For the best experience, open
https://m.punjabitribuneonline.com
on your mobile browser.
Advertisement

ਚੰਡੀਗੜ੍ਹ ਵਿੱਚ ਪੀਣ ਵਾਲਾ ਪਾਣੀ ਹੋਇਆ ਮਹਿੰਗਾ

11:43 AM Apr 01, 2024 IST
ਚੰਡੀਗੜ੍ਹ ਵਿੱਚ ਪੀਣ ਵਾਲਾ ਪਾਣੀ ਹੋਇਆ ਮਹਿੰਗਾ
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 31 ਮਾਰਚ
ਚੰਡੀਗੜ੍ਹ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਪਾਣੀ ਦੀਆਂ ਦਰਾਂ ਸਬੰਧੀ ਤੈਅ ਕੀਤੇ ਨਿਯਮਾਂ ਅਨੁਸਾਰ ਪੰਜ ਫੀਸਦੀ ਦਾ ਵਾਧਾ ਸੋਮਵਾਰ 1 ਅਪਰੈਲ ਤੋਂ ਲਾਗੂ ਹੋ ਜਾਵੇਗਾ। ਪਾਣੀ ਦੀਆਂ ਦਰਾਂ ਸਬੰਧੀ ਲਾਗੂ ਕੀਤਾ ਜਾ ਰਿਹਾ ਇਹ ਵਾਧਾ ਬਿਲਿੰਗ ਚੱਕਰ ਵਿੱਚ ਖਪਤਕਾਰਾਂ ਨੂੰ ਪਾਣੀ ਦੇ ਬਿਲਾਂ ਵਿੱਚ ਦਿਖਾਈ ਦੇਵੇਗਾ। ਭਾਵੇਂ ਚੰਡੀਗੜ੍ਹ ਦੇ ਮੇਅਰ ਵਾਧੇ ਦਾ ਵਿਰੋਧ ਕਰ ਰਹੇ ਹਨ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ ਸਾਲਾਨਾ ਵਾਧੇ ਦੀਆਂ ਦਰਾਂ ਉਪ-ਨਿਯਮਾਂ ਕਾਰਨ ਨੋਟੀਫਾਈ ਕੀਤੀਆਂ ਗਈਆਂ ਹਨ। ਨਤੀਜੇ ਵਜੋਂ, ਘਰੇਲੂ ਜਾਂ ਵਪਾਰਕ ਜਾਂ ਉਦਯੋਗਿਕ, ਸਾਰੀਆਂ ਸ਼੍ਰੇਣੀਆਂ ਵਿੱਚ ਪਾਣੀ ਦੇ ਖਰਚੇ ਵਿੱਚ ਵਾਧਾ ਹੋਵੇਗਾ। ਦੂਜੇ ਪਾਸੇ ‘ਆਪ’-ਕਾਂਗਰਸ ਗਠਜੋੜ ਦੇ ਨਿਗਮ ਹਾਊਸ ਵਿੱਚ ਹਰੇਕ ਪਰਿਵਾਰ ਨੂੰ 20 ਹਜ਼ਾਰ ਲੀਟਰ ਮੁਫ਼ਤ ਪਾਣੀ ਮੁਹੱਈਆ ਕਰਵਾਉਣ ਦੇ ਪ੍ਰਸਤਾਵ ਬਾਰੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ ਪਰ ‘ਆਪ’-ਕਾਂਗਰਸ ਗੱਠਜੋੜ ਸ਼ਹਿਰ ਵਾਸੀਆਂ ਨੂੰ ਵੀਹ ਹਜ਼ਾਰ ਲੀਟਰ ਮੁਫ਼ਤ ਪਾਣੀ ਮੁਹੱਈਆ ਕਰਵਾਉਣ ਦੇ ਵਾਅਦੇ ਨੂੰ ਪੂਰਾ ਕਰਨ ’ਤੇ ਬਜ਼ਿੱਦ ਹੈ। ਕੁਝ ਦਿਨ ਪਹਿਲਾਂ ਸ਼ਹਿਰ ਵਿੱਚ 20 ਹਜ਼ਾਰ ਲੀਟਰ ਮੁਫ਼ਤ ਪਾਣੀ ਦੇਣ ਦਾ ਕਾਫੀ ਚਰਚਾ ਵਿੱਚ ਰਿਹਾ ਸੀ।
ਇਸ ਮੁੱਦੇ ਨੂੰ ਲੈਕੇ ‘ਆਪ’-ਕਾਂਗਰਸ ਗੱਠਜੋੜ ਵੱਲੋਂ ਨਗਰ ਨਿਗਮ ਹਾਊਸ ’ਚ ਏਜੰਡਾ ਵੀ ਪਾਸ ਕੀਤਾ ਗਿਆ ਸੀ ਪਰ ਸ਼ਹਿਰ ਦੇ ਲੋਕਾਂ ਨੂੰ ਇਸ ਸਾਰੀ ਬਹਿਸ ਦਾ ਕੋਈ ਲਾਭ ਨਹੀਂ ਮਿਲਿਆ, ਸਗੋਂ 1 ਅਪਰੈਲ ਤੋਂ ਉਨ੍ਹਾਂ ਨੂੰ ਪਾਣੀ ਦੀ ਖਪਤ ਲਈ ਹੋਰ ਪੈਸੇ ਖਰਚਣੇ ਪੈਣਗੇ। 1 ਅਪਰੈਲ ਤੋਂ ਪਾਣੀ ਦੀਆਂ ਕੀਮਤਾਂ ਵਿੱਚ ਹੋ ਰਹੇ ਪੰਜ ਫੀਸਦੀ ਵਾਧੇ ਦਾ ਅਸਰ ਘਰੇਲੂ ਤੋਂ ਲੈ ਕੇ ਵਪਾਰਕ, ​​ਉਦਯੋਗਿਕ ਆਦਿ ਖਪਤਕਾਰਾਂ ਦੇ ਬਿੱਲਾਂ ’ਤੇ ਦਿਖਾਈ ਦੇਵੇਗਾ।
ਜ਼ਿਕਰਯੋਗ ਹੈ ਕਿ ਯੂਟੀ ਪ੍ਰਸ਼ਾਸਨ ਨੇ 30 ਮਾਰਚ 2022 ਨੂੰ ਜਲ ਉਪ-ਨਿਯਮਾਂ ਵਿੱਚ ਸੋਧ ਕੀਤੀ ਸੀ। ਪਾਣੀ ਦੇ ਖਪਤਕਾਰ ਦੀ ਸ਼੍ਰੇਣੀ ਅਨੁਸਾਰ ਪਾਣੀ ਦੀ ਖਪਤ ਅਨੁਸਾਰ 31 ਤੋਂ 60 ਲੀਟਰ ਅਤੇ 60 ਲੀਟਰ ਤੋਂ ਵੱਧ ਦੀ ਸ਼੍ਰੇਣੀ ਵਿੱਚ ਕੀਮਤਾਂ ਘਟਾਈਆਂ ਗਈਆਂ ਸਨ, ਪਰ ਇਸ ਦੇ ਨਾਲ ਹੀ ਹਰ ਸਾਲ ਤਿੰਨ ਫ਼ੀਸਦੀ ਕੀਮਤ ਵਾਧੇ ਦੀ ਸ਼ਰਤ ਨੂੰ ਵਧਾ ਕੇ ਪੰਜ ਫ਼ੀਸਦੀ ਕਰ ਦਿੱਤਾ ਗਿਆ ਸੀ। ਇਹ ਹੁਕਮ 1 ਅਪਰੈਲ, 2023 ਤੋਂ ਲਾਗੂ ਕੀਤੇ ਗਏ ਸਨ। ਇਸ ਅਨੁਸਾਰ ਹਰ ਇੱਕ ਅਪਰੈਲ ਨੂੰ ਬਿਨਾਂ ਕਿਸੇ ਪ੍ਰਵਾਨਗੀ ਜਾਂ ਚਰਚਾ ਤੋਂ ਪਾਣੀ ਦੀਆਂ ਕੀਮਤਾਂ ਵਿੱਚ ਪੰਜ ਫੀਸਦੀ ਵਾਧਾ ਕੀਤਾ ਜਾਵੇਗਾ। ਇਹ ਵਾਧਾ ਸਿਰਫ਼ ਘਰੇਲੂ ਹੀ ਨਹੀਂ ਸਗੋਂ ਵਪਾਰਕ, ​​ਉਦਯੋਗਿਕ, ਸਰਕਾਰੀ ਦਫ਼ਤਰਾਂ, ਅਰਧ-ਸਰਕਾਰੀ ਦਫ਼ਤਰਾਂ, ਸੰਸਥਾਵਾਂ, ਹੋਟਲਾਂ, ਸਿਨੇਮਾਘਰਾਂ, ਟੈਕਸੀ ਸਟੈਂਡਾਂ ਅਤੇ ਹੋਰਾਂ ਖਪਤਕਾਰਾਂ ਲਈ ਵੀ ਲਾਗੂ ਹੋਵੇਗਾ। ਇਸ ਵਾਧੇ ਨੂੰ ਲਾਗੂ ਕਰਨ ਸਬੰਧੀ ਹਾਲ ਹੀ ਵਿੱਚ ਚੰਡੀਗੜ੍ਹ ਨਗਰ ਨਿਗਮ ਵੱਲੋਂ ਨੈਸ਼ਨਲ ਇੰਸਟੀਚਿਊਟ ਆਫ ਇਲੈਕਟ੍ਰੋਨਿਕਸ ਐਂਡ ਇਨਫਰਮੇਸ਼ਨ ਟੈਕਨਾਲੋਜੀ (ਨੀਲਟ) ਦੇ ਡਾਇਰੈਕਟਰ ਨੂੰ ਪੱਤਰ ਲਿਖਿਆ ਗਿਆ ਹੈ ਕਿਉਂਕਿ ਉਹ ਪਾਣੀ ਦੇ ਬਿੱਲ ਤਿਆਰ ਕਰਦਾ ਹੈ। ਇਸ ਤੋਂ ਇਲਾਵਾ ਨਗਰ ਨਿਗਮ ਦੇ ਇੰਜਨੀਅਰਿੰਗ ਵਿਭਾਗ ਦੇ ਪਬਲਿਕ ਹੈਲਥ ਵਿੰਗ ਦੇ ਸਬੰਧਤ ਸੀਨੀਅਰ ਅਧਿਕਾਰੀਆਂ ਨੂੰ ਵੀ ਲੋੜੀਂਦੀ ਕਾਰਵਾਈ ਲਈ ਪੱਤਰ ਰਾਹੀਂ ਸੂਚਿਤ ਕਰ ਦਿੱਤਾ ਗਿਆ ਹੈ।

Advertisement

ਹਰ ਸਾਲ ਪਾਣੀ ਦੇ ਭਾਅ ’ਚ ਪੰਜ ਫ਼ੀਸਦੀ ਵਾਧਾ ਲੁੱਟ: ਗਰਗ

‘ਆਪ’ ਚੰਡੀਗੜ੍ਹ ਦੇ ਸੀਨੀਅਰ ਆਗੂ ਪ੍ਰੇਮ ਗਰਗ ਨੇ ਕਿਹਾ ਕਿ ਨਗਰ ਨਿਗਮ ਪ੍ਰਸ਼ਾਸਨ ਅਤੇ ਚੰਡੀਗੜ੍ਹ ਪ੍ਰਸ਼ਾਸਨ ਪਾਣੀ ਦੀ ਸਪਲਾਈ ਵਿੱਚ ਵਿੱਤੀ ਘਾਟੇ ਦੇ ਬਹਾਨੇ ਸ਼ਹਿਰ ਵਾਸੀਆਂ ’ਤੇ ਹਰ ਸਾਲ ਪਾਣੀ ਦੇ ਰੇਟਾਂ ਵਿੱਚ ਪੰਜ ਫੀਸਦੀ ਵਾਧਾ ਥੋਪ ਕੇ ‘ਲੁੱਟ’ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੇਅਰ ਤੇ ‘ਆਪ’-ਕਾਂਗਰਸ ਗੱਠਜੋੜ ਦੇ ਸੀਨੀਅਰ ਆਗੂਆਂ ਨੇ ਮੁਫ਼ਤ ਪਾਣੀ ਦੇਣ ਦੀ ਵਿਵਸਥਾ ਦਾ ਜ਼ਿਕਰ ਕਰਦਿਆਂ ਅੱਜ ਪਹਿਲੀ ਅਪਰੈਲ ਤੋਂ ਕੀਤੇ ਵਾਧੇ ਦਾ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਸ਼ਹਿਰ ਵਿੱਚ ਨੁਕਸਦਾਰ ਪਾਣੀ ਦੇ ਮੀਟਰਾਂ ਦੀ ਮੁਰੰਮਤ ਦੇ ਨਾਲ-ਨਾਲ ਵੱਡੇ ਪੱਧਰ ’ਤੇ ਹੋਣ ਵਾਲੀ ਪਾਣੀ ਦੀ ਲੀਕੇਜ ਕਾਰਨ ਹੋ ਰਹੀ ਬਰਬਾਦੀ ਉੱਤੇ ਕਾਬੂ ਪਾ ਲੈਂਦਾ ਹੈ ਤਾਂ ਪ੍ਰਸ਼ਾਸਨ ਅਤੇ ਨਗਰ ਨਿਗਮ ਵੱਲੋਂ ਸ਼ਹਿਰ ਵਾਸੀਆਂ ਨੂੰ ਪਾਣੀ ਮੁਹੱਈਆ ਕਰਵਾ ਕੇ ਹੋਣ ਵਾਲੇ ਵਿੱਤੀ ਘਾਟੇ ਨੂੰ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਇਸ ਵਾਧੇ ਦਾ ਵਿਰੋਧ ਕਰਦੀ ਹੈ ਅਤੇ ਉਨ੍ਹਾਂ ਦਾ ਇੱਕੋ-ਇੱਕ ਸਟੈਂਡ ਹੈ ਕਿ ਸ਼ਹਿਰ ਵਾਸੀਆਂ ਨੂੰ ਪ੍ਰਤੀ ਪਰਿਵਾਰ ਵੀਹ ਹਜ਼ਾਰ ਲੀਟਰ ਮੁਫ਼ਤ ਪਾਣੀ ਮੁਹੱਈਆ ਕਰਵਾਇਆ ਜਾਵੇ।

Advertisement
Author Image

sukhwinder singh

View all posts

Advertisement
Advertisement
×