For the best experience, open
https://m.punjabitribuneonline.com
on your mobile browser.
Advertisement

ਸੁਪਨੇ ਬਨਾਮ ਹਕੀਕਤ ਕੈਨੇਡਾ

08:06 AM Sep 13, 2023 IST
ਸੁਪਨੇ ਬਨਾਮ ਹਕੀਕਤ ਕੈਨੇਡਾ
Advertisement

ਕੈਨੇਡਾ ਵਿਚ ਭਾਰਤੀ ਖ਼ਾਸ ਕਰਕੇ ਪੰਜਾਬ ਦੇ ਕੌਮਾਂਤਰੀ ਵਿਦਿਆਰਥੀਆਂ ਨੂੰ ਤਿੱਖਾ ਵਿੱਤੀ ਸੰਕਟ ਦਰਪੇਸ਼ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਇਕੱਲਤਾ, ਘਰ ਦੀ ਯਾਦ, ਪੜ੍ਹਾਈ ਦੇ ਦਬਾਓ ਤੇ ਕੰਮ ਅਤੇ ਜਨਤਕ ਥਾਵਾਂ ’ਤੇ ਨਸਲੀ ਵਿਤਕਰੇ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਹਥਲੇ ਲੇਖ ਵਿਚ ਉਨ੍ਹਾਂ ਔਕੜਾਂ ਦੀ ਚਰਚਾ ਕੀਤੀ ਗਈ ਹੈ ਜਿਨ੍ਹਾਂ ਨਾਲ ਕੌਮਾਂਤਰੀ ਵਿਦਿਆਰਥੀਆਂ ਨੂੰ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਜੂਝਣਾ ਪੈ ਰਿਹਾ ਹੈ।

Advertisement

ਸੀਮਾ ਸਚਦੇਵਾ

ਕੈਨੇਡਾ ਦੇ ਉੱਤਰ-ਪੂਰਬੀ ਸੂਬੇ ਓਂਟਾਰੀਓ ਦਾ ਛੋਟਾ ਜਿਹਾ ਸ਼ਹਿਰ ਨੌਰਥ ਬੇਅ ਕਈ ਗ਼ਲਤ ਕਾਰਨਾਂ ਕਰਕੇ ਸੁਰਖ਼ੀਆਂ ਵਿਚ ਬਣਿਆ ਰਿਹਾ। ਇੱਥੋਂ ਦੇ ਸਾਂਝੇ ਕੈਂਪਸ ਵਾਲੇ ਕੈਨਾਡੋਰ ਕਾਲਜ ਅਤੇ ਨਿਪਿਸਿੰਗ ਯੂਨੀਵਰਸਿਟੀ ਦੇ ਸਤੰਬਰ ਸੈਸ਼ਨ ਲਈ ਵੱਖ ਵੱਖ ਕੋਰਸਾਂ ਵਿਚ ਦਾਖ਼ਲਾ ਲੈਣ ਵਾਲੇ ਕਰੀਬ 300 ਕੌਮਾਂਤਰੀ ਵਿਦਿਆਰਥੀਆਂ ਨੂੰ ਰਾਤਾਂ ਖੁੱਲ੍ਹੇ ਆਸਮਾਨ ਹੇਠ ਕੱਟਣੀਆਂ ਪਈਆਂ ਕਿਉਂਕਿ ਇਨ੍ਹਾਂ ਸੰਸਥਾਵਾਂ ਨੇ ਉਨ੍ਹਾਂ ਲਈ ਰਿਹਾਇਸ਼ ਦਾ ਪ੍ਰਬੰਧ ਕਰਨ ਤੋਂ ਹੱਥ ਖੜ੍ਹੇ ਕਰ ਦਿੱਤੇ ਸਨ। ਇਨ੍ਹਾਂ ’ਚੋਂ ਜ਼ਿਆਦਾਤਰ ਵਿਦਿਆਰਥੀ ਪੰਜਾਬ ਤੋਂ ਹਨ। ਇਸ ਇਲਾਕੇ ਵਿਚ ਰਿਹਾਇਸ਼ੀ ਸਹੂਲਤਾਂ ਸੀਮਤ ਹੋਣ ਕਰਕੇ ਕਿਰਾਇਆ ਬਹੁਤ ਵਧ ਗਿਆ ਹੈ। ਕੁਝ ਕੁ ਵਿਦਿਆਰਥੀ ਤਾਂ ਆਪਣੇ ਲਈ ਰਿਹਾਇਸ਼ ਦਾ ਪ੍ਰਬੰਧ ਕਰਨ ਵਿਚ ਕਾਮਯਾਬ ਹੋ ਗਏ ਪਰ ਕਈ ਹੋਰਨਾਂ ਨੂੰ ਖੁੱਲ੍ਹੇ ਅੰਬਰ ਦੀ ਛੱਤ ਹੇਠ ਟੈਂਟ ਲਾ ਕੇ ਜਾਂ ਬੱਸ ਟਰਮੀਨਲਾਂ ਜਾਂ ਕਾਰਾਂ ਵਿਚ ਹੀ ਰਾਤਾਂ ਕੱਟਣੀਆਂ ਪਈਆਂ ਹਨ। ਕੁਝ ਵਿਦਿਆਰਥੀ ਭਾਰੀ ਕਿਰਾਇਆ ਦੇ ਕੇ ਟੋਰਾਂਟੋ ਤੋਂ ਆਉਂਦੇ ਹਨ ਜੋ 300 ਕਿਲੋਮੀਟਰ ਦੂਰ ਹੈ।

ਘਰਾਂ ਦੀ ਘਾਟ ਤੇ ਵੱਧ ਕਿਰਾਏ ਖਿਲਾਫ਼ ਪ੍ਰਦਰਸ਼ਨ ਕਰਦੇ ਨੌਰਥ ਬੇਅ ’ਚ ਕੈਨਾਡੋਰ ਕਾਲਜ ਅਤੇ ਨਿਪਿਸਿੰਗ ਯੂਨੀਵਰਸਿਟੀ ਦੇ ਵਿਦਿਆਰਥੀ। (ਹੇਠਾਂ ਖੱਬੇ) ਆਖ਼ਰੀ ਹੀਲੇ ਵਜੋਂ ਕਈ ਵਿਦਿਆਰਥੀ ਟੈਂਟ ਲਾ ਕੇ ਰਹੇ।

ਪਹਿਲਾਂ ਵਿਦਿਆਰਥੀਆਂ ਨੇ ਮਿੰਨਤਾਂ ਤਰਲੇ ਕੀਤੇ ਅਤੇ ਆਖ਼ਰ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨਾ ਪਿਆ ਜਿਸ ਲਈ ਉਨ੍ਹਾਂ ਦੀ ਮੌਂਟਰੀਅਲ ਯੂਥ ਸਟੂਡੈਂਟ ਆਰਗੇਨਾਈਜ਼ੇਸ਼ਨ (ਐਮਵਾਈਐੱਸਓ) ਵੱਲੋਂ ਹਮਾਇਤ ਕੀਤੀ ਗਈ ਅਤੇ ਹੁਣ ਅਧਿਕਾਰੀ ਪੂਰੀ ਫੀਸ ਵਾਪਸ ਕਰਨ ਤੇ ਰਿਆਇਤੀ ਦਰਾਂ ’ਤੇ ਰਿਹਾਇਸ਼ ਦਾ ਪ੍ਰਬੰਧ ਕਰਨ ਦੀਆਂ ਵਿਦਿਆਰਥੀਆਂ ਦੀ ਮੰਗਾਂ ਅੱਗੇ ਝੁਕਣ ਲਈ ਮਜਬੂਰ ਹੋ ਗਏ ਹਨ। ਇਸ ਦੌਰਾਨ, ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਨੇ ਦੂਰਵਰਤੀ ਸਿੱਖਿਆ ਲਈ ਸਮਾਂ ਟ੍ਰਾਂਜ਼ੀਸ਼ਨ ਪੀਰੀਅਡ ਵਧਾ ਦਿੱਤਾ ਹੈ। ਇਸ ਨੇ ਇਕ ਬਿਆਨ ਵਿਚ ਆਖਿਆ ਹੈ: ‘‘31 ਦਸੰਬਰ 2023 ਤੱਕ ਕੈਨੇਡਾ ਦੇ ਅੰਦਰੋਂ ਤੁਹਾਡੇ ਵੱਲੋਂ ਔਨਲਾਈਨ ਸਿੱਖਿਆ ਲਈ ਲਾਇਆ ਗਿਆ ਸਮਾਂ ਤੁਹਾਡੇ ਪੀਜੀਡਬਲਯੂਪੀ (ਪੋਸਟਗ੍ਰੈਜੁਏਟ ਵਰਕ ਪਰਮਿਟ) ਦੀ ਅਵਧੀ ਵਿਚ ਗਿਣਿਆ ਜਾਵੇਗਾ। 1 ਜਨਵਰੀ 2024 ਤੋਂ ਤੁਹਾਨੂੰ ਕੈਨੇਡਾ ਵਿਚ ਤੁਹਾਡੇ ਪ੍ਰੋਗਰਾਮ ਦਾ 50 ਫ਼ੀਸਦੀ ਹਿੱਸਾ ਮੁਕੰਮਲ ਕਰਨਾ ਪਵੇਗਾ।’’
ਇਸ ਨਾਲ ਕੌਮਾਂਤਰੀ ਵਿਦਿਆਰਥੀਆਂ ਨੂੰ ਹਾਲ ਦੀ ਘੜੀ ਰਾਹਤ ਮਿਲ ਗਈ ਹੈ। ਉਂਝ, ਉਨ੍ਹਾਂ ਨੂੰ ਮਹਿਸੂਸ ਹੋ ਰਿਹਾ ਹੋਵੇਗਾ ਕਿ ਉਨ੍ਹਾਂ ਦੇ ਸੁਪਨਿਆਂ ਦੀ ਇਸ ਧਰਤੀ ’ਤੇ ਸਭ ਅੱਛਾ ਨਹੀਂ ਹੈ। ਉਨ੍ਹਾਂ ਨੂੰ ਨਿੱਤ ਕਿਸੇ ਨਾ ਕਿਸੇ ਸੰਕਟ ਜਿਵੇਂ ਵਿੱਤੀ ਤੰਗੀ, ਇਕਲਾਪਾ, ਘਰ ਦੀ ਯਾਦ, ਪੜ੍ਹਾਈ ਦਾ ਦਬਾਓ ਅਤੇ ਵੱਖਰੇ ਸੱਭਿਆਚਾਰ ਵਿਚ ਨਸਲੀ ਫਿਕਰੇਬਾਜ਼ੀ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਮੁਕਾਮੀ ਵਿਦਿਆਰਥੀਆਂ ਦੇ ਮੁਕਾਬਲੇ ਪੰਜ ਗੁਣਾ ਵੱਧ ਫ਼ੀਸਾਂ ਤਾਰਨੀਆਂ ਪੈਂਦੀਆਂ ਹਨ। ਐਮਵਾਈਐੱਸਓ ਦੇ ਕਨਵੀਨਰ ਅਤੇ ਨੌਜਵਾਨ ਕਾਰਕੁਨ ਮਨਦੀਪ ਨੇ ਦੱਸਿਆ, ‘‘ਦਿੱਕਤ ਇਹ ਹੈ ਕਿ ਭਾਰਤ ਵਿਚ ਸਿੱਖਿਆ ਕਨਸਲਟੈਂਟਾਂ ਦਾ ਮੁੱਖ ਸਰੋਕਾਰ ਕਾਲਜਾਂ ਵੱਲੋਂ ਦਿੱਤੇ ਜਾਂਦੇ ਪ੍ਰਤੀ ਵਿਦਿਆਰਥੀ ਕਮਿਸ਼ਨ ਨਾਲ ਹੁੰਦਾ ਹੈ। ਇਕ ਮੁਕਾਮੀ ਕਾਲਜ ਦੇ ਹਾਲੀਆ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਸਾਲ 2016-17 ਵਿਚ ਏਜੰਟ ਪਾਰਟਨਰ ਦਾ ਪ੍ਰਤੀ ਵਿਦਿਆਰਥੀ ਕਮਿਸ਼ਨ 561 ਡਾਲਰ ਹੁੰਦਾ ਸੀ ਜੋ 2020-21 ਵਿਚ ਵਧ ਕੇ 3399 ਡਾਲਰ ਹੋ ਗਿਆ ਹੈ। ਆਮ ਤੌਰ ’ਤੇ ਏਜੰਟ ਵਿਦਿਆਰਥੀਆਂ ਦੇ ਮਾਪਿਆਂ ਨੂੰ ਇੱਥੋਂ ਦੀ ਅਸਲ ਤਸਵੀਰ ਨਹੀਂ ਦਿਖਾਉਂਦੇ ਜਿਸ ਕਰਕੇ ਵਿਦਿਆਰਥੀਆਂ ਨੂੰ ਕੋਈ ਇਲਮ ਨਹੀਂ ਹੁੰਦਾ ਕਿ ਅੱਗੇ ਚੱਲ ਕੇ ਉਨ੍ਹਾਂ ਦੀ ਜ਼ਿੰਦਗੀ ਕਿਹੋ ਜਿਹੀ ਹੋਣ ਵਾਲੀ ਹੈ।’’

ਕੈਲਗਰੀ ਯੂਨੀਵਰਸਿਟੀ ਦੇ ਸਾਬਕਾ ਸੈਨੇਟਰ ਰਿਸ਼ੀ ਨਾਗਰ ਨੇ ਕਿਹਾ, ‘‘ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਸਮੇਂ ਅਕਸਰ ਮਾਪੇ ਕਿਸੇ ਏਜੰਟ ’ਤੇ ਅੱਖਾਂ ਮੀਟ ਕੇ ਭਰੋਸਾ ਕਰ ਲੈਂਦੇ ਹਨ ਅਤੇ ਕੋਈ ਘੋਖ ਪੜਤਾਲ ਨਹੀਂ ਕਰਦੇ। ਮਿਸਾਲ ਦੇ ਤੌਰ ’ਤੇ ਬਹੁਤ ਸਾਰੇ ਬੱਚੇ ਓਲਡਜ਼ ਕਾਲਜ ਵਿਚ ਦਾਖ਼ਲਾ ਲੈ ਲੈਂਦੇ ਹਨ ਜਿੱਥੇ ਖੇਤੀਬਾੜੀ ਦੇ ਕੋਰਸ ਕਰਵਾਏ ਜਾਂਦੇ ਹਨ। ਏਜੰਟ ਉਨ੍ਹਾਂ ਨੂੰ ਦੱਸਦੇ ਹਨ ਕਿ ਇਹ ਕਾਲਜ ਕੈਲਗਰੀ ਦੇ ਬਹੁਤ ਨੇੜੇ ਪੈਂਦਾ ਹੈ ਪਰ ਮਾਪਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਇਕ ਛੋਟਾ ਜਿਹਾ ਪਿੰਡ ਹੈ ਜਿੱਥੇ ਕਿਰਾਏ ’ਤੇ ਰਿਹਾਇਸ਼ ਦੀਆਂ ਸੁਵਿਧਾਵਾਂ ਬਹੁਤ ਹੀ ਘੱਟ ਹਨ। ਕੋਈ ਸਿੱਧੀ ਬੱਸ ਸੇਵਾ ਵੀ ਨਹੀਂ ਹੈ ਅਤੇ ਬੱਚਿਆਂ ਨੂੰ ਕਿਤੇ ਵੀ ਜਾਣ ਆਉਣ ਲਈ ਟੈਕਸੀ ਸੇਵਾ ਲੈਣੀ ਪਵੇਗੀ।’’
ਕੌਮਾਂਤਰੀ ਵਿਦਿਆਰਥੀ ਜਦੋਂ ਕੈਨੇਡਾ ਪਹੁੰਚਦੇ ਹਨ ਤਦ ਉਨ੍ਹਾਂ ਨੂੰ ਅਸਲ ਸਥਿਤੀ ਦਾ ਪਤਾ ਲੱਗਦਾ ਹੈ ਤੇ ਕਈ ਮਾਪਿਆਂ ਨੂੰ ਤਾਂ ਇਹ ਵੀ ਪਤਾ ਨਹੀਂ ਲੱਗਦਾ ਕਿ ਉਨ੍ਹਾਂ ਦੇ ਬੱਚੇ ਦਾ ਕਿਹੜੇ ਕੋਰਸ ਵਿਚ ਦਾਖ਼ਲਾ ਹੋਇਆ। ਚਮਕੌਰ ਸਾਹਿਬ ਨੇੜਲੇ ਪਿੰਡ ਫਤਹਿਪੁਰ ਦੇ ਵਸਨੀਕ ਹਰਜੀਤ ਸਿੰਘ (53) ਦਾ ਕੇਸ ਇੱਦਾਂ ਦਾ ਹੀ ਹੈ। ਉਨ੍ਹਾਂ ਦੀ ਬੇਟੀ ਅਰਸ਼ਦੀਪ ਕੌਰ ਨੇ ਨਿਪਿਸਿੰਗ ਯੂਨੀਵਰਸਿਟੀ ਵਿਚ ਜਨਰਲ ਮੈਨੇਜਮੈਂਟ ਦੇ ਦੋ ਸਾਲਾ ਪੋਸਟ ਬੈਕਾਲੌਰੀਏਟ ਕੋਰਸ ਵਿਚ ਦਾਖ਼ਲਾ ਲਿਆ ਸੀ। ਅਰਸ਼ਦੀਪ ਅਗਸਤ ਦੇ ਅਖੀਰ ਵਿਚ ਕੈਨੇਡਾ ਪਹੁੰਚ ਗਈ ਸੀ ਤੇ ਉਸ ਨੂੰ ਪਤਾ ਚੱਲਿਆ ਕਿ ਉਸ ਦੇ ਕਾਲਜ ਦੇ ਆਸ-ਪਾਸ ਕਿਰਾਏ ’ਤੇ ਕੋਈ ਕਮਰਾ ਉਪਲਬਧ ਨਹੀਂ ਹੈ। ਉਸ ਨੇ ਦੱਸਿਆ, ‘‘ਏਜੰਟ ਨੇ ਸਾਨੂੰ ਭਰੋਸਾ ਦਿਵਾਇਆ ਸੀ ਕਿ ਯੂਨੀਵਰਸਿਟੀ ਵਿਚ ਰਿਹਾਇਸ਼ ਦਾ ਢੁਕਵਾਂ ਪ੍ਰਬੰਧ ਹੈ। ਉਦੋਂ ਉਹ ਕਹਿੰਦਾ ਸੀ ‘ਤੁਸੀਂ ਫ਼ਿਕਰ ਨਾ ਕਰੋ... ਉੱਥੇ ਬੜੀਆਂ ਮੌਜਾਂ ਨੇ। ਤੇ ਜੇ ਕੋਈ ਸਮੱਸਿਆ ਆ ਵੀ ਗਈ ਤਾਂ ਅਸੀਂ ਬੈਠੇ ਹਾਂ।’ ਹੁਣ ਜਦੋਂ ਮੇਰੀ ਬੇਟੀ ਨੂੰ ਕਮਰਾ ਨਹੀਂ ਮਿਲਿਆ ਤਾਂ ਉਨ੍ਹਾਂ (ਏਜੰਟ) ਆਪਣਾ ਪੱਲਾ ਝਾੜ ਲਿਆ।’’ ਹਰਜੀਤ ਸਿੰਘ ਆਪਣੀ ਬੇਟੀ ਲਈ ਫ਼ਿਕਰਮੰਦ ਹੈ ਅਤੇ ਕੁਝ ਸਮਾਂ ਮਾਯੂਸ ਰਹਿਣ ਤੋਂ ਬਾਅਦ ਉਸ ਨੇ ਸੋਸ਼ਲ ਮੀਡੀਆ ’ਤੇ ਆਪਣਾ ਦੁੱਖ ਰੋਇਆ ਹੈ। ਹੁਣ ਅਰਸ਼ਦੀਪ ਨੇ ਆਪਣਾ ਦਾਖ਼ਲਾ ਟੋਰਾਂਟੋ ਦੇ ਇਕ ਕਾਲਜ ਵਿਚ ਤਬਦੀਲ ਕਰਵਾ ਲਿਆ ਹੈ। ਬਿਜਲੀ ਵਿਭਾਗ ਵਿਚ ਕੰਮ ਕਰਦੇ ਹਰਜੀਤ ਸਿੰਘ ਨੇ ਦੱਸਿਆ, ‘‘ਮੈਂ ਆਪਣੀ ਧੀ ਦੀ ਵਿਦੇਸ਼ ਵਿਚ ਪੜ੍ਹਾਈ ਲਈ ਭਾਰੀ ਕਰਜ਼ਾ ਚੁੱਕਿਆ ਸੀ। ਅਸੀਂ ਹੋਰਨਾਂ ਖਰਚਿਆਂ ਤੋਂ ਇਲਾਵਾ 8-9 ਲੱਖ ਰੁਪਏ ਖਰਚ ਚੁੱਕੇ ਹਾਂ। ਮੈਨੂੰ ਨਹੀਂ ਪਤਾ ਕਿ ਫੀਸ ਰਿਫੰਡ ਆਉਣ ਲਈ ਅਜੇ ਕਿੰਨਾ ਸਮਾਂ ਲੱਗੇਗਾ।’’
ਅਵਨੀਤ ਕੌਰ ਨੇ ਵੀ ਨਿਪਿਸਿੰਗ ਯੂਨੀਵਰਸਿਟੀ ਵਿਚ ਦਾਖ਼ਲਾ ਲਿਆ ਸੀ ਅਤੇ ਉਸ ਦੀ ਵੀ ਇਹੋ ਵਿਥਿਆ ਹੈ: ‘‘ਕੈਨਾਡੋਰ ਕਾਲਜ ਦੀ ਇਕ ਪੁਰਾਣੀ ਵਿਦਿਆਰਥਣ ਨੇ ਮੈਨੂੰ ਆਪਣੇ ਘਰ ਵਿਚ ਸਹਾਰਾ ਦਿੱਤਾ। ਆਈਆਰਸੀਸੀ ਦੇ ਹਾਲੀਆ ਨਿਰਦੇਸ਼ਾਂ ਸਦਕਾ ਰਿਹਾਇਸ਼ ਦਾ ਮਸਲਾ ਸੁਲਝ ਜਾਣ ਦੇ ਆਸਾਰ ਹਨ, ਪਰ ਇਸ ਇਲਾਕੇ ਵਿਚ ਨੌਕਰੀਆਂ ਦੀ ਬਹੁਤ ਘਾਟ ਹੈ। ਇਸ ਕਰਕੇ ਜਦੋਂ ਅਸੀਂ ਸਥਾਈ ਨਿਵਾਸ (ਪੀਆਰ) ਲਈ ਬਿਨੈ ਕਰਾਂਗੇ ਤਾਂ ਕੰਮ ਦੇ
ਲੋੜੀਂਦੇ ਘੰਟਿਆਂ ਦੀ ਸ਼ਰਤ ਪੂਰੀ ਕਰਨ ਵਿਚ ਦਿੱਕਤ ਆ ਸਕਦੀ ਹੈ।’’

ਕੈਨੇਡਾ ਦੇ ਸੁਪਨਿਆਂ ਦਾ ਜਾਦੂ ਬਰਕਰਾਰ ਹੈ ਜਿਸ ਵਿਚ ਅਸਲੀ ਤਸਵੀਰ ਨਜ਼ਰ ਨਹੀਂ ਆਉਂਦੀ। ਫੋਟੋ:ਮਲਕੀਅਤ ਸਿੰਘ

ਜਗਰਾਓਂ ਦੇ ਵਰੁਣ ਖੰਨਾ ਨੇ ਵੀ ਕੈਨਾਡੋਰ ਕਾਲਜ ਵਿਚ ਦਾਖ਼ਲਾ ਲਿਆ ਸੀ, ਉਸ ਨੇ ਦੱਸਿਆ, ‘‘ਮੈਂ ਵੱਡੀਆਂ ਆਸਾਂ ਲੈ ਕੇ ਕੈਨੇਡਾ ਪਹੁੰਚਿਆ ਸਾਂ, ਸ਼ੁਰੂ ਵਿਚ ਕਾਲਜ ਨੇ ਸਾਨੂੰ ਸਵੀਕਾਰ ਕਰਨ ਤੋਂ ਹੀ ਨਾਂਹ ਨੁੱਕਰ ਕੀਤੀ। ਮੈਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ ਕੈਨੇਡਾ ਦੇ ਇਹੋ ਜਿਹੇ ਹਾਲ ਹੋ ਸਕਦੇ ਹਨ। ਮੇਰੀ ਦਾਖ਼ਲੇ ਲਈ ਪਰਿਵਾਰ ਨੇ ਆਪਣੀ ਸਾਰੀ ਬੱਚਤ ਰੋੜ੍ਹ ਦਿੱਤੀ ਹੈ ਅਤੇ ਇਸ ਤੋਂ ਇਲਾਵਾ ਪੜ੍ਹਾਈ ਲਈ ਭਾਰੀ ਕਰਜ਼ਾ ਲੈਣਾ ਪਿਆ।’’ ਰਿਹਾਇਸ਼ ਤੋਂ ਇਲਾਵਾ ਪੂਰੇ ਕੈਨੇਡਾ ਵਿਚ ਕਿਰਾਏ ਦਾ ਸੰਕਟ ਚੱਲ ਰਿਹਾ ਹੈ ਤੇ ਕਿਰਾਏ ਦੇ ਨਾਂ ’ਤੇ ਘਪਲੇ ਸਾਹਮਣੇ ਆ ਰਹੇ ਹਨ। ਐਡਮੰਟਨ ਦੀ ਅਲਬਰਟਾ ਯੂਨੀਵਰਸਿਟੀ ਵਿਚ ਤਿੰਨ ਸਾਲਾਂ ਦੇ ਕੰਪਿਊਟਰ ਕੋਰਸ ਦੇ ਵਿਦਿਆਰਥੀ ਸਮਰਥਜੀਤ ਸਿੰਘ ਸੰਧੂ ਨੇ ਦੱਸਿਆ, ‘‘ਮੇਰੇ ਇਕ ਮਿੱਤਰ ਨਾਲ ਹਾਲ ਹੀ ਵਿਚ ਇਹ ਘਪਲਾ ਹੋਇਆ ਹੈ ਜਿਸ ਨੂੰ ਇਕ ਔਰਤ ਨੇ 1900 ਡਾਲਰ ਲੈ ਕੇ ਚਾਰ ਮਹੀਨੇ ਲਈ ਆਪਣਾ ਅਪਾਰਟਮੈਂਟ ਸਬ-ਲੀਜ਼ ’ਤੇ ਦਿੱਤਾ ਗਿਆ ਸੀ। ਇਕ ਦਿਨ ਪਹਿਲਾਂ ਉਸ ਨੂੰ ਇਕ ਈਮੇਲ ਭੇਜ ਕੇ ਦੱਸਿਆ ਗਿਆ ਕਿ ਲੀਜ਼ ਗ਼ੈਰਕਾਨੂੰਨੀ ਹੈ ਅਤੇ ਉਸ ਨੂੰ ਪ੍ਰਸ਼ਾਸਨ ਵੱਲੋਂ ਸਕਿਓਰਿਟੀ ਦੀ ਅੱਧੀ ਰਕਮ ਹੀ ਮੁੜਵਾਈ ਗਈ।’’ ਸਮਰਥਜੀਤ ਨੇ ਦੱਸਿਆ ਕਿ ਜਦੋਂ ਉਹ ਇੱਥੇ ਆਇਆ ਸੀ ਤਾਂ ਤਿਆਰ-ਬਰ-ਤਿਆਰ ਕਮਰਾ 600 ਰੁਪਏ ਦੇ ਕਿਰਾਏ ’ਤੇ ਮਿਲਦਾ ਸੀ ਤੇ ਹੁਣ ਇਹੀ ਉਸ ਨੂੰ 760 ਡਾਲਰ ਵਿਚ ਪੈ ਰਿਹਾ ਹੈ। ਘਰੇਲੂ ਸਾਮਾਨ ਦਾ ਖਰਚਾ ਵਧ ਗਿਆ ਹੈ ਅਤੇ ਨੌਕਰੀਆਂ ਦੀ ਘਾਟ ਬਣੀ ਹੋਈ ਹੈ। ਆਉਣ ਸਾਰ ਰੈਫਰਲ ਨਾ ਹੋਣ ਕਰਕੇ ਘੱਟੋਘੱਟ ਉਜਰਤ ’ਤੇ ਵੀ ਕੰਮ ਨਹੀਂ ਮਿਲਦਾ ਜਿਸ ਕਰਕੇ ਕੌਮਾਂਤਰੀ ਵਿਦਿਆਰਥੀਆਂ ਦੇ ਹਾਲਾਤ ਬਹੁਤ ਔਖੇ ਬਣੇ ਪਏ ਹਨ।’’
ਬਰੈਂਪਟਨ ਦੇ ਹੰਬਰ ਕਾਲਜ ਵਿਚ ਪੜ੍ਹ ਰਹੀ ਸਤੂਤੀ ਸ਼ਰਮਾ (ਕੁੱਲੂ) ਪਿਛਲੇ ਸਾਲ ਜੁਲਾਈ ਵਿਚ ਕੈਨੇਡਾ ਆਈ ਸੀ। ਉਸ ਨੇ ਦੱਸਿਆ, ‘‘ਛੇ ਮਹੀਨਿਆਂ ਵਿਚ ਹੀ ਬਿਨਾਂ ਖਿੜਕੀ ਵਾਲੇ ਬੇਸਮੈਂਟ ਦੇ ਕਮਰੇ ਦਾ ਕਿਰਾਇਆ 500 ਡਾਲਰ ਤੋਂ ਵਧ ਕੇ 650 ਡਾਲਰ ਹੋ ਗਿਆ। ਜਨਤਕ ਟ੍ਰਾਂਸਪੋਰਟ ਵੀ ਮਹਿੰਗੀ ਹੋ ਗਈ ਹੈ। ਪ੍ਰੈਸਟੋ ਟ੍ਰਾਂਜ਼ਿਟ ਕਾਰਡ ਪਹਿਲਾਂ 3.50 ਡਾਲਰ ਵਿਚ ਪੈਂਦਾ ਸੀ ਜੋ ਹੁਣ 4.50 ਡਾਲਰ ਵਿਚ ਮਿਲ ਰਿਹਾ ਹੈ। ਕਾਰਡ ਟੈਪ ਕਰਨ ਤੋਂ ਬਾਅਦ ਮੁਫ਼ਤ ਟ੍ਰਾਜ਼ਿਟ ਦੀ ਸੁਵਿਧਾ ਵੀ 2 ਘੰਟੇ ਤੋਂ ਘਟਾ ਕੇ ਡੇਢ ਘੰਟਾ ਕਰ ਦਿੱਤੀ ਗਈ ਹੈ। ਰੋਜ਼ਮਰ੍ਹਾ ਦਾ ਖਰਚਾ ਬਹੁਤ ਵਧ ਗਿਆ ਹੈ ਅਤੇ ਨੌਕਰੀਆਂ ਦੀ ਘਾਟ ਬਣੀ ਹੋਈ ਹੈ। ਮੈਨੂੰ ਦੋ ਮਹੀਨੇ ਕੰਮ ਨਹੀਂ ਮਿਲਿਆ ਤੇ ਕੰਮ ਦੀ ਤਲਾਸ਼ ਵਿਚ ਮੈਂ ਬਰੈਂਪਟਨ ਦਾ ਹਰ ਕੋਨਾ ਛਾਣ ਮਾਰਿਆ। ਸਟੋਰਾਂ ’ਤੇ ਕਾਮਿਆਂ ਦੀ ਲੋੜ ਵੀ ਹੋਵੇ ਤਾਂ ਵੀ ਉਹ ਭਰਤੀ ਨਹੀਂ ਕਰ ਰਹੇ। ਮੇਰੀ ਜੀਆਈਸੀ (ਗਾਰੰਟਿਡ ਇਨਵੈਸਟਮੈਂਟ ਸਰਟੀਫਿਕੇਟ) ਮੁੱਕਣ ਕੰਢੇ ਹੈ। ਮੈਂ ਭਾਰਤ ਵਿਚ ਆਪਣੇ ਮਾਪਿਆਂ ਨੂੰ ਪੈਸੇ ਭਿਜਵਾਉਣ ਲਈ ਆਖਿਆ ਹੈ।’’

ਨੌਕਰੀ ਦੀ ਥਾਂ ’ਤੇ ਸ਼ੋਸ਼ਣ ਖਿਲਾਫ਼ ਰੋਸ ਪ੍ਰਦਰਸ਼ਨ ਕਰਦੇ ਵਿਦਿਆਰਥੀ। ਫੋਟੋ: ਨੌਜਵਾਨ ਸਪੋਰਟ ਨੈੱਟਵਰਕ

ਘਰਾਂ ਦੇ ਕਿਰਾਏ ਵਧਣ ਨਾਲ ਹੋਰ ਵਰਗ ਵੀ ਪ੍ਰਭਾਵਿਤ ਹੋ ਰਹੇ ਹਨ। ਵੈਨਕੂਵਰ ਦੇ ਸਰੀ ਇਲਾਕੇ ਵਿਚ ਰਹਿਣ ਵਾਲੇ ਰਾਕੇਸ਼ ਕੁਮਾਰ ਨੇ ਕਿਹਾ, ‘‘ਵਿਆਜ ਦਰਾਂ ਵਿਚ ਵਾਧਾ ਹੋਣ ਨਾਲ ਘਰਾਂ ਦਾ ਸੰਕਟ ਪੈਦਾ ਹੋਇਆ ਹੈ। ਪਿਛਲੇ ਦੋ ਸਾਲਾਂ ਦੌਰਾਨ ਘਰਾਂ ਦੇ ਕਰਜ਼ੇ ’ਤੇ ਫਲੋਟਿੰਗ ਵਿਆਜ ਦਰ 1.45 ਫ਼ੀਸਦ ਤੋਂ ਵਧ ਕੇ ਕਰੀਬ 7 ਫ਼ੀਸਦ ’ਤੇ ਪਹੁੰਚ ਗਈ ਹੈ। ਦੋ ਸਾਲ ਪਹਿਲਾਂ ਬੇਸਮੈਂਟ ਦਾ ਦੋ ਕਮਰਿਆਂ ਦੇ ਸੈੱਟ ਦਾ ਕਿਰਾਇਆ 1200 ਡਾਲਰ ਹੁੰਦਾ ਸੀ ਜੋ ਅੱਜ 2000 ਡਾਲਰ ਹੋ ਗਿਆ ਹੈ।’’
ਕੈਨੇਡਾ ਦੇ ਸਾਰੇ ਪ੍ਰਾਂਤਾਂ ਅਤੇ ਖੇਤਰਾਂ ਵਿਚ ਮਹਿੰਗਾਈ ਦਰ ਦਾ ਇਹੋ ਹਾਲ ਚੱਲ ਰਿਹਾ ਹੈ। ਅਪਰੈਲ 2021-2022 ਦੌਰਾਨ ਕੈਨੇਡਾ ਖਪਤਕਾਰ ਕੀਮਤ ਸੂਚਕ ਅੰਕ ਵਿਚ 6.8 ਫ਼ੀਸਦ ਵਾਧਾ ਦਰਜ ਕੀਤਾ ਗਿਆ ਸੀ। ਖਾਣ ਪੀਣ ਦੇ ਸਾਮਾਨ ਦੀਆਂ ਕੀਮਤਾਂ ਵਿਚ ਅਜੇ ਵੀ ਵਾਧਾ ਹੋ ਰਿਹਾ ਹੈ ਅਤੇ ਇਸ ਅਰਸੇ ਦੌਰਾਨ ਖੁਰਾਕੀ ਵਸਤਾਂ ਦੀ ਮਹਿੰਗਾਈ ਦਰ ਵਿਚ 9.7 ਫ਼ੀਸਦੀ ਦਾ ਵਾਧਾ ਹੋਇਆ ਹੈ ਜੋ ਸਤੰਬਰ 1981 ਤੋਂ ਲੈ ਕੇ ਹੁਣ ਤੱਕ ਸਭ ਤੋਂ ਵੱਡਾ ਵਾਧਾ ਹੈ।’’ ਆਈ.ਪੀ. ਅਰੋੜਾ ਵੀਹ ਸਾਲਾਂ ਤੋਂ ਕੈਨੇਡਾ ਵਿਚ ਰਹਿ ਰਹੇ ਹਨ ਅਤੇ ਬਰੈਂਪਟਨ ਇਲਾਕੇ ਵਿਚ ਊਬਰ ਚਲਾਉਣ ਕਰਕੇ ਉਨ੍ਹਾਂ ਨੂੰ ਬਹੁਤ ਸਾਰੇ ਵਿਦਿਆਰਥੀਆਂ ਨੂੰ ਮਿਲਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਆਖਿਆ, ‘‘ਕੌਮਾਂਤਰੀ ਵਿਦਿਆਰਥੀਆਂ ਦੀ ਜ਼ਿੰਦਗੀ ਬਹੁਤ ਔਖੀ ਹੈ। ਬਹੁਤੇ ਮਾਲਕ 40 ਘੰਟਿਆਂ ਦੇ ਕੰਮ ਨੂੰ ਤਰਜੀਹ ਦਿੰਦੇ ਹਨ ਪਰ ਕੌਮਾਂਤਰੀ ਵਿਦਿਆਰਥੀਆਂ ਨੂੰ ਵੀਹ ਘੰਟੇ ਦੇ ਕੰਮ ਦੀ ਇਜਾਜ਼ਤ ਹੈ, ਹਾਲਾਂਕਿ ਸਰਕਾਰ ਕੰਮ ਦੇ ਘੰਟੇ ਵਧਾਉਣ ਬਾਰੇ ਸੋਚ ਰਹੀ ਹੈ। ਬਹੁਤ ਸਾਰੇ ਵਿਦਿਆਰਥੀ ਕੈਸ਼ ’ਤੇ ਕੰਮ ਕਰ ਕੇ ਗੁਜ਼ਾਰ ਕਰਦੇ ਹਨ ਜਿੱਥੇ ਉਨ੍ਹਾਂ ਨੂੰ ਮਾਲਕ ਦੇ ਰਹਿਮੋ ਕਰਮ ’ਤੇ ਕੰਮ ਕਰਨਾ ਪੈਂਦਾ ਹੈ।’’
ਬਰੈਂਪਟਨ ਵਿਚ ਕੰਮਕਾਜੀ ਥਾਵਾਂ ’ਤੇ ਵਿਦਿਆਰਥੀਆਂ ਦੇ ਸ਼ੋਸ਼ਣ ਖਿਲਾਫ਼ ਜੂਝਣ ਵਾਲੀ ਜਥੇਬੰਦੀ ਨੌਜਵਾਨ ਸਪੋਰਟ ਨੈੱਟਵਰਕ ਕਾਰਜਸ਼ੀਲ ਹੈ। ਇਸ ਦੇ ਕਾਰਕੁਨ ਗੜ੍ਹਸ਼ੰਕਰ ਦੇ ਵਸਨੀਕ ਬਿਕਰਮ ਸਿੰਘ ਕੁੱਲੇਵਾਲ ਨੇ ਆਖਿਆ, ‘‘ਹਾਲਾਂਕਿ ਹਰੇਕ ਸੂਬੇ ਵਿਚ ਮਾਲਕਾਂ ਲਈ ਸੋਸ਼ਲ ਇੰਸੋਰੈਂਸ ਨੰਬਰ (ਸਿਨ) ਮੁਤਾਬਿਕ 14 ਡਾਲਰ ਫੀ ਘੰਟੇ ਦੀ ਘੱਟੋਘੱਟ ਉਜਰਤ ਦੇਣਾ ਜ਼ਰੂਰੀ ਹੈ ਪਰ ਅਕਸਰ ਅਦਾਇਗੀ ਦੇਰ ਨਾਲ ਕੀਤੀ ਜਾਂਦੀ ਹੈ। ਬਹੁਤੀ ਵਾਰ ਉਹ ਤਨਖ਼ਾਹਾਂ ਦੇਣ ਤੋਂ ਬਚਣ ਲਈ ਆਪਣੇ ਆਪ ਨੂੰ ਦੀਵਾਲੀਆ ਐਲਾਨ ਦਿੰਦੇ ਹਨ।’’
ਪੰਜਾਬੀ ਪੱਤਰਕਾਰ ਸ਼ਮੀਲ ਪਿਛਲੇ 16 ਸਾਲਾਂ ਤੋਂ ਟੋਰਾਂਟੋ ਵਿਚ ਰਹਿ ਰਹੇ ਹਨ ਜਿਨ੍ਹਾਂ ਦਾ ਕਹਿਣਾ ਹੈ, ‘‘ਜ਼ਿਆਦਾਤਰ ਵਿਦਿਆਰਥੀਆਂ ਦਾ ਮੁੱਖ ਮੰਤਵ ਸਥਾਈ ਨਿਵਾਸ ਹਾਸਲ ਕਰਨਾ ਹੁੰਦਾ ਹੈ ਅਤੇ ਕੈਨੇਡਾ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਸਬਜ਼ਬਾਗ਼ ਦਿਖਾਏ ਹੁੰਦੇ ਹਨ। ਨੌਕਰੀਆਂ ਦੀ ਘਾਟ ਅਤੇ ਉੱਚ ਮਹਿੰਗਾਈ ਦਰ ਤੋਂ ਕੋਈ ਵੀ ਅਛੂਤਾ ਨਹੀਂ ਹੈ। ਨਸ਼ਿਆਂ ਅਤੇ ਹਥਿਆਰਾਂ ਦੀ ਆਸਾਨ ਉਪਲਬਧਤਾ ਕਰਕੇ ਅਪਰਾਧਿਕ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ। ਇਸ ਸ਼ਹਿਰ ਵਿਚ ਰੋਜ਼ਾਨਾ 20 ਕਾਰਾਂ ਦੀ ਚੋਰੀ ਦੀਆਂ ਘਟਨਾਵਾਂ ਵਾਪਰਦੀਆਂ ਹਨ। ਪਹਿਲਾਂ ਕਾਲੇ ਵਿਦਿਆਰਥੀਆਂ ਨੂੰ ਕਸੂਰਵਾਰ ਦੱਸਿਆ ਜਾਂਦਾ ਸੀ ਅਤੇ ਹੁਣ ਭਾਰਤੀ ਵਿਦਿਆਰਥੀਆਂ ਵੱਲ ਉਂਗਲ ਉਠਾਈ ਜਾਣ ਲੱਗੀ ਹੈ।’’
ਦਿਮਾਗ਼ੀ ਸਿਹਤ ਦੇ ਮੁੱਦੇ ਵੱਲ ਅਜੇ ਤਾਈਂ ਬਹੁਤਾ ਧਿਆਨ ਨਹੀਂ ਦਿੱਤਾ ਜਾ ਰਿਹਾ। ਮੌਂਟਰੀਅਲ ਆਧਾਰਿਤ ਵਿਦਿਆਰਥਣ ਮਖੂ ਦੀ ਵਸਨੀਕ ਰੀਆ ਟੱਕਰ ਨੇ ਦੱਸਿਆ, ‘‘ਭਾਰਤੀ ਵਿਦਿਆਰਥੀ ਪਰਿਵਾਰਕ ਢਾਂਚੇ ਵਿਚ ਰਹਿਣ ਦੇ ਆਦੀ ਹੁੰਦੇ ਹਨ ਪਰ ਇੱਥੋਂ ਦੇ ਸੱਭਿਆਚਾਰ ਵਿਚ ਵੱਡਾ ਫ਼ਰਕ ਹੈ। ਜਦੋਂ ਤੁਸੀਂ ਬਿਲਕੁਲ ਇਕੱਲੇ ਹੁੰਦੇ ਹੋ ਤਾਂ ਇਕਲਾਪਾ, ਘਰ ਦੀ ਯਾਦ ਅਤੇ ਸਮਾਜਿਕ ਇਮਦਾਦ ਦੀ ਘਾਟ ਬਹੁਤ ਰੜਕਦੀ ਹੈ।’’ ਤਣਾਓ ਦਾ ਪੱਧਰ ਵਧਣ ਕਰਕੇ ਵਿਦਿਆਰਥੀਆਂ ਅੰਦਰ ਨਸ਼ਾਖੋਰੀ ਦੀ ਲ਼ਤ ਵਧ ਰਹੀ ਹੈ। ਬਰੈਂਪਟਨ ਵਿਚ ਰਹਿੰਦੇ ਪਟਿਆਲਾ ਵਾਸੀ ਗਗਨਦੀਪ ਸਿੰਘ ਨੇ ਦੱਸਿਆ, ‘‘ਬਹੁਤੇ ਪੰਜਾਬੀ ਮਾਪੇ ਆਪਣੇ ਬੱਚਿਆਂ ਨੂੰ ਨਸ਼ਿਆਂ ਦੀ ਲ਼ਤ ਤੋਂ ਬਚਾਉਣ ਲਈ ਕੈਨੇਡਾ ਭੇਜਦੇ ਹਨ ਪਰ ਇੱਥੇ ਚਿੱਟੇ ਜਿਹੇ ਨਸ਼ੇ ਆਮ ਮਿਲਦੇ ਹਨ ਅਤੇ ਉਨ੍ਹਾਂ ਨੂੰ ਰੋਕਣ ਟੋਕਣ ਵਾਲਾ ਵੀ ਕੋਈ ਨਹੀਂ ਹੁੰਦਾ।’’ ਦਿੱਲੀ ਤੋਂ ਅਗਮ ਸਿੰਘ ਵਿਨੀਪੈੱਗ ਦੀ ਮੈਨੀਟੋਬਾ ਯੂਨੀਵਰਸਿਟੀ ਵਿਚ ਕੰਪਿਊਟਰ ਸਾਇੰਸ ਦੀ ਪੜ੍ਹਾਈ ਕਰ ਰਿਹਾ ਹੈ। ਉਸ ਨੇ ਕਿਹਾ, ‘‘ਠੰਢੇ ਮੌਸਮ ਵਿਚ ਰਹਿਣ ਦਾ ਆਦੀ ਹੋਣ ਲਈ ਕੁਝ ਸਮਾਂ ਲੱਗਦਾ ਹੈ। ਇੱਥੇ ਸਾਲ ਵਿਚ ਛੇ ਮਹੀਨੇ ਬਰਫ਼ਬਾਰੀ ਹੁੰਦੀ ਹੈ। ਇਹ ਆਮ ਤੌਰ ’ਤੇ ਗੋਰਿਆਂ ਦਾ ਇਲਾਕਾ ਹੈ ਅਤੇ ਭਾਰਤੀ ਮੂਲ ਦੇ ਥੋੜ੍ਹੇ ਜਿਹੇ ਲੋਕ ਹੀ ਰਹਿੰਦੇ ਹਨ। ਕਿਰਤ ਮੰੰਡੀ ਵਿਚ ਨਸਲੀ ਵਿਤਕਰਾ ਸਾਫ਼ ਜ਼ਾਹਿਰ ਹੁੰਦਾ ਹੈ। ਮੈਨੂੰ ਇੱਥੇ ਆ ਕੇ ਕੰਮ ਲੱਭਣ ਲਈ ਛੇ ਮਹੀਨੇ ਲੱਗ ਗਏ ਸਨ। ਸ਼ਹਿਰ ਦੇ ਧੁਰ ਅੰਦਰਲੇ ਖੇਤਰਾਂ ਵਿਚ ਲੁੱਟ ਖੋਹ, ਚਾਕੂਬਾਜ਼ੀ ਅਤੇ ਨਸਲੀ ਗਾਲੀ-ਗਲੋਚ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ।’’
ਘਰਾਂ ਦੇ ਕਿਰਾਏ ਤੋਂ ਇਲਾਵਾ, ਟਰੱਕਿੰਗ ਸਨਅਤ ਦੇ ਸੰਕਟ, ਖੁਰਾਕੀ ਵਸਤਾਂ ਦੀਆਂ ਕੀਮਤਾਂ ਵਧਣ ਕਰਕੇ ਸਰਕਾਰ ਦੀਆਂ ਨੀਤੀਆਂ ਖ਼ਾਸਕਰ ਸਟੂਡੈਂਟ ਵੀਜ਼ਾ ਪ੍ਰੋਗਰਾਮ ਨੂੰ ਲੈ ਕੇ ਕਾਫ਼ੀ ਨੁਕਤਾਚੀਨੀ ਹੋ ਰਹੀ ਹੈ। ਸ੍ਰੀ ਨਾਗਰ ਨੇ ਕਿਹਾ, ‘‘ਜਦੋਂ ਵਿਦਿਆਰਥੀਆਂ ਦੇ ਮਾਪੇ ਇੱਥੇ ਆ ਕੇ ਗ਼ੈਰਕਾਨੂੰਨੀ ਢੰਗ ਨਾਲ ਕੈਸ਼ ’ਤੇ ਕੰਮ ਕਰਦੇ ਹਨ ਤਾਂ ਇਸ ਨਾਲ ਮੁਕਾਮੀ ਕਿਰਤ ਮੰਡੀ ’ਤੇ ਅਸਰ ਪੈਂਦਾ ਹੈ। ਸਾਬਕਾ ਆਵਾਸ ਮੰਤਰੀ ਸ਼ੀਆਨ ਫ਼੍ਰੇਜ਼ਰ ਜੋ ਹੁਣ ਮਕਾਨ ਉਸਾਰੀ ਮੰਤਰੀ ਹਨ, ਨੇ ਹਾਲ ਹੀ ਵਿਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਦੀ ਹੱਦ ਮੁਕੱਰਰ ਕਰਨ ਦਾ ਇਸ਼ਾਰਾ ਦਿੱਤਾ ਸੀ। ਕੈਲਗਰੀ ਵਿਚ ਰਹਿੰਦੇ ਸਮਾਚਾਰ ਵਿਸ਼ਲੇਸ਼ਕ ਰਮਨਜੀਤ ਸਿੰਘ ਸਿੱਧੂ ਨੇ ਆਖਿਆ, ‘‘ਸਮੱਸਿਆ ਇਹ ਹੈ ਕਿ ਹਰ ਕੋਈ ਸਫ਼ਲਤਾ ਦੀਆਂ ਕਹਾਣੀਆਂ ਹੀ ਵੇਚ ਰਿਹਾ ਹੈ। ਕੋਈ ਵੀ ਅਸਲ ਸਮੱਸਿਆ ਦੀ ਗੱਲ ਨਹੀਂ ਕਰਦਾ। ਜਦੋਂ ਵਿਦਿਆਰਥੀ ਕੈਨੇਡਾ ਦੀ ਧਰਤੀ ’ਤੇ ਪੈਰ ਪਾਉਂਦੇ ਹਨ ਤਾਂ ਉਨ੍ਹਾਂ ਨੂੰ ਸਮਝ ਪੈਂਦੀ ਹੈ ਕਿ ਇੱਥੇ ਕਮਾਈਆਂ ਕਰਨੀਆਂ ਸੌਖੀਆਂ ਨਹੀਂ।’’

ਅੰਕੜਿਆਂ ਦੀ ਜ਼ੁਬਾਨੀ:

  • ਸਾਲ 2022 ਦੇ ਅੰਤ ’ਚ ਕੈਨੇਡਾ ਵਿਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖ਼ਲੇ 808,000 ਦੀ ਰਿਕਾਰਡ ਉਚਾਈ ’ਤੇ ਪਹੁੰਚ ਗਏ ਸਨ ਜਿਸ ਵਿਚ ਪਿਛਲੇ ਦਹਾਕੇ ਦੇ ਮੁਕਾਬਲੇ 170 ਫ਼ੀਸਦੀ ਵਾਧਾ ਹੋਇਆ ਹੈ।
  • ਹਰੇਕ ਦਸ ਕੌਮਾਂਤਰੀ ਵਿਦਿਆਰਥੀਆਂ ’ਚੋਂ ਚਾਰ ਵਿਦਿਆਰਥੀ ਭਾਰਤੀ ਹੁੰਦੇ ਹਨ।
  • ਆਈਆਰਸੀਸੀ ਦੀ ਰਿਪੋਰਟ ਮੁਤਾਬਿਕ ਕੌਮਾਂਤਰੀ ਵਿਦਿਆਰਥੀ ਕੈਨੇਡੀਆਈ ਅਰਥਚਾਰੇ ਵਿਚ ਹਰ ਸਾਲ 22.3 ਅਰਬ ਡਾਲਰ ਦਾ ਯੋਗਦਾਨ ਪਾਉਂਦੇ ਹਨ। ਇਹ ਰਕਮ ਵਾਹਨਾਂ ਦੇ ਪੁਰਜ਼ਿਆਂ, ਲੱਕੜ ਜਾਂ ਹਵਾਈ ਜਹਾਜ਼ ਦੀ ਕੁੱਲ ਬਰਾਮਦ ਨਾਲੋਂ ਵੀ ਜ਼ਿਆਦਾ ਹੈ।
  • ਓਂਟਾਰੀਓ ਦੇ ਆਡੀਟਰ ਜਨਰਲ ਦੇ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਹਾਲੀਆ ਅੰਕੜਿਆਂ ਵਿਚ ਕਿਹਾ ਗਿਆ ਹੈ ਕਿ ਸਾਲ 2012-13 ਅਤੇ 2020-21 ਦੌਰਾਨ ਘਰੇਲੂ ਵਿਦਿਆਰਥੀਆਂ ਦੇ ਦਾਖ਼ਲਿਆਂ ਵਿਚ 15 ਫ਼ੀਸਦੀ ਕਮੀ ਆਈ ਹੈ ਜਦੋਂਕਿ ਕੌਮਾਂਤਰੀ ਵਿਦਿਆਰਥੀਆਂ ਦੇ ਦਾਖ਼ਲਿਆਂ ਵਿਚ 342 ਫ਼ੀਸਦੀ ਵਾਧਾ ਹੋਇਆ ਹੈ। ਇਨ੍ਹਾਂ ’ਚੋਂ 62 ਫ਼ੀਸਦੀ ਭਾਰਤ ਤੋਂ ਆਉਂਦੇ ਹਨ।
  • ਸਰਕਾਰੀ ਕਾਲਜਾਂ ਲਈ ਵਿੱਤੀ ਤੌਰ ’ਤੇ ਹੰਢਣਸਾਰ ਬਣੇ ਰਹਿਣ ਲਈ ਕੌਮਾਂਤਰੀ ਵਿਦਿਆਰਥੀਆਂ ਦੀਆਂ ਟਿਉੂਸ਼ਨ ਫ਼ੀਸਾਂ ’ਤੇ ਨਿਰਭਰਤਾ ਵਧਦੀ ਜਾ ਰਹੀ ਹੈ। ਸਾਲ 2020-21 ਵਿਚ ਸਮੁੱਚੇ ਓਂਟਾਰੀਓ ਵਿਚ ਟਿਊਸ਼ਨ ਫੀਸਾਂ ਦੇ ਰੂਪ ਵਿਚ ਆਉਣ ਵਾਲੇ ਕੁੱਲ ਮਾਲੀਏ ਵਿਚ ਕੌਮਾਂਤਰੀ ਵਿਦਿਆਰਥੀਆਂ ਦਾ ਯੋਗਦਾਨ 1.7 ਅਰਬ ਡਾਲਰ ਰਿਹਾ ਜੋ 68 ਫ਼ੀਸਦੀ ਬਣਦਾ ਸੀ।
  • ਕੌਮਾਂਤਰੀ ਵਿਦਿਆਰਥੀਆਂ ਨੂੰ ਔਸਤਨ 14306 ਡਾਲਰ ਸਾਲਾਨਾ ਟਿਊਸ਼ਨ ਦੇਣੀ ਪੈਂਦੀ ਹੈ ਜਦੋਂਕਿ ਘਰੇਲੂ ਵਿਦਿਆਰਥੀ ਔਸਤਨ 3228 ਡਾਲਰ ਫੀਸ ਅਦਾ ਕਰਦੇ ਹਨ। ਕੁੱਲ ਦਾਖਲਿਆਂ ਵਿਚ ਕੌਮਾਂਤਰੀ ਵਿਦਿਆਰਥੀਆਂ ਦਾ ਹਿੱਸਾ ਕਰੀਬ 30 ਫ਼ੀਸਦੀ ਬਣਦਾ ਹੈ।
  • ਆਈਆਰਸੀਸੀ ਦੀ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਕੈਨੇਡੀਅਨ ਸੰਸਥਾਵਾਂ ਅਤੇ ਸਕੂਲਾਂ ਦੇ ਵਿਕਾਸ ਵਿਚ ਸਾਲਾਨਾ 31 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ।
Advertisement
Author Image

Advertisement
Advertisement
×