For the best experience, open
https://m.punjabitribuneonline.com
on your mobile browser.
Advertisement

ਚਾਹ ਪੀਓ, ਰੋਟੀ ਖਾਓ ਤੇ ਜਾਓ!

12:05 PM Dec 03, 2023 IST
ਚਾਹ ਪੀਓ  ਰੋਟੀ ਖਾਓ ਤੇ ਜਾਓ
Advertisement

ਮਨਦੀਪ ਰਿੰਪੀ

‘‘ਭਾਈ! ਇਨ੍ਹਾਂ ਨੂੰ ਚਾਹ ਪਿਆਓ... ਰੋਟੀ ਖੁਆਓ ਤੇ ਤੋਰੋ...’’ ਜਦੋਂ ਉਨ੍ਹਾਂ ਨੇ ਆਪਣੇ ਘਰ ਦੀਆਂ ਸੁਆਣੀਆਂ ਨੂੰ ਇੰਜ ਕਿਹਾ ਤਾਂ ਅਸੀਂ ਦੋਵੇਂ ਜਣੀਆਂ ਇੱਕ-ਦੂਜੀ ਦੇ ਮੂੰਹ ਵੱਲ ਵੇਖਦੀਆਂ ਰਹਿ ਗਈਆਂ।
ਬਜ਼ੁਰਗ ਤੋਂ ਇਹ ਉਮੀਦ ਤਾਂ ਨਹੀਂ ਸੀ ਕਿ ਉਹ ਇੰਜ ਆਖੇਗਾ, ਪਰ ਸਾਡੇ ਕੰਨਾਂ ਨੂੰ ਕਿਹੜਾ ਝੂਠ ਸੁਣਿਆ ਸੀ? ਜੋ ਉਹਦੇ ਮਨ ਵਿੱਚ ਸੀ ਉਹਨੇ ਆਖ ਸੁਣਾਇਆ। ਸ਼ਾਇਦ ਉਹ ਨਹੀਂ, ਉਹਦੇ ਵਿੱਚ ਉਹਦਾ ਘੁਮੰਡ ਤੇ ਪੁਰਖਿਆਂ ਦੀ ਪੀੜ੍ਹੀ ਦਰ ਪੀੜ੍ਹੀ ਤੁਰੀ ਆ ਰਹੀ ਜ਼ਮੀਨ ਜਾਇਦਾਦ ਦੀ ਆਕੜ ਬੋਲ ਰਹੀ ਸੀ।
ਇੱਕ ਵਾਰ ਤਾਂ ਜੀਅ ਕੀਤਾ ਕਿ ਬਜ਼ੁਰਗ ਨੂੰ ਆਖ ਸੁਣਾਵਾਂ, ‘ਬਾਬਾ ਜੀ! ਪਰਮਾਤਮਾ ਨੇ ਬਥੇਰਾ ਦਿੱਤਾ ਏ... ਆਪਣੇ ਕਮਾਏ ਮਾਣ-ਸਨਮਾਨ ਨਾਲ ਜ਼ਿੰਦਗੀ ਜਿਉਣੀ ਆਉਂਦੀ ਏ। ... ਘੁਮੰਡ ਢੇਰੀ ਹੁੰਦਿਆਂ ਦੇਰ ਨਹੀਂ ਲੱਗਦੀ...। ਉਂਜ ਵੀ ਕਿਸੇ ਨਾਲ ਗੱਲ ਕਰਨ ਦੀ ਅਕਲ ਵੀ ਬੰਦੇ ਨੂੰ ਹੋਣੀ ਚਾਹੀਦੀ ਹੈ... ਇੱਜ਼ਤ ਕਰਨੀ ਤੇ ਕਰਾਉਣੀ ਆਉਣੀ ਹਰ ਕਿਸੇ ਦੇ ਵੱਸ ਦੀ ਗੱਲ ਕਿੱਥੇ? ...ਜਦੋਂ ਸਕੂਲੋਂ ਤੁਹਾਡੇ ਘਰ ਵੱਲ ਤੁਰੀ ਸਾਂ, ਉਦੋਂ ਮੇਰੇ ਮਨ ’ਚ ਤੁਹਾਡੀ ਜਿਹੜੀ ਤਸਵੀਰ ਬਣੀ ਹੋਈ ਸੀ ਉਹਨੇ ਮੈਨੂੰ ਹਮੇਸ਼ਾ ਖ਼ੁਸ਼ੀ ਦਿੱਤੀ ਕਿਉਂਕਿ ਮੈਂ ਕਿਹੜਾ ਅੱਜ ਤੁਹਾਨੂੰ ਪਹਿਲੀ ਵਾਰ ਮਿਲੀ ਹਾਂ? ...ਜਾਂ ਤੁਸੀਂ ਮੇਰੇ ਲਈ ਅਣਜਾਣ ਹੋ? ...ਮੇਰਾ ਪੇਕਾ ਪਿੰਡ ਬੰਦੇ ਮਹਿਲ ਕਲਾਂ ਤਾਂ ਤੁਹਾਡਾ ਬੰਨ੍ਹਾ-ਚੰਨ੍ਹਾ ਲੱਗਦੈ। ਇਸ ਲਈ ਮੈਂ ਤਾਂ ਬੜੇ ਹੱਕ ਨਾਲ ਆਈ ਸਾਂ ਵੰਦਨਾ ਮੈਡਮ ਨਾਲ, ਪਰ ਮੈਨੂੰ ਕੀ ਪਤਾ ਸੀ ਕਿ ਅੱਜਕੱਲ੍ਹ ਇਹੋ ਜਿਹੀਆਂ ਮੁਹੱਬਤੀ ਸਾਂਝਾਂ ਨੂੰ ਕੌਣ ਜਾਣਦੈ...?’
ਬੜਾ ਕੁਝ ਇਕਦਮ ਮਨ ’ਚ ਉੱਭਰਦਾ ਹੋਇਆ ਮੈਨੂੰ ਹੁੱਝਾਂ ਮਾਰਦਾ ਰਿਹਾ ਪਰ ਪਤਾ ਨਹੀਂ ਮੈਂ ਕਿਹੜੀ ਲਿਹਾਜ਼ ਨੂੰ ਜ਼ੁਬਾਨ ਕਾਬੂ ’ਚ ਕਰ ਚੁੱਪ-ਚਾਪ ਸਕੂਲ ਆ ਬੈਠੀ। ਸਾਰਾ ਦਿਨ ਬਾਬੇ ਦੇ ਬੋਲ ਕੰਨਾਂ ’ਚ ਗੂੰਜਦੇ ਰਹੇ। ਵੰਦਨਾ ਮੈਡਮ ਵੀ ਹੈਰਾਨ ਸਨ ਕਿ ਕੋਈ ਐਨਾ ਘੁਮੰਡੀ ਵੀ ਹੋ ਸਕਦਾ ਹੈ?
ਅਸੀਂ ਕਿਹੜਾ ਆਪਣੇ ਕਿਸੇ ਸੁਆਰਥ ਲਈ ਗਈਆਂ ਸਾਂ ਉੱਥੇ। ਸਾਨੂੰ ਤਾਂ ਇੱਕ ਮਾਸੂਮ ਦੀ ਮਾਸੂਮੀਅਤ ਖਿੱਚ ਕੇ ਲੈ ਗਈ ਸੀ। ਉਸੇ ਘਰ ਦੀ ਇੱਕ ਨਿੱਕੀ ਜਿਹੀ ਜਿੰਦ ਇੱਕ ਗੰਭੀਰ ਦਿਮਾਗ਼ੀ ਬਿਮਾਰੀ ਦੀ ਲਪੇਟ ਵਿੱਚ ਆਈ ਹੋਈ ਸੀ। ਉਸ ਨੂੰ ਆਪਣੇ ਹਾਣ ਦੇ ਸਾਥੀਆਂ ਨਾਲ ਆਪਣੇ ਮਨ ਨੂੰ ਸਾਂਝਾ ਕਰਨ, ਉਨ੍ਹਾਂ ਨਾਲ ਖੇਡਣ ਅਤੇ ਉਨ੍ਹਾਂ ਨੂੰ ਵੇਖ ਕੇ ਬਹੁਤ ਕੁਝ ਸਿੱਖਣ ਦੀ ਲੋੜ ਸੀ। ਪਰ ਉਹ ਪਰਿਵਾਰ ਉਸ ਬੱਚੀ ਲਈ ਮੰਨਣ ਨੂੰ ਤਿਆਰ ਹੀ ਨਹੀਂ ਸੀ ਕਿ ਉਹ ਘਰੋਂ ਬਾਹਰ ਨਿਕਲ ਕੇ ਆਪਣੇ ਆਪ ਨੂੰ ਵੀ ਥੋੜ੍ਹਾ- ਬਹੁਤਾ ਸਮਝ ਸਕਣ ਦੀ ਜਾਚ ਸਿੱਖ ਸਕਦੀ ਹੈ। ਉਹਦੇ ਲਈ ਤਾਂ ਆਪਣਾ ਘਰ ਹੀ ਸਾਰੀ ਦੁਨੀਆਂ ਸੀ। ਅਸੀਂ ਚਾਹੁੰਦੇ ਸਾਂ ਕਿ ਉਹ ਘਰੋਂ ਬਾਹਰ ਨਿਕਲ ਕੇ ਸਾਡੇ ਕੋਲ ਆਵੇ... ਕੁਝ ਸਿੱਖੇ... ਆਪਣੇ ਹਾਣਦਿਆਂ ਨਾਲ ਵਿਚਰੇ...।
ਪਹਿਲਾਂ ਵੰਦਨਾ ਮੈਡਮ ਦੋ ਵਾਰ ਉਨ੍ਹਾਂ ਦੇ ਘਰੋਂ ਖਾਲੀ ਹੱਥ ਮੁੜ ਆਏ ਸਨ ਕਿਉਂਕਿ ਉਨ੍ਹਾਂ ਨੇ ਕੋਈ ਹੁੰਗਾਰਾ ਨਹੀਂ ਸੀ ਭਰਿਆ। ਇਸ ਲਈ ਉਨ੍ਹਾਂ ਨੇ ਬੜੇ ਵਿਸ਼ਵਾਸ ਨਾਲ ਮੈਨੂੰ ਆਪਣੇ ਨਾਲ ਜਾਣ ਲਈ ਰਾਜ਼ੀ ਕਰ ਲਿਆ ਅਤੇ ਮੈਂ ਉਸ ਬੱਚੀ ਦੇ ਮੂੰਹ ਨੂੰ ਤੁਰ ਪਈ ਸਾਂ ਕਿਉਂਕਿ ਬੱਚੇ ਤਾਂ ਰੱਬ ਦਾ ਰੂਪ ਹੁੰਦੇ ਨੇ। ਜਦੋਂ ਰੱਬ ਦੇ ਦਰ ’ਤੇ ਆਪਣੇ ਸੁਆਰਥ ਲਈ ਜਾ ਸਕਦੇ ਹਾਂ ਤਾਂ ਅੱਜ ਉਸ ਬੱਚੀ ਲਈ ਉਸ ਦੇ ਘਰ ਕਿਉਂ ਨਹੀਂ? ਉਸ ਦਿਨ ਮੇਰੇ ’ਤੇ ਇਹ ਜਜ਼ਬਾਤ ਭਾਰੂ ਸਨ।
ਘਰ ਦਾ ਗੇਟ ਵੜਦਿਆਂ ਉਨ੍ਹਾਂ ਦੀਆਂ ਔਰਤਾਂ ਨੇ ਸਾਡਾ ਬਹੁਤ ਮੋਹ, ਆਦਰ ਕੀਤਾ। ਖੁੱਲ੍ਹਾ ਘਰ, ਵਿਹੜਾ ਤੇ ਵਿਹੜੇ ’ਚ ਇੱਕ ਪਾਸੇ ਚੁੱਲ੍ਹੇ ’ਤੇ ਵੱਡੀ ਸਾਰੀ ਤਵੀ ’ਤੇ ਰੋਟੀਆਂ ਪਕਾਉਂਦੀਆਂ ਸੁਆਣੀਆਂ ਨੂੰ ਵੇਖ ਮਨ ਪ੍ਰਭਾਵਿਤ ਹੋਏ ਬਗੈਰ ਨਹੀਂ ਰਹਿ ਸਕਿਆ ਕਿ ਅਜੋਕੇ ਸਮੇਂ ’ਚ ਵੀ ਸਾਂਝੇ ਪਰਿਵਾਰ ਦਾ ਪਿਆਰ ਸਾਂਭੀ ਬੈਠਾ ਹੈ ਇਹ ਟੱਬਰ। ਜਿਸ ਬੱਚੀ ਲਈ ਅਸੀਂ ਗਈਆਂ ਸਾਂ, ਉਹਦੇ ਬਾਰੇ ਗੱਲ ਕੀਤੀ ਤਾਂ ਉਦੋਂ ਉਨ੍ਹਾਂ ਸਾਰੀਆਂ ਔਰਤਾਂ ਜਿਨ੍ਹਾਂ ਵਿੱਚ ਮੰਨਤ ਦੀਆਂ ਚਾਚੀਆਂ, ਤਾਈਆਂ, ਦਾਦੀਆਂ ਦੇ ਨਾਲ ਮਾਂ ਵੀ ਸ਼ਾਮਿਲ ਸੀ, ਦਾ ਕਹਿਣਾ ਸੀ ਕਿ ਮੰਨਤ ਦੇ ਬਾਬਾ ਜੀ ਨਹੀਂ ਮੰਨਦੇ।
ਅਸੀਂ ਦੋਵਾਂ ਨੇ ਜ਼ਿੱਦ ਕੀਤੀ ਕਿ ਇੱਕ ਵਾਰ ਸਾਨੂੰ ਉਨ੍ਹਾਂ ਨਾਲ ਮਿਲਾ ਦਿਓ। ਮੰਨਤ ਦੀਆਂ ਦਾਦੀਆਂ ਨੇ ਬਥੇਰੀ ਟਾਲ-ਮਟੋਲ ਕੀਤੀ ਕਿ ਅਸੀਂ ਬਾਬਾ ਜੀ ਨੂੰ ਨਾ ਮਿਲੀਏ ਪਰ ਕੀ ਕਰੀਏ? ਅਸੀਂ ਵੀ ਪੱਕੀਆਂ ਢੀਠ। ਆਖ਼ਰ ਬਾਬਾ ਜੀ ਆ ਹੀ ਗਏ। ਸਾਰੀਆਂ ਸੁਆਣੀਆਂ ਆਪਣੇ ਦੁਪੱਟੇ ਸੰਵਾਰਦਿਆਂ, ਗੱਲਾਂ-ਬਾਤਾਂ ਥਾਏਂ ਰੋਕ ਆਪੋ-ਆਪਣੇ ਕੰਮ ’ਚ ਰੁੱਝ ਗਈਆਂ, ਕੋਈ ਪੇੜੇ ਕੱਢਣ, ਕੋਈ ਰੋਟੀ ਰਾੜ੍ਹਨ ਤੇ ਕੋਈ ਅੱਗ ਬਾਲਣ ’ਚ। ਅਸੀਂ ਪੂਰੇ ਭਰੋਸੇ ਨਾਲ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਬੱਚੀ ਦੇ ਭਵਿੱਖ ਨੂੰ ਵੇਖਦੇ ਹੋਏ ਸਾਡੇ ਨਾਲ ਛੇਤੀ ਹੀ ਸਹਿਮਤ ਹੋ ਜਾਣਗੇ ਪਰ ਉਨ੍ਹਾਂ ਨੇ ਤਾਂ ਹਿੰਦੀ ਫਿਲਮਾਂ ਦੇ ਅਮਰੀਸ਼ ਪੁਰੀ ਵਾਂਗੂੰ ਬੜੇ ਰੋਹਬ ਨਾਲ ਡਾਇਲਾਗ ਝਾੜੇ, ‘‘ਰੋਟੀ ਖਾਓ... ਚਾਹ ਪੀਓ... ਤੇ ਜਾਓ।’’
ਨਾਲ ਦੀ ਨਾਲ ਰੋਟੀ ਪਕਾਉਂਦੀਆਂ ਸੁਆਣੀਆਂ ਵੱਲ ਵੇਖਦੇ ਹੋਏ ਬੋਲੇ, ‘‘ਇਨ੍ਹਾਂ ਨੂੰ ਚਾਹ ਪਿਆਓ... ਰੋਟੀ ਖੁਆਓ ਤੇ ਤੋਰੋ।’’
ਸਾਡੇ ਪੈਰਾਂ ਥੱਲਿਓਂ ਜ਼ਮੀਨ ਖਿਸਕਦਿਆਂ ਦੇਰ ਨਾ ਲੱਗੀ। ਅਸੀਂ ਚੁੱਪ-ਚਾਪ ਗੇਟ ਰਾਹੀਂ ਬਾਹਰ ਆ ਗਈਆਂ। ਜਦੋਂ ਵੀ ਵੰਦਨਾ ਮੈਡਮ ਸਾਡੇ ਸਕੂਲ ਆਉਂਦੇ ਇਸ ਗੱਲ ਦੀ ਚਰਚਾ ਜ਼ਰੂਰ ਹੁੰਦੀ ਤੇ ਸਾਡਾ ਮਨ ਕੁੜੱਤਣ ਨਾਲ ਭਰ ਜਾਂਦਾ। ਉਹ ਘਰ, ਘਰ ਦੇ ਲੋਕ, ਘਰ ਦਾ ਮਾਹੌਲ, ਘਰ ਦੀਆਂ ਔਰਤਾਂ ਸਭ ਕੁਝ ਮੈਨੂੰ ਫਿਲਮਾਂ ਵਰਗਾ ਜਾਪਿਆ। ਜਿੱਥੇ ਸਹਿਮ ਤੇ ਚੁੱਪੀ ਸੀ।
ਇੱਕ ਗੱਲ ਤਾਂ ਪੱਕੀ ਹੈ ਕਿ ਸਮਾਂ ਪੁੱਠਾ ਗੇੜਾ ਵੀ ਕੱਢਦਾ ਅਤੇ ਕਈ ਵਾਰ ਆਪਾਂ ਨੂੰ ਕਦੇ-ਕਦਾਈ ਹੀ ਸਮੇਂ ਦੀ ਰਮਜ਼ ਸਮਝ ਆਉਂਦੀ ਹੈ। ਮੰਨਤ ਨੂੰ ਮੈਂ ਕਦੇ ਨਾ ਭੁੱਲ ਸਕੀ ਤੇ ਉਹਦੇ ਦਾਦੇ ਨੂੰ ਵੀ ਕਿਹਨੇ ਭੁੱਲਣਾ ਸੀ? ਮੇਰੇ ਮਨ ’ਚ ਉਹਦੇ ਦਾਦੇ ਲਈ ਉੱਗੀ ਨਫ਼ਰਤ ਮੈਨੂੰ ਹਮੇਸ਼ਾ ਵੰਗਾਰਦੀ... ‘‘ਤੂੰ ਉਦੋਂ ਚੁੱਪ ਕਿਉਂ ਰਹੀ? ਉਹਦੇ ਕੋਲੋਂ ਐਨਾ ਕੁਝ ਸੁਣ ਕਿਵੇਂ ਲਿਆ?’’
ਦੋ ਕੁ ਮਹੀਨੇ ਪਹਿਲਾਂ ਮੁੜ ਦੌਰਾ ਜਿਹਾ ਪਿਆ ਮਨ ਨੂੰ, ਮੰਨਤ ਨੂੰ ਸਕੂਲ ਲੈ ਕੇ ਆਉਣ ਦਾ। ਆਂਗਣਵਾਲੀ ਦੇ ਸਹਿਯੋਗ ਨਾਲ ਰਿਨੂੰ ਤੇ ਕਿਰਨਜੀਤ ਕੌਰ ਨੇ ਪੂਰਾ ਸਾਥ ਦਿੱਤਾ ਤੇ ਇਸ ਵਾਰ ਵਕਤ ਵੀ ਮਿਹਰਬਾਨ ਹੋ ਗਿਆ। ਛੇਤੀ ਹੀ ਉਹਦੀ ਮੰਮੀ ਮੰਨ ਗਈ ਤੇ ਮੰਨਤ ਨੂੰ ਸਕੂਲ ਲੈ ਆਈ। ਹੁਣ ਕਦੇ ਮੰਮੀ, ਕਦੇ ਦਾਦੀ ਤੇ ਕਦੇ ਆਪਣੇ ਪਾਪਾ ਨਾਲ ਸਕੂਲ ਆਉਂਦੀ। ਪਹਿਲੇ ਦਿਨ ਜਦੋਂ ਸਕੂਲ ਆਈ ਡਰੀ-ਡਰੀ , ਚੁੱਪ-ਚਾਪ, ਜਿੱਥੇ ਬਿਠਾ ਦਿਓ ਬੈਠ ਜਾਣ ਵਾਲੀ, ਨਾ ਕਿਸੇ ਨਾਲ ਗੱਲ ਕਰਨੀ, ਨਾ ਬੋਲਣਾ, ਥੋੜ੍ਹੀ ਜਿਹੀ ਗੱਲ ’ਤੇ ਰੋਣ ਵਾਲੀ, ਜੇ ਕਿਸੇ ਨੇ ਮੂੰਹ ’ਚ ਰੋਟੀ ਦੀ ਬੁਰਕੀ ਪਾ ਦਿੱਤੀ ਤਾਂ ਠੀਕ, ਨਹੀਂ ਤਾਂ ਨਾ ਸਹੀ, ਵਾਲੀ ਕੁੜੀ। ਅੱਜ ਉਹ ਸਭ ਨਾਲ ਹੱਸਦੀ, ਖੇਡਦੀ, ਗੱਲਾਂ ਕਰਦੀ, ਆਪਣੇ ਹੱਥ ਨਾਲ ਆਪ ਬੁਰਕੀ ਤੋੜ ਕੇ ਆਪਣੇ ਮੂੰਹ ’ਚ ਰੋਟੀ ਪਾਉਂਦੀ ਅਤੇ ਐਤਵਾਰ ਨੂੰ ਵੀ ਸਕੂਲ ਆਉਣ ਦੀ ਜ਼ਿੱਦ ਕਰਦੀ ਹੈ।
ਇਹ ਸਭ ਮੈਡਮ ਪਵਨਦੀਪ ਕੌਰ ਦੀ ਮਿਹਨਤ ਦਾ ਨਤੀਜਾ ਹੈ।
ਹੁਣ ਉਹਦੇ ਘਰ ਦੇ ਕਦੇ ਛੁੱਟੀ ਨਹੀਂ ਕਰਵਾਉਂਦੇ। ਬਦਲੀ ਹੋਈ ਮੰਨਤ ਵੇਖ ਮਨ ਨੂੰ ਬਹੁਤ ਚੰਗਾ ਵੀ ਲੱਗਦਾ ਹੈ ਤੇ ਕਦੇ ਕਦਾਈਂ ਉਹਦੇ ਘਰ ’ਚ ਹੋਇਆ ਅਪਮਾਨ ਵੀ ਭੁੱਲ ਜਾਈਦਾ ਹੈ। ਅੱਜ ਪਹਿਲੀ ਵਾਰ ਮੰਨਤ ਦੇ ਬਾਬਾ ਜੀ ਉਹਨੂੰ ਆਪ ਸਕੂਲ ਛੱਡਣ ਆਏ। ਜਦੋਂ ਉਹ ਮੰਨਤ ਨੂੰ ਕਲਾਸ ’ਚ ਬਿਠਾ ਵਾਪਸ ਜਾਣ ਲੱਗੇ ਮੈਥੋਂ ਰਿਹਾ ਨਾ ਗਿਆ। ਮੈਂ ਉਨ੍ਹਾਂ ਨੂੰ ਪਿੱਛੋਂ ਹਾਕ ਮਾਰੀ, ‘‘ਬਾਬਾ ਜੀ! ਚਾਹ ਪੀ ਕੇ ਜਾਇਓ।’’
ਅੱਜ ਉਹ ਪਿੱਛੇ ਮੁੜ ਬੜੀ ਹਲੀਮੀ ਨਾਲ ਆਖਣ ਲੱਗੇ, ‘‘ਨਹੀਂ ਭਾਈ! ਤੁਸੀਂ ਦੱਸੋ ਕੀ ਸੇਵਾ ਕਰੀਏ? ਤੁਸੀਂ ਤਾਂ ਮੇਰੀ ਪੋਤੀ ਨੂੰ ਸੱਚੀਂ-ਮੁੱਚੀਂ ਬਦਲ ਦਿੱਤਾ...।’’
ਮੈਂ ਸੋਚਦੀ ਰਹਿ ਗਈ ਕਿ ਇਹ ਉਹੀ ਇਨਸਾਨ ਹੈ?
ਮੈਨੂੰ ਇੰਜ ਲੱਗਿਆ ਜਿਵੇਂ ਮੇਰੇ ਮਨ ’ਚੋਂ ਸਾਰੀ ਕੁੜੱਤਣ ਧੋਈ ਗਈ ਹੋਵੇ।

Advertisement

ਸੰਪਰਕ: 98143-85918

Advertisement

Advertisement
Author Image

sukhwinder singh

View all posts

Advertisement