ਡਰੀਮਲੈਂਡ ਸਕੂਲ ਦੀ ਖਿਡਾਰਨ ਪਵਨਦੀਪ ਕੌਰ ਨੇ ਜਿੱਤਿਆ ਤਗ਼ਮਾ
ਬਲਵਿੰਦਰ ਸਿੰਘ ਹਾਲੀ
ਕੋਟਕਪੂਰਾ, 10 ਜਨਵਰੀ
ਇਥੋਂ ਦੇ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਪਵਨਦੀਪ ਕੌਰ ਨੇ 68ਵੀਆਂ ਕੌਮੀ ਸਕੂਲ ਖੇਡਾਂ ਵਿੱਚ ਕੁਰਾਸ਼ ਖੇਡ ਮੁਕਾਬਿਲਆਂ ਵਿਚੋਂ ਵਿਰੋਧੀਆਂ ਨੂੰ ਚਿੱਤ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ ਅਤੇ ਚਾਂਦੀ ਦਾ ਤਗਮਾ ਜਿੱਤਿਆ। ਸਕੂਲ ਦੇ ਚੇਅਰਮੈਨ ਪ੍ਰਕਾਸ਼ ਚੰਦ ਸ਼ਰਮਾ ਨੇ ਦੱਸਿਆ ਕਿ ਰਾਏਪੁਰ (ਛੱਤੀਸਗੜ੍ਹ) ਵਿੱਚ ਹੋਈਆਂ ਇਨ੍ਹਾਂ ਖੇਡਾਂ ਵਿੱਚ ਕੁਰਾਸ਼ ਮੁਕਾਬਲਿਆਂ ਵਿੱਚ ਪੰਜਾਬ ਤੋਂ 48 ਖਿਡਾਰੀਆਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ 19 ਸਾਲ ਉਮਰ ਵਰਗ (ਲੜਕੀਆਂ) ਵਿੱਚੋਂ ਪਵਨਦੀਪ ਕੌਰ ਨੇ ਇਹ ਪ੍ਰਾਪਤੀ ਹਾਸਲ ਕਰਕੇ ਆਪਣੇ ਸਕੂਲ, ਮਾਤਾ ਪਿਤਾ ਅਤੇ ਕੋਚ ਦਾ ਨਾਮ ਰੋਸ਼ਨ ਕੀਤਾ ਹੈ। ਸਕੂਲ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਪਵਨਦੀਪ ਕੌਰ ਤੇ ਉਸ ਦੇ ਮਿਹਨਤੀ ਕੋਚ ਹਰਵਿੰਦਰ ਸਿੰਘ, ਮਨਪ੍ਰੀਤ ਸਿੰਘ ਅਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਇਹ ਬੱਚੀ ਖੇਡਾਂ ਦੇ ਨਾਲ-ਨਾਲ ਪੜ੍ਹਾਈ ਵਿੱਚ ਵੀ ਪੂਰੀ ਰੁਚੀ ਲੈਂਦੀ ਹੈ ਅਤੇ ਨਾਨ ਮੈਡੀਕਲ ਦੀ ਪੜ੍ਹਾਈ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਵਿਦਿਆਰਥਣ ਨੇ ਕੁਰਾਸ਼ ਦੇ ਨਾਲ ਨਾਲ ਜੂਡੋ, ਅਥਲੈਟਿਕਸ ਅਤੇ ਗਤਕੇ ਵਿੱਚ ਵੀ ਵੱਡੀਆਂ ਮੱਲ੍ਹਾਂ ਮਾਰੀਆਂ ਹਨ। ਖੇਡ ਅਫ਼ਸਰ ਕੇਵਲ ਕੌਰ ਅਤੇ ਨਵਪ੍ਰੀਤ ਕੌਰ ਨੇ ਵਿਦਿਆਰਥਣ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਫ਼ਰੀਦਕੋਟ ਜ਼ਿਲ੍ਹੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੀ ਧੀ ਨੇ ਕੌਮੀ ਪੱਧਰ ’ਤੇ ਚਾਂਦੀ ਦਾ ਤਗਮਾ ਜਿੱਤਿਆ। ਇਸ ਪ੍ਰਾਪਤੀ ਦੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰ) ਮੈਡਮ ਨੀਲਮ ਰਾਣੀ, ਉਪ ਜ਼ਿਲਾ ਸਿੱਖਿਆ ਅਫਸਰ (ਸੈਕੰ) ਪ੍ਰਦੀਪ ਦਿੳੜਾ, ਜ਼ਿਲ੍ਹਾ ਖੇਡ ਅਫਸਰ ਬਲਜਿੰਦਰ ਸਿੰਘ ਅਤੇ ਜ਼ੋਨ ਸਕੱਤਰ ਸੁਖਮੀਤ ਸਿੰਘ ਗਿੱਲ ਨੇ ਵੀ ਵਿਦਿਆਰਥਣ ਨੂੰ ਵਧਾਈ ਦਿੱਤੀ।