ-15 ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ
ਹਰਜੀਤ ਸਿੰਘ
ਡੇਰਾਬੱਸੀ, 28 ਜੁਲਾਈ
ਇਥੋਂ ਦੇ ਵਾਰਡ ਨੰਬਰ-15 ਵਿੱਚ ਪਾਣੀ ਦੀ ਕਿੱਲਤ ਵਧਦੀ ਜਾ ਰਹੀ ਹੈ। ਕਲੋਨੀ ਵਿੱਚ ਪਾਣੀ ਦੀ ਸਪਲਾਈ ਕਰਨ ਵਾਲਾ ਟਿਊਬਵੈਲ ਲੰਘੇ ਤਿੰਨ ਸਾਲ ਤੋਂ ਖ਼ਰਾਬ ਪਿਆ ਹੈ। ਕਲੋਨੀ ਵਾਸੀਆਂ ਨੇ ਕੌਂਸਲ ਅਧਿਕਾਰੀਆਂ ਤੋਂ ਇਥੇ ਪਾਣੀ ਦੀ ਸਪਲਾਈ ਲਈ ਨਵੇਂ ਟਿਊਬਵੈਲ ਦੀ ਮੰਗ ਕੀਤੀ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਵਾਰਡ ਨੰਬਰ-15 ਵਿੱਚ ਪੁਰਾਣੇ ਸ਼ਹਿਰ ਦਾ ਪੁਰਾਣੇ ਡਾਕਖਾਨੇ ਦਾ ਨੇੜਲਾ ਖੇਤਰ ਆਉਂਦਾ ਹੈ। ਇਸ ਖੇਤਰ ਵਿੱਚ ਪੁਰਾਣੇ ਡਾਕਖਾਨੇ ਦੀ ਇਮਾਰਤ ਦੇ ਸਾਹਮਣੇ ਸਥਿਤ ਪਾਰਕ ਵਿੱਚ ਲੱਗੇ ਟਿਊਬਵੈਲ ’ਚੋਂ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ। ਪਰ ਲੰਘੇ ਤਿੰਨ ਸਾਲ ਪਹਿਲਾਂ ਟਿਊਬਵੈਲ ਫੇਲ੍ਹ ਹੋ ਗਿਆ ਸੀ, ਜਿਸ ਮਗਰੋਂ ਇਸ ਵਾਰਡ ਵਿੱਚ ਪਾਣੀ ਦੀ ਕਿੱਲਤ ਪੈਦਾ ਹੋ ਗਈ ਹੈ। ਕੌਂਸਲ ਵੱਲੋਂ ਵਾਰਡ ਵਿੱਚ ਪਾਣੀ ਦੀ ਕਿੱਲਤ ਦੂਰ ਕਰਨ ਲਈ ਆਰਜ਼ੀ ਤੌਰ ’ਤੇ ਬੱਸ ਸਟੈਂਡ ਅਤੇ ਰੌਣੀ ਮੁਹੱਲਾ ਵਿੱਚ ਲੱਗੇ ਟਿਊਬਵੈਲਾਂ ਤੋਂ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ। ਪਰ ਪਾਣੀ ਦਾ ਪ੍ਰੈਸ਼ਰ ਘੱਟ ਹੋਣ ਕਾਰਨ ਲੋਕਾਂ ਦੇ ਘਰਾਂ ਵਿੱਚ ਪਾਣੀ ਦੀ ਕਿੱਲਤ ਬਣੀ ਰਹਿੰਦੀ ਹੈ। ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਜਗਜੀਤ ਸਿੰਘ ਜੱਜ ਨੇ ਕਿਹਾ ਕਿ ਸਮੱਸਿਆ ਜਲਦੀ ਹੱਲ ਕਰ ਦਿੱਤੀ ਜਾਵੇਗੀ।