... ਸੁਥਰਾ ਘੋਲ ਪਤਾਸੇ ਪੀਵੇ
ਜਸਵਿੰਦਰ ‘ਜਲੰਧਰੀ’
ਵਿਅੰਗ
ਗਰਮੀਆਂ ਦੀਆਂ ਛੁੱਟੀਆਂ ਮੈਂ ਅਕਸਰ ਘਰੇ ਹੀ ਮਨਾਉਂਦਾ ਹਾਂ। ਮਨਾਉਂਦਾ ਕਾਹਦਾ? ਬੱਸ, ਇਹ ਸਮਝ ਲਓ ਕਿ ਝੱਲਦਾ ਹਾਂ ਜੀ। ਜਾਂ ਤਾਂ ਕਿਸੇ ਦਾ ਜੰਮਣਾ, ਜਾਂ ਮਰਨਾ, ਵਿਆਹ ਸ਼ਾਦੀ ਜਾਂ ਫਿਰ ਭੋਗ। ਤੇ ਜੇਕਰ ਇਹ ਸਭ ਕੁਝ ਨਹੀਂ ਤਾਂ ਫਿਰ ਘਰ ਦੇ ਨਿੱਕੇ ਮੋਟੇ ਕੰਮ। ਬੱਸ ਵਿਹਲ ਹੀ ਨਹੀਂ ਮਿਲਦੀ ਹੋਰ ਕੰਮ ਕਰਨ ਨੂੰ। ਉਂਜ, ਸਭ ਤੋਂ ਜ਼ਿਆਦਾ ਮਜ਼ਾ ਅਫ਼ਸੋਸ ਵਾਲੇ ਘਰ ਹੀ ਆਉਂਦਾ ਹੈ। ਹੈਰਾਨ ਹੋਵੋਗੇ ਕਿ ਪਾਰਟੀਆਂ, ਜਨਮ ਦਿਨ ਜਾਂ ਵਿਆਹਾਂ ਦੇ ਮੌਕੇ ਤਾਂ ਮਜ਼ਾ ਆਉਣਾ ਲਾਜ਼ਮੀ ਹੈ, ਪਰ ਕਿਸੇ ਦੇ ਮਰਨ ’ਤੇ ਮਜ਼ੇ ਲੈਣ ਵਾਲਾ ਇਹ ਬੇਵਕੂਫ਼ ਭਲਾ ਕੌਣ ਏ? ਮੈਂ ਹਾਂ ਭਾਈ। ਹੁਣੇ ਦੱਸਦਾਂ ਕਿਉਂ।ਕਿਉਂਕਿ ਜਿੰਨਾ ਦਿਖਾਵਾ ਅਫ਼ਸੋਸ ਕਰਨ ਵਾਲੇ ਕਰਦੇ ਹਨ ਓਨਾ ਤਾਂ ਮੈਂ ਅੱਜ ਤੱਕ ਕਿਸੇ ਦੇ ਵਿਆਹ, ਮੁੰਡਨ, ਪਾਰਟੀ ਜਾਂ ਬੱਚੇ ਦੇ ਜੰਮਣ ’ਤੇ ਵੀ ਨਹੀਂ ਵੇਖਿਆ। ਰਿਸ਼ਤਿਆਂ ਵਿੱਚ ਆ ਰਿਹਾ ਨਿਘਾਰ, ਅਪਣੱਤ ਦਾ ਘਾਣ, ਚਿੱਟਾ ਪੈ ਰਿਹਾ ਲਹੂ ਦਾ ਰੰਗ, ਸਵਾਰਥ ਦੀ ਚੜ੍ਹ ਰਹੀ ਗੁੱਡੀ ਤੇ ਪੁਰਾਣੀਆਂ ਰਵਾਇਤਾਂ ਨੂੰ ਪੁਆਏ ਜਾ ਰਹੇ ਰਸਮੀ ਲਿਬਾਸ ਜੇਕਰ ਦੇਖਣੇ ਨੇ ਤਾਂ ਮੇਰੇ ਨਾਲ ਇੱਕ ਅਫ਼ਸੋਸ ਵਾਲੇ ਘਰ ’ਚ ਝਾਤ ਮਾਰੋ।
ਪਿਛਲੇ ਸਾਲ ਜੂਨ ਦੇ ਮਹੀਨੇ ਘੁੱਲੇ ਦਾ ਬੁੜ੍ਹਾ ਚਲਾਣਾ ਕਰ ਗਿਆ। ਬੁੜ੍ਹੇ ਦੇ ਅੱਖਾਂ ਮੀਚਣ ਦੀ ਦੇਰ ਸੀ ਕਿ ਘਰ ਵਾਲਿਆਂ ਨੂੰ ਫ਼ਿਕਰ ਪੈ ਗਿਆ ਬਈ ਅਫ਼ਸੋਸ ਕਰਨ ਵਾਲੇ ਕਿੱਥੇ ਬਿਠਾਈਏ। ਛੋਟੀ ਨੂੰਹ ਨੇ ਤਾਂ ਸਾਫ਼ ਕਹਿ ਦਿੱਤਾ, ‘‘ਨਾ ਭਾਈ! ਮੇਰੇ ਘਰ ਤਾਂ ਉੱਕਾ ਹੀ ਥਾਂ ਨਹੀਂ। ਮੈਂ ਜੁਆਕ ਜੱਲਾ ਸਾਂਭਾਂ ਜਾਂ ਅਫ਼ਸੋਸ ਕਰਨ ਆਲ਼ੇ? ਨਾ ਭਾਈ। ਮੈਥੋਂ ਨਹੀਂ ਹੁੰਦੀਆਂ ਬੁੱਤੀਆਂ।ਉੱਥੇ ਬੋਹੜ ਥੱਲੇ ਥੜ੍ਹੇ ਉੱਤੇ ਵਿਛਾ ਲਓ ਦਰੀ। ਫਿਰ ਉਹੀ ਹੋਇਆ ਜੋ ਅਕਸਰ ਕਿਸੇ ਬੁੱਢੇ ਠੇਰੇ ਦੇ ਮਰਨ ’ਤੇ ਹੁੰਦਾ ਹੈ। ਨਿਆਣਿਆਂ ਨੇ ਗੁਰਦੁਆਰਿਓਂ ਦਰੀ ਲਿਆ ਕੇ ਬੋਹੜ ਦੀ ਠੰਢੀ ਛਾਂ ਹੇਠਾਂ ਵਿਛਾ ਦਿੱਤੀ।
ਫਿਰ ਸ਼ੁਰੂ ਹੁੰਦਾ ਏ ਅਫ਼ਸੋਸ ਕਰਨ ਵਾਲਿਆਂ ਦਾ ਡਰਾਮਾ। ਕੰਮਾਂ ’ਤੇ ਜਾਣ ਵਾਲੇ ਤਾਂ ਸਵੇਰੇ ਸੱਤ ਵਜੇ ਤੋਂ ਪਹਿਲਾਂ ਹੀ ਅਫ਼ਸੋਸ ਕਰ ਕੇ ਆਪਣਾ ‘ਕੰਮ ਮੁਕਾਉਣਾ’ ਚਾਹੁੰਦੇ ਹਨ। ਘਰਦਿਆਂ ਨੇ ਅਜੇ ਮੂੰਹ ਵੀ ਨਹੀਂ ਧੋਤਾ ਹੁੰਦਾ ਜਦੋਂ ਪੰਜ ਸੱਤ ’ਕੱਠੇ ਹੋ ਕੇ ਆ ਧਮਕਦੇ ਹਨ ਉਸੇ ਬੋਹੜ ਥੱਲੇ। ਪਿਛਲੀ ਰਾਤ ਨੂੰ ਕਿਸੇ ਨਿਆਣੇ ਨੇ ਦਰੀਆਂ ’ਕੱਠੀਆਂ ਨਹੀਂ ਸੀ ਕੀਤੀਆਂ। ਇਸ ਲਈ ਸਵੇਰੇ ਸਵੇਰੇ ਦਰੀਆਂ ਥੋੜ੍ਹੀਆਂ ਸਿੱਲ੍ਹੀਆਂ ਸਿੱਲ੍ਹੀਆਂ ਲੱਗਦੀਆਂ ਹਨ। ਕੰਮਾਂ ’ਤੇ ਜਾਣ ਵਾਲਿਆਂ ਨੂੰ ਫੈਕਟਰੀ ਤੋਂ ਦੇਰ ਹੋਣ ਦਾ ਡਰ ਰਹਿਣ ਕਰਕੇ ਆਉਂਦੇ ਸਾਰ ਹੀ ਚਾਹ ਦੇ ਕੱਪ ਤੋਂ ਮਨ੍ਹਾ ਕਰ ਦਿੰਦੇ ਹਨ। ਓਧਰ ਘਰਦਿਆਂ ਦੀਆਂ ਅੱਖਾਂ ਵਿੱਚ ਅਜੇ ਨੀਂਦ ਹੁੰਦੀ ਆ। ਪਰ ਕੀ ਕਰਨ? ਆਪ ਤਾਂ ਦਰੀ ’ਤੇ ਬੈਠਣਾ ਹੀ ਹੁੰਦਾ ਹੈ। ਨਹੀਂ ਤਾਂ ਲੋਕ ਕੀ ਕਹਿਣਗੇ?
ਅਖ਼ਬਾਰ ਵਾਲਾ ਵੀ ਆਪਣਾ ਸਾਈਕਲ ਵਿਛੀ ਹੋਈ ਦਰੀ ਦੇਖ ਕੇ ਖੜ੍ਹਾ ਕਰ ਲੈਂਦਾ ਹੈ, ਇਹ ਸੋਚਦਾ ਹੋਇਆ ਕਿ ਦੋ ਚਾਰ ਅਖ਼ਬਾਰਾਂ ਤਾਂ ਵਿਕ ਹੀ ਜਾਣਗੀਆਂ। ਫਿਰ ਸੱਤ-ਅੱਠ ਜਮਾਤਾਂ ਪੜ੍ਹਿਆ ਕੋਈ ਬੰਦਾ ਪੰਜ ਰੁਪਏ ਖਰਚ ਕਰਕੇ ਲੀਡਰਾਂ ਨੂੰ ਉਹ ਗਾਲ੍ਹਾਂ ਕੱਢਦਾ ਹੈ, ਜੋ ਕਦੇ ਕਿਸੇ ਨੇ ਸੁਣੀਆਂ ਨਾ ਹੋਣ। ਫਿਰ ਝੜੀ ਲੱਗਦੀ ਏ ਆਪਣੇ ਆਪਣੇ ਸਿਆਸੀ ਬਿਆਨਾਂ ਦੀ:
‘‘ਆਹ ਲੀਡਰਾਂ ਨੇ ਤਾਂ ਅਤਿ ਚੱਕੀ ਆ ਬਾਈ।’’
‘‘ਸਹੁਰੇ ਰੱਜਦੇ ਈ ਨਹੀਂ।’’
‘‘ਕੋਈ ਨੀ, ਬੇੜਾ ਗਰਕ ਹੋਊ ਇਨ੍ਹਾਂ ... ਦਾ।’’
‘‘ਬਈ ਬੰਦੇ ਨੂੰ ਪਤਾ ਨਹੀਂ ਕੀ ਹੋ ਗਿਆ ਏ? ਰੱਬ ਦਾ ਤਾਂ ਖ਼ੌਫ਼ ਈ ਨਹੀਂ ਰਿਹਾ।’’
‘‘ਆਹੋ ਕੀੜੇ ਪੈਣਗੇ ਕੀੜੇ ਇਨ੍ਹਾਂ ਲੀਡਰਾਂ ਦੇ, ਉਹ ਵੀ ਰਬੜ ਦੇ। ਗਲਣੇ ਵੀ ਨਹੀਂ। ਤੂੰ ਦੇਖੀ ਜਾਹ ਛਿੰਦਿਆ।’’
‘‘ਕਾਹਦੇ ਕੀੜੇ ਯਾਰ ਲਾਲੀ? ... ਵਧੀਆ ਜ਼ਿੰਦਗੀ ਜਿਊਂਦੇ ਆ। ਅਸੀਂ ਤਾਂ ਐਵੇਂ ਭੱਠ ਈ ਝੋਕਦੇ ਹਾਂ।’’
ਘੁੱਲਾ ਵਿਚਾਰਾ ਅੱਖਾਂ ਪੂੰਝਦਾ ਪੂੰਝਦਾ ਸੋਚ ਰਿਹਾ ਸੀ ਕਿ ‘ਇਹ ਅਫ਼ਸੋਸ ਕਰਨ ਤੇ ਦਫ਼ਾ ਹੋਣ, ਮੈਂ ਤਾਂ ਅਜੇ ਬੁਰਸ਼ ਵੀ ਨਹੀਂ ਕੀਤਾ।’
‘‘ਫੇਰ ਘੁੱਲਿਆ! ਤੋਰ ਤਾ ਬੁੜ੍ਹਾ?’’ ਤਾਏ ਭਜਨੇ ਨੇ ਗਿੱਲੀ ਦਰੀ ’ਤੇ ਬੈਠੇ ਨੇ ਪਾਸਾ ਪਰਤ ਕੇ ਪੁੱਛਿਆ।
ਇਸ ਤੋਂ ਪਹਿਲਾਂ ਕਿ ਘੁੱਲਾ ਕੁਝ ਕਹਿੰਦਾ, ਗਾਹਲੋਂ ਬੁੜ੍ਹੇ ਨੇ ਅਖ਼ਬਾਰ ਤੋਂ ਅੱਖਾਂ ਚੁੱਕ ਕੇ ਕਿਹਾ, ‘‘ਧਰਮ ਨਾਲ ਇਨ੍ਹਾਂ ਸਹੁਰਿਆਂ ਨੂੰ ਨਰਕ ਵਿੱਚ ਵੀ ਥਾਂ ਨਹੀਂ ਮਿਲਣੀ, ਮੈਂ ਥੋਨੂੰ ਦੱਸਾਂ।’’
ਘੁੱਲਾ ਵਿਚਾਰਾ ਨਿੰਮੋਝੂਣਾ ਹੋਇਆ ਅੱਖਾਂ ਅੱਡ ਕੇ ਬਹਿ ਗਿਆ। ਉਸ ਨੇ ਅਖ਼ਬਾਰ ਦੀ ਖ਼ਬਰ ਨੂੰ ਆਪਣੇ ਮਰੇ ਹੋਏ ਪਿਓ ਨਾਲ ਜੋੜ ਕੇ ਜੁ ਸੁਣਿਆ ਸੀ। ‘‘ਹੋਰ ਤਾਇਆ ਕੀ ਕਰਨਾ। ਚਲੋ ਚਲੀ ਦਾ ਮੇਲਾ ਏ।’’
‘‘ਜਾਣਾ ਈ ਪੈਣਾ ਬਈ ਆਪੋ ਆਪਣੀ ਵਾਰੀ,’’ ਛਿੰਦੇ ਨੇ ਗੱਲ ਹੀ ਮੁਕਾ ਦਿੱਤੀ।
ਇਹ ਵਾਕਿਆ ਸਿਰਫ਼ ਘੁੱਲੇ ਦਾ ਨਹੀਂ ਸਗੋਂ ਹਰ ਘਰ ਵਿੱਚ ਇਹੋ ਜਿਹੀ ਤਸਵੀਰ ਮਿਲਦੀ ਹੈ ਜਿੱਥੇ ਅਫ਼ਸੋਸ ਨੂੂੂੰ ਅਖ਼ਬਾਰ ਪੜ੍ਹਨ ਅਤੇ ਸਿਆਸੀ ਚਰਚਾ ਦਾ ਕੇਂਦਰ ਬਣਾ ਦਿੱਤਾ ਜਾਂਦਾ ਹੈ। ਅਫ਼ਸੋਸ ਤਾਂ ਇੱਕ ਪਾਸੇ, ਕਈ ਵਾਰ ਤਾਂ ਮਰਨ ਵਾਲੇ ਦਾ ਨਾਂ ਵੀ ਨਹੀਂ ਲਿਆ ਜਾਂਦਾ। ਇਨ੍ਹਾਂ ਮੌਕਿਆਂ ’ਤੇ ਕੁਝ ਸ਼ਬਦ ਤਾਂ ਆਮ ਸੁਣਨ ਨੂੰ ਮਿਲਦੇ ਹਨ:
‘‘ਬਈ ਬੜਾ ਨੇਕ ਸੀ ਵਿਚਾਰਾ।’’
‘‘ਕਦੇ ਕਿਸੇ ਨਾਲ ਤਿੰਨ ਪੰਜ ਨਹੀਂ ਸੀ ਕਰਦਾ।’’
‘‘ਸੁਭਾਅ ਦਾ ਤਾਂ ਬਾਹਲ਼ਾ ਈ ਚੰਗਾ ਸੀ।’’
‘‘ਅਜੇ ਵੀ ਕੈਮ ਸੀ ਸੁੱਖ ਨਾਲ। ਨੱਠਾ ਭੱਜਾ ਫਿਰਦਾ ਸੀ।’’
‘‘ਬੜਾ ਰੋਅਬ ਸੀ ਨਿਆਣਿਆਂ ’ਤੇ ਬਈ।’’
‘‘ਕੀ ਗੱਲ, ਬਿਮਾਰ ਸੀ?’’
‘‘ਫੇਰ ’ਰਾਮ ਈ ਨੀ ਆਇਆ ਤਾਏ ਨੂੰ...।’’
‘‘ਲੈ ਬਈ, ਸ਼ਾਬਾਸ਼ੇ ਜੁਆਨਾਂ ਦੇ, ਬੜਾ ’ਲਾਜ ਕਰਾਇਆ ਬਈ ਤੁਸੀਂ। ਕੋਈ ਕਸਰ ਨਹੀਂ ਛੱਡੀ।’’
ਫਿਰ ਇਹ ਸਾਰੀਆਂ ਗੱਲਾਂ ਉਦੋਂ ਤੱਕ ਹੀ ਹੁੰਦੀਆਂ ਨੇ ਜਦੋਂ ਤੱਕ ਦਰੀ ’ਤੇ ਬੈਠੇ ਹੋਣ। ਉੱਠਦੇ ਸਾਰ ਹੀ ਗਲੀ ’ਚ, ਮੁਹੱਲੇ ’ਚ, ਰਾਹਾਂ ਵਿੱਚ, ਮੋੜਾਂ ’ਤੇ, ਚੌਰਾਹਿਆਂ ਵਿੱਚ, ਹੱਟੀਆਂ ਜਾਂ ਭੱਠੀਆਂ ’ਤੇ ਜਿੰਨੀ ਬਦਖੋਈ ਮਰਨ ਵਾਲੇ ਦੀ ਹੁੁੰਦੀ ਹੈ ਓਨੀ ਤਾਂ ਸ਼ਾਇਦ ਕਿਸੇ ਜਿਊਂਦੇ ਜਾਗਦੇ ਬੰਦੇ ਦੀ ਵੀ ਨਹੀਂ ਹੁੁੰਦੀ ਹੋਣੀ। ਜਿਹੜੇ ਮਰਨ ਵਾਲੇ ਦੀ ਨੇਕੀ ਦੀਆਂ ਗੱਲਾਂ ਕਰਦੇ ਨਹੀਂ ਸੀ ਥੱਕਦੇ, ਉਹੀ ਕਹਿੰਦੇ ਹਨ, ‘‘... ... ਸੀ ਪੂਰਾ। ਪਿੰਡ ਦੀ ਕੋਈ ਔਰਤ ਨਹੀਂ ਛੱਡੀ ਏਸ ਮੁੱਛਲ ਨੇ ਜਿਸ ਨੂੰ ਭੈੜੀ ਅੱਖ ਨਾਲ ਨਾ ਦੇਖਿਆ ਹੋਵੇ। ਪੱਥਰ ਪਾੜਵੀਂ ਨਿਗ੍ਹਾ ਸੀ ਸਹੁਰੇ ਦੀ।’’
‘‘ਤਿੰਨ ਪੰਜ ਸੁਆਹ ਕਰਨੀ ਸੀ ਇਹਨੇ? ਥਾਂ ਥਾਂ ਦਾ ਕਰਜ਼ਾਈ ਸੀ। ਤਿੰਨ ਪੰਜ ਕਰਕੇ ਦੇਖ ਲੈਂਦਾ, ਜੇ ਅਗਲੇ ਗੋਡਾ ਧੌਣ ’ਤੇ ਨਾ ਰੱਖ ਲੈਂਦੇ ਤਾਂ ਕਹਿੰਦੇ। ਅਖੇ, ਸੁਭਾਅ ਦਾ ਬਾਹਲ਼ਾ ਈ ਚੰਗਾ ਸੀ... ਆਹ ਛਿੰਦੇ ਨੂੰ ਪੁੱਛੇ ਬਈ ਪਿੰਡ ’ਚ ਕੋਈ ਇੱਕ ਜਣਾ ਬਾਂਹ ਖੜ੍ਹੀ ਕਰਕੇ ਕਹਿ ਦੇਵੇ ਜਿਹਦੇ ਨਾਲ ਏਸ ਬੁੜ੍ਹੇ ਨੇ ਲੜਾਈ ਨਾ ਕੀਤੀ ਹੋਵੇ। ਹਰੇਕ ਨਾਲ ਪੰਗਾ। ਕਦੇ ਪਸ਼ੂਆਂ ਪਿੱਛੇ, ਕਦੇ ਦੁੱਧ ਪਿੱਛੇ, ਕਦੇ ਨਾਲ਼ੀ ਪਿੱਛੇ ਤੇ ਕਦੇ ਵਿਆਹਾਂ ਦੀ ਰੋਟੀ ਪਿੱਛੇ,’’ ਭਾਗੂ ਕਹਿੰਦਾ ਗਿਆ।
‘‘ਘੁੱਦੂ ਕਹਿੰਦਾ ਸੀ ਕਿ ਬੁੜ੍ਹਾ ਅਜੇ ਵੀ ਕੈਮ ਸੀ।’’ ਭਜਨੇ ਨੇ ਮਸਖਰੇਪਣ ਨਾਲ ਕਿਹਾ। ‘‘ਕੈਮ ਤਾਂ ਭਾਈ ਰਹਿਣਾ ਈ ਪੈਣਾ ਸੀ। ਧੋਬੀ ਦੇ ਕੁੱਤੇ ਨਾਲੋਂ ਭੈੜੀ ਜੂਨ ਸੀ ਉਹਦੀ। ਘਰ ਦੇ ਸਾਰੇ ਕੰਮ ਤਾਂ ਉਸੇ ਨੂੰ ਹੀ ਕਰਨੇ ਪੈਂਦੇ ਸਨ।ਤੇ ਆਹ ਜਿਹੜੇ ਕਹਿੰਦੇ ਆ ਕਿ ਕੋਈ ਕਸਰ ਨਹੀਂ ਛੱਡੀ ਉਹਦੇ ਇਲਾਜ ਵਿੱਚ, ਭਲਾ ਕੋਈ ਪੁੱਛੇ ਕਦੇ ਕਿਸੇ ਨੇ ਸਿਰ ਦੁਖਦੇ ਦੀ ਗੋਲੀ ਵੀ ਦਿੱਤੀ ਸੀ ਉਹਨੂੰ! ਆਪਣੇ ਜੁਆਕਾਂ ਨੂੰ ਭੋਰਾ ਸੇਕ ਨਹੀਂ ਲੱਗਣ ਦਿੰਦੇ। ਬੁੜ੍ਹਾ ਵਿਚਾਰਾ ਤਾਂ ਪਾਣੀ ਦੇ ਘੁੱਟ ਨੂੰ ਤਰਸਦਾ ਮਰ ਗਿਆ... ਅਖੇ ’ਲਾਜ ਕਰਾਇਆ ਇਨ੍ਹਾਂ ਨੇ!’’
ਮਤਲਬ ਕਿ ਅਫ਼ਸੋਸ ਤਾਂ ਸਿਰਫ਼ ਨਾਂ ਦਾ ਹੀ ਰਹਿ ਗਿਆ। ਅਸਲ ਵਿੱਚ ਤਾਂ ਇਹ ਉਹ ਮੌਕਾ ਹੈ ਜਿੱਥੇ ਅਸੀਂ ਆਪਣੇ ਮਨ ਦੀ ਭੜਾਸ ਕੱਢਦੇ ਹਾਂ।ਕਦੇ ਅਖ਼ਬਾਰਾਂ ਦੀਆਂ ਸੁਰਖ਼ੀਆਂ ਪੜ੍ਹ ਕੇ, ਕਦੇ ਕੋਈ ਕਹਾਣੀ ਸੁਣਾ ਕੇ ਤੇ ਕਦੇ ਕੋਈ ਚੁਟਕਲਾ ਸੁਣਾ ਕੇ। ਜੇ ਇਹ ਸਭ ਨਹੀਂ ਤਾਂ ਲੀਡਰਾਂ ਨੂੰ ਕੋਸ ਕੋਸ ਕੇ। ਬੱਸ ਇਹ ਇੱਕ ਮੌਕਾ ਹੈ ਮਰਨ ਵਾਲੇ ਦਾ ਚਰਿੱਤਰ ਸਰਟੀਫਿਕੇਟ ਛਾਪਣ ਦਾ।
ਇਹ ਤਾਂ ਹੋਇਆ ਬੁੜ੍ਹੇ ਦਾ ਅਫ਼ਸੋਸ। ਜ਼ਨਾਨੀਆਂ ਦਾ ਅਫ਼ਸੋਸ ਤਾਂ ਇਸ ਤੋਂ ਵੀ ਜ਼ਿਆਦਾ ਹਾਸੋਹੀਣਾ ਹੁੰਦਾ ਹੈ। ਅਫ਼ਸੋਸ ਕਰਨ ਵਾਲੀਆਂ ਬੁੜ੍ਹੀਆਂ ਪਿੰਡ ਦੀ ਜੂਹ ਵਿੱਚ ਦਾਖਲ ਹੋਣ ਤੋਂ ਪਹਿਲਾਂ ਤਾਂ ਹੱਸਦੀਆਂ ਖੇਡਦੀਆਂ ਆਉਂਦੀਆਂ ਹਨ, ਪਰ ਜਿਉਂ ਹੀ ਜੂਹ ਅੰਦਰ ਵੜਦੀਆਂ ਹਨ, ਪਤਾ ਨਹੀਂ ਕਿਹੜਾ ਨਿਰੂਪਾ ਰਾਏ ਵਾਲਾ ਕਰੈਕਟਰ ਉਨ੍ਹਾਂ ਦੇ ਅੰਦਰ ਆ ਵੜਦਾ ਹੈ ਕਿ ਉੱਚੀ ਉੱਚੀ ਰੋਣ ਲੱਗ ਪੈਂਦੀਆਂ ਹਨ। ਕਦੇ ਜੁਆਕਾਂ ਵੱਲ ਵੇਖ ਕੇ, ਕਦੇ ਬੁੜ੍ਹੀ ਦੀ ਹੁੱਕੀ ਵੱਲ ਵੇਖ ਕੇ ਤੇ ਕਦੇ ਮੰਜਾ ਵੇਖ ਕੇ ਉਨ੍ਹਾਂ ਦਾ ਰੋਣ ਆਪਮੁਹਾਰੇ ਨਿਕਲ ਜਾਂਦਾ ਹੈ। ਕਈਆਂ ਨੂੰ ਤਾਂ ਰੋਣਾ ਵੀ ਨਹੀਂ ਆਉਂਦਾ।ਉਹ ਫੇਰ ਰੋਣ ਵਾਲੀਆਂ ਦੀ ਹੇਕ ਨਾਲ ਹੇਕ ਮਿਲਾ ਕੇ ਕੋਸ਼ਿਸ਼ ਤਾਂ ਕਰਦੀਆਂ ਹਨ ਪਰ ਸੁਰ ਤੋਂ ਬਾਹਰ ਹੋ ਜਾਂਦੀਆਂ ਹਨ। ਫਿਰ ਲੋਕ ਲਾਜ ਲਈ ਸੁੱਕੀਆਂ ਅੱਖਾਂ ਪੂੰਝ ਕੇ ‘‘ਹਾਏ! ਹਾਏ! ਹਾਏ!’’ ਕਹਿ ਕੇ ਗੱਲ ਤੋਰਦੀਆਂ ਹਨ:
‘‘ਘਰ ਦਾ ਜਿੰਦਾ ਸੀ ਪਰਤਾਪੀ, ਕੁੜੇ...।’’
ਤੇ ਵੱਡੀ ਨੂੰਹ ਨੂੰ ਨਾ ਚਾਹੁੰਦੇ ਹੋਏ ਵੀ ਹਾਂ ਵਿੱਚ ਸਿਰ ਹਿਲਾਉਣਾ ਪੈਂਦਾ ਹੈ।ਭਾਵੇਂ ਉਹ ਸੋਚ ਰਹੀ ਹੋਵੇ, ‘‘ਚੰਗਾ ਹੋਇਆ, ਜਾਨ ਛੁੱਟੀ। ਫਫੇਕੁੱਟਣੀ ਸੀ ਪੂਰੀ।’’
ਓਧਰ ਆਪਣੀ ਪਤਲੀ ਜਿਹੀ ਚੁੁੰਨੀ ਨਾਲ ਪੂਰਾ ਜ਼ੋਰ ਲਗਾ ਕੇ ਨੱਕ ਸਾਫ਼ ਕਰਦੀ ਅਮਰੋ ਤਾਈ ਪਰਤਾਪੀ ਬੁੜ੍ਹੀ ਦੀ ਵੱਡੀ ਨੂੰਹ ਨੂੰ ਸੁਣਾਉਂਦੇ ਹੋਏ ਬੋਲਦੀ ਹੈ, ‘‘ਲੈ ਹਾਲੇ ਪਰਸੋਂ ਤਾਂ ਮੈਥੋਂ ਦੋ ਸੌ ਰੁਪਏ ਲੈ ਕੇ ਗਈ ਸੀ। ਅਖੇ, ਮੈਂ ਦੁੱਧ ਪਾ ਕੇ ਮੋੜ ਦੇਊਂ।’’
‘‘ਤਾਈ ਜਿੱਧਰ ਗਈਆਂ ਬੇੜੀਆਂ ਓਧਰ ਗਏ ਮਲਾਹ,’’ ਕਹਿ ਕੇ ਨੂੰਹ ਨੇ ਤਾਂ ਦੋ ਸੌ ਵਾਪਸ ਕਰਨ ਤੋਂ ਪੱਲਾ ਝਾੜ ਲਿਆ।
ਅਮਰੋ ਵਿਚਾਰੀ ਚੁੱਪ।
ਚੁਗਲਖੋਰ, ਆਕੜਖੋਰ, ਮੱਕਾਰ, ਲਾਈ ਬੁਝਾਈ ਕਰਨ ਵਾਲੀ ਕਿਸਮ ਦੇ ਦੋ ਕਿਰਦਾਰ ਛਿੰਦੋ ਜਾਂ ਮਿੰਦੋ ਲਗਭਗ ਹਰ ਪਿੰਡ ਵਿੱਚ ਆਮ ਮਿਲ ਜਾਂਦੇ ਹਨ। ਸਪੈਸ਼ਲ ਟਾਸਕ ਫੋਰਸ ਵਾਂਗਰ ਇਨ੍ਹਾਂ ਦਾ ਕੰਮ ਕਾਫ਼ੀ ਅਹਿਮ ਤੇ ਜ਼ਿੰਮੇਵਾਰੀ ਵਾਲਾ ਹੁੰਦਾ ਹੈ। ਬੁੜ੍ਹੀ ਦੇ ਮਰਨ ਮਗਰੋਂ ਉਸ ਦੀ ਪੇਟੀ, ਕੱਪੜੇ -ਲੱਤੇ, ਟੂੰਮਾਂ ਤੇ ਮਿਲਣੀ ਵਾਲੇ ਗਹਿਣੇ ਜਾਂ ਕੰਬਲਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਤੈਅ ਕਰਨਾ ਇਨ੍ਹਾਂ ਦਾ ਹੀ ਕੰਮ ਹੁੰਦਾ ਹੈ। ਇਨ੍ਹਾਂ ਦਾ ਸਿਰਫ਼ ਏਨਾ ਕਹਿਣਾ ਕਿ ‘‘ਬਥੇਰਾ ਕੁਝ ਛੱਡ ਗਈ ਆ ਪੁੱਤਾਂ ਪੋਤਿਆਂ ਲਈ’’ ਦੋ ਤਿੰਨ ਨੂੰਹਾਂ ਵਿੱਚ ਤਰੇੜ ਪਾਉਣ ਲਈ ਕਾਫ਼ੀ ਹੈ। ਇਸ ਕਰਕੇ ਕਈ ਵਾਰ ਇਸੇ ਦਿਨ ਹੀ ਘਰਾਂ, ਜ਼ਮੀਨਾਂ, ਗਹਿਣਿਆਂ ਤੇ ਭਾਂਡਿਆਂ ਆਦਿ ਦੀ ਵੰਡ ਅਫ਼ਸੋਸ ਕਰਨ ਵਾਲੇ ਹੀ ਕਰ ਜਾਂਦੇ ਹਨ। ਫਿਰ ਇਨ੍ਹਾਂ ਦੇ ਜਾਣ ਮਗਰੋਂ ਨੂੰਹਾਂ ਪੁੱਤਾਂ ਨੂੰ ਬੁੜ੍ਹੀ ਦੀਆਂ ਚਾਬੀਆਂ ਸਾਂਭਣ ਦੀ ਆਪੋ-ਧਾਪੀ ਪੈ ਜਾਂਦੀ ਹੈ।
ਅਫ਼ਸੋਸ ਕਰਨ ਵਾਲਿਆਂ ਦੇ ਮੂੂੰਹੋਂ ਕਦੇ ਵੀ ਮਰਨ ਵਾਲੇ ਦੇ ਘਰਦਿਆਂ ਦੇ ਸਾਹਮਣੇ ਉਸ ਦੀ ਬੁਰਾਈ ਨਹੀਂ ਹੁੰਦੀ। ਹਮੇਸ਼ਾ ਹੀ ਮਰਨ ਵਾਲੇ ਦੇ ਝੂਠੇ ਕਸੀਦੇ ਪੜ੍ਹੀ ਜਾਣਗੇ। ਇਨ੍ਹਾਂ ਵਾਸਤੇ ਤਾਂ ਉਹ ਬੰਦਾ ਜਿਹਦੀ ਅੱਖ ਸਵੇਰੇ ਦੋ ਪਟਿਆਲਾ ਪੈੱਗ ਨਾਲ ਹੀ ਖੁੱਲ੍ਹਦੀ ਹੋਵੇ, ਵੀ ਹਮੇਸ਼ਾ ਸਾਊ ਹੀ ਹੁੁੰਦਾ ਹੈ।ਸਭ ਤੋਂ ਮਾੜਾ ਹਾਲ ਤਾਂ ਅਫ਼ਸੋਸ ਵਾਲੇ ਘਰ ਦੀਆਂ ਸੁਆਣੀਆਂ ਦਾ ਹੁੰਦਾ ਹੈ। ਉਹ ਤਾਂ ਵਿਚਾਰੀਆਂ ਚਾਹ ਦੇ ਪਤੀਲੇ ਤੇ ਜੂਠੇ ਗਲਾਸ ਮਾਂਜ ਮਾਂਜ ਕੇ ਆਪਣੇ ਹੱਥਾਂ ਦੀਆਂ ਲਕੀਰਾਂ ਤੱਕ ਮਿਟਾ ਬਹਿੰਦੀਆਂ ਹਨ। ਅਫ਼ਸੋਸ ਕਰਨ ਵਾਲੇ ਚਾਰ ਪੰਜਾਂ ਦੇ ਗਰੁੱਪ ਵਿੱਚ ਇੰਜ ਆਉਂਦੇ ਹਨ ਜਿਵੇਂ ਬੀਮੇ ਦੀਆਂ ਕਿਸ਼ਤਾਂ। ਤੇਰ੍ਹਵੇਂ ਜਾਂ ਸੋਲ੍ਹਵੇਂ ਵਾਲੇ ਦਿਨ ਤਾਂ ਇਨ੍ਹਾਂ ਦੀ ਆਮਦ ਏਨੀ ਤੇਜ਼ ਹੁੰਦੀ ਹੈ ਜਿੰਨੀ ਗਰਮੀਆਂ ਵਿੱਚ ਬਿਜਲੀ ਦੇ ਯੂਨਿਟਾਂ ਦੀ। ਇੱਕ ਤੋਂ ਬਾਅਦ ਇੱਕ। ‘‘ਆਹ ਪੰਜ ਛੇ ਕੱਪ ਹੋਰ ਵਧਾ ਦੇਈਂ ਚਾਹ ਕੁੜੇ!’’ ਵਰਗੇ ਸ਼ਬਦ ਆਮ ਸੁਣਨ ਨੂੰ ਮਿਲ ਜਾਣਗੇ।
ਲਓ ਜੀ ਮੈਂ ਤਾਂ ਜੋ ਕਹਿਣਾ ਸੀ ਕਹਿ ਦਿੱਤਾ। ਕਿਸੇ ਦੇ ਗਿੱਟੇ ਲੱਗੇ ਜਾਂ ਗੋਡੇ। ਬਾਕੀ ਤੁਸੀਂ ਚਾਹੋ ਤਾਂ ਇਸ ਤੋਂ ਵੱਧ ‘ਡਰਾਮੇਬਾਜ਼ੀ’ ਬਾਰੇ ਵੀ ਪਤਾ ਲਾ ਸਕਦੇ ਹੋ ਜੋ ਅਫ਼ਸੋਸ ਕਰਨ ਵਾਲੇ ਅਕਸਰ ਮੌਤ ਵਾਲੇ ਘਰਾਂ ਵਿੱਚ ਕਰਦੇ ਨਜ਼ਰ ਆਉਣਗੇ। ਇਸ ਨਿਰਮੋਹੀ ਦੁਨੀਆ ਵਿੱਚ ਕੌਣ ਕਿਸੇ ਲਈ ਰੋਂਦਾ ਹੈ? ਇਹ ਤਾਂ ਬੱਸ ਰਵਾਇਤਾਂ ਦੀ ਪੰਡ ਹੈੈ ਜਿਸ ਨੂੰ ਬੋਝ ਸਮਝ ਕੇ ਢੋਂਹਦੇ-ਢੋਂਹਦੇ ਅਸੀਂ ਅਪਣੱਤ ਦਾ ਕਤਲ ਕਰੀ ਜਾ ਰਹੇ ਹਾਂ ਕਿਉਂਕਿ ‘ਕੋਈ ਮਰੇ ਤੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ’।
ਸੰਪਰਕ: 79737-48062