Dried-up Achabal Spring: ‘ਕਿਉਂ ਇੱਛਾਬਲ ਤੂੰ ਸੁੱਕਿਆ?’: ਸੁੱਕ ਗਏ ਚਸ਼ਮੇ ਨੇ ਚੇਤੇ ਕਰਵਾਈ ਭਾਈ ਵੀਰ ਸਿੰਘ ਦੀ ਕਵਿਤਾ
ਵਾਇਰਲ ਹੋਈ ਵੀਡੀਓ ’ਚ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚਲੇ ਸੁੱਕੇ ਹੋਏ ਇੱਛਾਬਲ ਚਸ਼ਮੇ ਨੂੰ ਬਜ਼ੁਰਗ ਔਰਤ ਦਰਦਨਾਕ ਅਪੀਲ ਕਰਦੀ ਦਿਖਾਈ ਦਿੱਤੀ; ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀ ਪਾਣੀ ਦੇ ਸੰਕਟ ’ਤੇ ਜਤਾਈ ਚਿੰਤਾ
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 19 ਫਰਵਰੀ
ਪੰਜਾਬੀ ਦੇ ਮਹਾਨ ਸ਼ਾਇਰ ਤੇ ਕੁਦਰਤ ਪ੍ਰੇਮੀ ਭਾਈ ਵੀਰ ਸਿੰਘ ਨੇ ਇਕ ਵਾਰ ਲਗਾਤਾਰ ਵਗਦੇ ਰਹਿੰਦੇ ਕਸ਼ਮੀਰ ਦੇ ਜ਼ਿਲ੍ਹਾ ਅਨੰਤਨਾਗ ਵਿਚਲੇ ਇੱਛਾਬਲ ਝਰਨੇ ਨੂੰ ਸਵਾਲ ਕੀਤਾ ਸੀ ਕਿ ਸ਼ਾਮ ਪੈਣ ’ਤੇ ਜਿਥੇ ਸਾਰਾ ਕੁਝ ਠਹਿਰ ਗਿਆ ਏ, ਉਥੇ ਤੂੰ ਕਿਉਂ ਲਗਾਤਾਰ ਵਗਦਾ ਜਾ ਰਿਹਾ ਏਂ?
ਉਨ੍ਹਾਂ ਦੀ ਕਵਿਤਾ ਦੇ ਬੋਲ ਇੰਝ ਹਨ:

ਇੱਛਾ ਬਲ ਤੇ ਡੂੰਘੀਆਂ ਸ਼ਾਮਾਂ
ਪ੍ਰਸ਼ਨ-
ਸੰਝ ਹੋਈ ਪਰਛਾਵੇਂ ਛੁਪ ਗਏ ਕਿਉਂ ਇੱਛਾ ਬਲ ਤੂੰ ਜਾਰੀ?
ਨੈਂ ਸਰੋਦ ਕਰ ਰਹੀ ਉਵੇਂ ਹੀ ਤੇ ਟੁਰਨੋਂ ਬੀ ਨਹਿੰ ਹਾਰੀ,
ਸੈਲਾਨੀ ਤੇ ਪੰਛੀ ਮਾਲੀ, ਹਨ ਸਭ ਅਰਾਮ ਵਿਚ ਆਏ,
ਸਹਿਮ ਸਵਾਦਲਾ ਛਾ ਰਿਹਾ ਸਾਰੇ ਤੇ ਕੁਦਰਤ ਟਿਕ ਗਈ ਸਾਰੀ।
ਚਸ਼ਮੇ ਦਾ ਉੱਤਰ-
ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਓ ਕਰ ਅਰਾਮ ਨਹੀਂ ਬਹਿੰਦੇ।
ਨਿਹੁੰ ਵਾਲੇ ਨੈਣਾਂ ਕੀ ਨੀਂਦਰ ? ਓ ਦਿਨੇ ਰਾਤ ਪਏ ਵਹਿੰਦੇ।
ਇਕੋ ਲਗਨ ਲਗੀ ਲਈ ਜਾਂਦੀ ਹੈ ਟੋਰ ਅਨੰਤ ਉਨ੍ਹਾਂ ਦੀ-
ਵਸਲੋਂ ਉਰ੍ਹੇ ਮੁਕਾਮ ਨ ਕੋਈ, ਸੋ ਚਾਲ ਪਏ ਨਿਤ ਰਹਿੰਦੇ।
ਪਰ ਹੁਣ ਪ੍ਰਦੂਸ਼ਣ, ਆਲਮੀ ਤਪਸ਼ ਤੇ ਇਸ ਦੇ ਸਿੱਟੇ ਵਜੋਂ ਪਈ ਮੌਸਮੀ ਤਬਦੀਲੀ ਦੀ ਮਾਰ ਕਾਰਨ ਇਹ ਚਸ਼ਮਾ ਸੁੱਕ ਗਿਆ ਹੈ ਤਾਂ ਲੋਕ ਇਸ ਨੂੰ ਸਵਾਲ ਕਰ ਰਹੇ ਨੇ ਕਿ ‘ਕਿਉਂ ਇੱਛਾਬਲ ਤੂੰ ਸੁੱਕਿਆ?’
ਅਜਿਹੀ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਬਜ਼ੁਰਗ ਔਰਤ ਵਿਰਲਾਪ ਕਰਦੀ ਸੁੱਕੇ ਹੋਏ ਅਚਬਲ (ਇੱਛਾਬਲ) ਝਰਨੇ ਨੂੰ ਆਖ ਰਹੀ ਹੈ, ‘‘ਹੇ ਗ਼ੈਬੀ ਝਰਨੇ, ਤੂੰ ਕਿੱਥੇ ਗ਼ਾਇਬ ਹੋ ਗਿਆ, ਮੇਰੇ ਪਿਆਰੇ? ਤੂੰ ਕਿਉਂ ਸੁੱਕ ਗਿਆ?”
ਮੁਗ਼ਲ ਗਾਰਡਨ ਵਿੱਚ ਇਹ ਇਤਿਹਾਸਕ ਝਰਨਾ 17ਵੀਂ ਸਦੀ ਵਿੱਚ ਬਾਦਸ਼ਾਹ ਜਹਾਂਗੀਰ ਦੀ ਪਤਨੀ ਨੂਰ ਜਹਾਂ ਨੇ ਬਣਾਵਾਇਆ ਸੀ। ਮੁਕਾਮੀ ਲੋਕਾਂ ਦੇ ਦੱਸਣ ਬੁਤਾਬਕ ਇਹ ਪਹਿਲਾਂ ਕਦੇ ਸੁੱਕਿਆ ਨਹੀਂ ਹੈ।
ਵਾਇਰਲ ਵੀਡੀਓ ਵਿੱਚ ਇੱਕ ਜਜ਼ਬਾਤੀ ਅਪੀਲ ਕਰਦਿਆਂ ਇਹ ਬਜ਼ੁਰਗ ਔਰਤ ਦਿਲ ਭਰ ਕੇ ਰੋਂਦੀ ਹੋਈ ਆਖ ਰਹੀ ਹੈ, “ਹੇ ਗ਼ੈਬੀ ਝਰਨੇ, ਤੂੰ ਸਾਨੂੰ ਪਾਣੀ ਦੇਣਾ ਕਿਉਂ ਬੰਦ ਕਰ ਦਿੱਤਾ ਹੈ? ਅਸੀਂ ਤੇਰਾ ਕੀ ਕੀਤਾ ਹੈ?... ਤੂੰ ਕਿਉਂ ਸੁੱਕ ਗਿਆ?... ਜ਼ਿੰਦਗੀ ਵਿੱਚ ਵਾਪਸ ਆ ਜਾ... ਹੇ ਅੱਲ੍ਹਾ, ਪਾਣੀ ਨੂੰ ਇੱਕ ਵਾਰ ਫਿਰ ਵਗਣ ਲਾ ਦੇਹ...।”
ਇਹ ਚਸ਼ਮਾ ਵੱਖ-ਵੱਖ ਜਲ ਸਪਲਾਈ ਯੋਜਨਾਵਾਂ ਲਈ ਇੱਕ ਸਰੋਤ ਵਜੋਂ ਕੰਮ ਕਰਦਾ ਹੋਇਆ ਆਲੇ-ਦੁਆਲੇ ਦੇ ਪਿੰਡਾਂ ਦੀ ਪਾਣੀ ਦੀ ਲੋੜ ਪੂਰੀ ਕਰਦਾ ਆ ਰਿਹਾ ਹੈ। ਹੁਣ ਇਲਾਕੇ ਦੇ ਵਸਨੀਕ ਪਾਣੀ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਹਨ ਅਤੇ ਪਾਣੀ ਦੇ ਟੈਂਕਰਾਂ 'ਤੇ ਨਿਰਭਰ ਕਰ ਰਹੇ ਹਨ।
ਦੱਖਣੀ ਕਸ਼ਮੀਰ ਵਿੱਚ ਹੋਰ ਥਾਵਾਂ 'ਤੇ ਵੀ ਸਥਿਤੀ ਗੰਭੀਰ ਹੈ, ਕਿਉਂਕਿ ਨਦੀਆਂ-ਦਰਿਆਵਾਂ ਅਤੇ ਜਲ ਭੰਡਾਰਾਂ ਵਿੱਚ ਪਾਣੀ ਦਾ ਪੱਧਰ ਘਟ ਰਿਹਾ ਹੈ। ਜਿਹਲਮ ਦਰਿਆ, ਜੋ ਕਿ ਇਸ ਖੇਤਰ ਦੀ ਜੀਵਨ ਰੇਖਾ ਹੈ, ਦੇ ਪਾਣੀ ਦੇ ਪੱਧਰ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ।
ਮਾਹਿਰਾਂ ਨੇ ਅਜਿਹੀ ਸਥਿਤੀ ਪੈਦਾ ਹੋਣ ਦਾ ਕਾਰਨ ਬਰਫ਼ ਰਹਿਤ ਸਰਦੀਆਂ ਅਤੇ ਲੰਬੇ ਸਮੇਂ ਤੱਕ ਸੋਕੇ ਵਾਲੇ ਹਾਲਾਤ ਜਾਂ ਦੂਜੇ ਸ਼ਬਦਾਂ ਵਿਚ ਆਖਿਆ ਜਾਵੇ ਕਿ ਆਲਮੀ ਤਪਸ਼ ਦੀ ਮਾਰ ਨੂੰ ਦੱਸਿਆ ਹੈ।
ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀ ਇਸ ਮੁੱਦੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ "ਜੰਮੂ ਅਤੇ ਕਸ਼ਮੀਰ ਇਸ ਸਾਲ ਪਾਣੀ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ।" ਮੁੱਖ ਮੰਤਰੀ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਜਲ ਸ਼ਕਤੀ ਵਿਭਾਗ ਵੱਲੋਂ ਸੰਕਟ ਨਾਲ ਨਜਿੱਠਣ ਲਈ ਚੁੱਕੇ ਜਾਣ ਵਾਲੇ ਵੱਖ-ਵੱਖ ਉਪਾਵਾਂ ਦੀ ਸਮੀਖਿਆ ਕਰ ਰਹੇ ਹਨ।