ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੁਪਨੇ ਦਿਖਾਉਣੇ ਮਾੜੇ ਨਹੀਂ ਪਰ...

07:12 AM Sep 16, 2023 IST

ਬਲਦੇਵ ਸਿੰਘ (ਸੜਕਨਾਮਾ)

Advertisement

ਜਦ ਮੈਂ ਆਪਣੇ ਪਿੰਡ ਚੰਦ ਨਵਾਂ ਦੇ ਹਾਈ ਸਕੂਲ ਵਿਚੋਂ ਦਸਵੀਂ ਜਮਾਤ ਕਰਕੇ ਡੀ.ਐੱਮ. ਕਾਲਜ ਮੋਗਾ ਵਿਚ ਪੜ੍ਹਨ ਲੱਗਾ ਤਾਂ ਉੱਥੇ ਮੋਗੇ ਦੇ ਲਾਗੇ ਹੀ ਇਕ ਪਿੰਡ ਦਾ ਮੁੰਡਾ ਮੇਰਾ ਮਿੱਤਰ ਬਣ ਗਿਆ। ਮੇਰਾ ਮਿੱਤਰ ਐੱਫ.ਏ. ਵਿਚੋਂ ਫੇਲ੍ਹ ਹੋ ਕੇ ਆਪਣੇ ਪਿੰਡ ਜਾ ਕੇ ਆਪਣੇ ਬਾਪ ਨਾਲ ਖੇਤੀ ਕਰਨ ਲੱਗ ਪਿਆ। ਸੀ ਤਾਂ ਮੈਂ ਵੀ ਨਾਲਾਇਕ ਵਿਦਿਆਰਥੀਆਂ ਵਰਗਾ ਹੀ, ਪਰ ਕਿਵੇਂ ਨਾ ਕਿਵੇਂ ਧੱਕੇ ਨਾਲ ਪਾਸ ਹੋਣ ਜੋਗੇ ਨੰਬਰ ਲੈ ਕੇ ਜਮਾਤ-ਦਰ-ਜਮਾਤ ਪਾਸ ਕਰਦਾ ਗਿਆ। ਬੀ.ਏ. ਪਾਸ ਵੱਜਣ ਲੱਗ ਪਿਆ, ਪਰ ਹਾਸ਼ੀਆ ਰੇਖਾ ’ਤੇ ਪਾਸ ਹੋਣ ਵਾਲੇ ਨੂੰ ਨੌਕਰੀ ਕਿੱਥੋਂ ਮਿਲਣੀ ਸੀ।


ਮਰਦੇ ਦੇ ਅੱਕ ਚੱਬਣ ਵਾਲੀ ਗੱਲ ਸੀ, ਬੀ.ਐੱਡ. ’ਚ ਦਾਖਲਾ ਲੈ ਲਿਆ। ਮਾਸਟਰ ਬਣ ਗਿਆ। ਮਸਾਂ ਛੇ ਕੁ ਸਾਲ ਸਰਕਾਰੀ ਅਧਿਆਪਕ ਬਣਿਆ। ਸ਼ਾਇਦ ਮੈਂ ਇਸ ਉਪਕਾਰੀ ਨੌਕਰੀ ਲਈ ਬਣਿਆ ਹੀ ਨਹੀਂ ਸੀ। ਨੌਕਰੀ ਵੱਲੋਂ ਮੂੰਹ ਘੁੰਮਾ ਕੇ ਮਹਾਂਨਗਰ ਕਲਕੱਤਾ ਵੱਲ ਕਰ ਲਿਆ। ਕਲਕੱਤੇ ਜਾ ਕੇ ਬੱਚਿਆਂ ਵਾਂਗ ਦੁਬਾਰਾ ਰਿੜ੍ਹਨਾ ਸਿੱਖਿਆ ਤੇ ਫਿਰ ਸਮਾਂ ਪਾ ਕੇ ਹੌਲੀ-ਹੌਲੀ ਪੌੜੀ ਦੇ ਡੰਡੇ ਚੜ੍ਹਨ ਵਾਂਗ ਮੈਂ ਟਰਾਂਸਪੋਰਟ ਦਾ ਕਾਰੋਬਾਰ ਕਰਨ ਜੋਗਾ ਹੋ ਗਿਆ। 1985 ਵਿਚ ਮੈਂ ‘ਜੋ ਵੱਟਿਆ ਸੋ ਖੱਟਿਆ’ ਮਨ ਨੂੰ ਸਮਝਾ ਕੇ ਮੋਗੇ ਆ ਕੇ ਟਿਕਾਣਾ ਕਰ ਲਿਆ।
ਇਕ ਦਿਨ ਬਾਜ਼ਾਰ ਵਿਚ ਅਚਾਨਕ ਮੈਨੂੰ ਬਾਰ੍ਹਵੀਂ ਵਾਲਾ ਹਮਜਮਾਤੀ ਮਿਲ ਗਿਆ। ਮੈਂ ਨਹੀਂ ਪਛਾਣਿਆ, ਉਸ ਨੇ ਮੈਨੂੰ ਪਛਾਣ ਲਿਆ। ਮੈਨੂੰ ਇਸ਼ਾਰੇ ਨਾਲ ਰੋਕ ਕੇ ਪਲ ਕੁ ਭਰ ਸੋਚਿਆ ਤੇ ਬੋਲਿਆ:
‘‘ਤੂੰ ਬਲਦੇਵ ਐਂ ਚੰਦਾਂ ਵਾਲਾ?’’ ਉਸ ਨੇ ਪੁੱਛਿਆ।
ਮੈਂ ਹੈਰਾਨ, ਇਹ ਬਜ਼ੁਰਗ ਕੌਣ ਹੋਇਆ। ਨਾ ਸਲੀਕੇ ਨਾਲ ਪੱਗ ਬੰਨ੍ਹੀ ਹੋਈ, ਨਾ ਢੰਗ ਦੇ ਕੱਪੜੇ।
‘‘ਪਛਾਣਿਆ ਨਹੀਂ, ਮੈਂ ਗੇਲਾ’’, ਉਸ ਨੇ ਕਿਹਾ। ‘‘ਗੁਰਮੇਲਜੀਤ ਤਾਂ ਮੈਨੂੰ ਹੁਣ ਵੀ ਕੋਈ ਨਹੀਂ ਆਖਦਾ।’’ ਉਹ ਫਿੱਕਾ ਜਿਹਾ ਹੱਸਿਆ।
‘‘ਓਏ ਗੇਲੇ ਤੂੰ?’’ ਮੈਂ ਉਸ ਨੂੰ ਹੋਰ ਵੀ ਗਹੁ ਨਾਲ ਵੇਖਿਆ। ਦਾੜ੍ਹੀ ਜਵਾਂ ਬੱਗੀ, ਗੋਡੇ ਬਾਹਰ ਵੱਲ ਨਿਕਲੇ ਹੋਏ। ਉਹ ਜਦ ਮੇਰੇ ਵੱਲ ਆਇਆ ਸੀ, ਤੁਰਦਾ ਵੀ ਹੁੱਝਕੇ ਜਿਹੇ ਮਾਰ ਕੇ ਸੀ। ਜੇ ਉਹ ਆਪਣੇ ਬਾਰੇ ਨਾ ਦੱਸਦਾ ਤਾਂ ਸੱਚ ਹੀ ਮੈਂ ਉਸ ਨੂੰ ਪਛਾਣ ਨਹੀਂ ਸੀ ਸਕਣਾ। ਫਿਰ ਕਿਹਾ:
‘‘ਯਾਰ ਗੇਲਿਆ ਤੂੰ ਤਾਂ ਜਵਾਂ ਈ ਖੜਕਿਆ ਪਿਐਂ?’’
ਉਹ ਪਹਿਲਾਂ ਵਾਂਗ ਖੋਖਲਾ ਜਿਹਾ ਹੱਸਿਆ।
‘‘ਕੀ ਹੋ ਗਿਆ, ਬਿਮਾਰ ਸੀ ਜਾਂ...।’’
‘‘ਸਭ ਦੱਸੂੰ, ਪਿੰਡ ਮਾਰੀਂ ਗੇੜਾ। ਕਰਾਂਗੇ ਗੱਲਾਂ। ਅੱਜ ਮੈਂ ਦਵਾਈ ਲੈਣ ਆਇਐਂ। ਮੈਂ ਚੱਲਦਾਂ ਹੁਣ, ਫੇਰ ਡਾਕਟਰ ਕੋਲ ਭੀੜ ਬਹੁਤ ਹੋ ਜਾਂਦੀ ਐ। ਆਥਣੇ ਵਾਰੀ ਆਊ।’’ ਉਹ ਤੁਰ ਪਿਆ, ਪਰ ਨਾਲ ਹੀ ਮੁੜ ਕੇ ਪੁੱਛਿਆ:
‘‘ਤੂੰ ਪੰਜਾਬ ਗੇੜਾ ਮਾਰਨ ਆਇਐਂ ਕਿ ਕਲਕੱਤਾ ਛੱਡ ਆਇਐਂ?’’
‘‘ਛੱਡ ਆਇਐਂ ਕਲਕੱਤਾ, ਦਹਾਕੇ ਬੀਤ ਗਏ।’’
‘‘ਕਮਾਲ ਐ।’’ ਉਹ ਬੋਲਿਆ, ‘‘ਮੈਂ ਦੂਏ ਤੀਏ ਮਾਰਦੈਂ ਸ਼ਹਿਰ ਗੇੜਾ ਅੱਜ ਮਾਂਗੂੰ ਕਦੇ ਟੱਕਰੇ ਈ ਨ੍ਹੀਂ ਆਪਾਂ।’’
‘‘ਤੇਰਾ ਫੋਨ ਨੰਬਰ ਹੈਗਾ?’’ ਮੈਂ ਪੁੱਛਿਆ।
‘‘ਫੋਨ ਤਾਂ ਤੇਰੀ ਭਰਜਾਈ ਕੋਲ ਹੁੰਦੈ ਤੂੰ ਨੰਬਰ ਲਿਖ ਲੈ।’’ ਉਸ ਨੇ ਫੋਨ ਨੰਬਰ ਲਿਖਵਾ ਦਿੱਤਾ। ਫਿਰ ਮੇਰਾ ਫੋਨ ਨੰਬਰ ਵੀ ਪੁੱਛ ਲਿਆ। ਤਿੰਨ ਕੁ ਦਿਨਾਂ ਬਾਅਦ ਹੀ ਗੇਲੇ ਦਾ ਫੋਨ ਆ ਗਿਆ। ਉਸ ਨੇ ਪਿੰਡ ਆਉਣ ਲਈ ਸੱਦਾ ਦਿੱਤਾ। ਬਹੁਤੀ ਦੂਰ ਨਹੀਂ ਸੀ ਉਸ ਦਾ ਪਿੰਡ। ਵੱਧ ਤੋਂ ਵੱਧ ਚੌਦਾਂ-ਪੰਦਰਾਂ ਕਿਲੋਮੀਟਰ ਹੋਵੇਗਾ। ਮੈਂ ਸੌਖਾ ਹੀ ਗੇਲੇ ਦਾ ਘਰ ਲੱਭ ਲਿਆ। ਸਾਧਾਰਨ ਜਿਹਾ ਘਰ। ਕੱਚਾ ਵਿਹੜਾ, ਕੰਧਾਂ ਪੱਕੀਆਂ, ਪਰ ਨਾ ਟੀਪ ਨਾ ਪਲੱਸਤਰ। ਗੇਲੇ ਦੀ ਘਰਵਾਲੀ ਵੀ ਪੇਂਡੂ ਸਾਧਾਰਨ ਔਰਤ। ਕੱਪੜੇ ਵੀ ਗੇਲੇ ਵਰਗੇ ਹੀ। ਉਸ ਦਾ ਸਿਰ ਵੀ ਲਗਪਗ ਚਿੱਟਾ ਯਾਨੀ ਦੋਵਾਂ ਉੱਪਰ ਉਮਰ ਤੋਂ ਪਹਿਲਾਂ ਹੀ ਬੁਢਾਪਾ ਆਇਆ ਹੋਇਆ ਲੱਗਿਆ। ਮੈਨੂੰ ਦੇਖਦਿਆਂ ਹੀ ਗੇਲੇ ਨੇ ਸਿਰ ਉੱਪਰ ਅਗੜ-ਦੁਗੜ
ਸਾਫਾ ਲਪੇਟ ਲਿਆ। ਘਰ ਅਤੇ ਉਨ੍ਹਾਂ ਦੀ ਹਾਲਤ ਵੇਖ
ਕੇ ਮੈਨੂੰ ਆਪਣੀ ਜਵਾਂ ਈ ਸਾਧਾਰਨ ਜਿਹੀ ਟੌਹਰ ਦੀ
ਵੀ ਸ਼ਰਮ ਆਈ। ਚੰਗਾ ਹੁੰਦਾ ਮੈਂ ਵੀ ਕੁੜਤਾ ਪਜ਼ਾਮਾ
ਪਾ ਕੇ ਆਉਂਦਾ। ਮੈਂ ਆਪਣੇ ਆਪ ਨੂੰ ਓਪਰਾ ਮਹਿਸੂਸ ਕੀਤਾ। ਇੰਨੇ ਵਿਚ ਗੇਲੇ ਨੇ ਕੰਧ ਨਾਲ ਖੜ੍ਹਾ ਕੀਤਾ ਮੰਜਾ ਡਾਹ ਕੇ ਕਿਹਾ:
‘‘ਆ ਬੈਠ ਸ਼ਹਿਰੀਆ। ਕੁਰਸੀ ਤਾਂ ਹੈਗੀ ਆ, ਪਰ ਉਸ ਦੀ ਇਕ ਲੱਤ ਟੁੱਟੀ ਹੋਈ ਹੈ।’’ ਫਿਰ ਉਸ ਨੇ ਆਪਣੀ ਘਰਵਾਲੀ ਨੂੰ ਆਵਾਜ਼ ਮਾਰੀ। ਉਹ ਹੱਥ ਨਾਲ ਸਿਰ ਦੇ ਵਾਲ ਚੁੰਨੀ ਹੇਠ ਕਰਦੀ ਆਈ।
‘‘ਪਹਿਲਾਂ ਪਾਣੀ ਦੇ ਜਾ, ਫਿਰ ਚਾਹ ਧਰ ਲੈ।’’ ਗੇਲੇ ਨੇ ਦੂਰ ਖੜ੍ਹੀ ਨੂੰ ਹੀ ਹੁਕਮ ਸੁਣਾਇਆ। ਉਹ ਚੌਂਕੇ ਵੱਲ ਚਲੀ ਗਈ। ਗੇਲੇ ਦਾ ਘਰ ਵੇਖ ਕੇ ਮੈਨੂੰ ਵਿਕਾਸ ਕਰ ਰਹੇ ਭਾਰਤ ਬਾਰੇ ਸਾਡੇ ਨੇਤਾਵਾਂ ਦੇ ਬੋਲ ਯਾਦ ਆਏ। ‘‘ਅਸੀਂ ਵਿਸ਼ਵ ਦਾ ਤੀਜਾ ਅਰਥਚਾਰਾ ਬਣਨ ਜਾ ਰਹੇ ਹਾਂ। ਅਸੀਂ ਵਿਕਾਸਸ਼ੀਲ ਦੇਸ਼ ਤੋਂ ਵਿਕਸਤ ਦੇਸ਼ ਵੱਲ ਪੁਲਾਂਘ ਪੁੱਟ ਲਈ ਹੈ। ਅਸੀਂ ਚੰਦਰਮਾ ਉੱਪਰ ਤਿਰੰਗਾ ਗੱਡ ਦਿੱਤਾ ਹੈ। ਹੁਣ ਸੂਰਜ ਵੱਲ ਉਡਾਣ ਭਰੀ ਹੈ।’’ ਮੈਨੂੰ ਇਕ ਸਿਆਣੇ ਦੇ ਬੋਲ ਯਾਦ ਆਏ।
‘‘ਸੂਰਜ ਤੁਹਾਡੇ ਕੱਪੜੇ ਸੁਕਾ ਸਕਦਾ ਹੈ, ਪਰ ਕਿਰਤੀ ਦਾ ਮੁੜ੍ਹਕਾ ਨਹੀਂ ਸੁਕਾ ਸਕਦਾ।’’ ਅਸੀਂ ਇਕ ਅਸਲੋਂ ਹੀ ਨਵਾਂ ਅਤੇ ਵਿਲੱਖਣ ‘ਬੁਲਡੋਜ਼ਰ ਕਲਚਰ’ ਪੈਦਾ ਕਰ ਦਿੱਤਾ ਹੈ। ਅਸੀਂ ਨਵੇਂ ਭਾਰਤ ਲਈ ਨਵੀਆਂ ਨੀਤੀਆਂ ਲਈ ਨਵੇਂ ਸੰਵਿਧਾਨ ਲਈ ਨਵਾਂ ਸੰਸਦ ਭਵਨ ਤਿਆਰ ਕਰ ਲਿਆ ਹੈ। ਅਸੀਂ ਨਵਾਂ ਇਤਿਹਾਸ ਸਿਰਜਣ ਜਾ ਰਹੇ ਹਾਂ। ਸੌ ਹੱਥ ਰੱਸਾ ਸਿਰੇ ’ਤੇ ਗੰਢ ਹੁਣ ਨਵੀਆਂ ਗੁੱਡੀਆਂ ਹੋਣਗੀਆਂ ਤੇ ਨਵੇਂ ਪਟੋਲੇ ਹੋਣਗੇ ਯਾਨੀ ਸਭ ਕੁਝ ਪੁਰਾਣਾ ‘ਡਸਟਬਿਨ’ ਵਿਚ ਤੇ ਨਵਾਂ ਆਧੁਨਿਕ ਤੇ ਆਧੁਨਿਕ ਦਾ ਵੀ ਆਧੁਨਿਕ ਭਾਰਤ ਸਿਰਜ ਕੇ ਵਿਸ਼ਵ ਦਾ ਧਿਆਨ ਖਿੱਚ ਰਹੇ ਹਾਂ।
ਪਾਣੀ ਪੀਂਦਿਆਂ ਵੀ ਮੇਰੇ ਜ਼ਿਹਨ ’ਚ ਅਤਿ ਆਧੁਨਿਕ ਭਾਰਤ ਦੀ ਤਸਵੀਰ ਉੱਘੜੀ ਹੋਈ ਸੀ। ਗੇਲਾ ਅਤੇ ਉਸ ਵਰਗੇ ਹਜ਼ਾਰਾਂ ਲੱਖਾਂ ਫਿਰ ਕਿਹੜੇ ਭਾਰਤ ਵਿਚ ਰਹਿ ਰਹੇ ਹਨ? ਇਕ ਪਾਸੇ ਚੰਦਰਯਾਨ-3 ਚੰਦਰਮਾ ’ਤੇ ਸੁਰੱਖਿਅਤ ‘ਲੈਂਡ’ ਹੋ ਗਿਆ। ਵਿਗਿਆਨ ਦਾ ਕ੍ਰਿਸ਼ਮਾ, ਪਰ ਧਰਤੀ ਉੱਪਰ ਅਸੀਂ ਉਸ ਦੀ ਸੇਫ ਲੈਂਡਿੰਗ ਲਈ ਹਵਨ ਕਰਦੇ ਰਹੇ। ਅਸੀਂ ਆਧੁਨਿਕ ਵੀ ਹਾਂ ਤੇ ਸਿਰੇ ਦੇ ਸੰਸਕਾਰੀ ਵੀ ਹਾਂ। ਕ੍ਰਿਕਟ ਦੀ ਟੀਮ ਨੇ ਜਿੱਤਣਾ ਹਾਰਨਾ ਆਪਣੀ ਕਾਬਲੀਅਤ ਨਾਲ ਹੁੰਦਾ ਹੈ, ਅਸੀਂ ਉਦੋਂ ਵੀ ਪੂਜਾ ਕਰਦੇ ਹਾਂ, ਅਰਦਾਸਾਂ ਕਰਦੇ ਹਾਂ, ਹਵਨ ਕਰਦੇ ਹਾਂ।
ਮੇਰੇ ਸਾਹਮਣੇ ਮੇਰਾ ਹਮਜਮਾਤੀ ਮਿੱਤਰ ਬੈਠਾ ਹੈ। ਆਤਮ-ਨਿਰਭਰ ਹੋਣ ਜਾ ਰਹੇ ਭਾਰਤ ਦਾ ਉਹ ਵੀ ਇਕ ਮਹੱਤਵਪੂਰਨ ਸ਼ਹਿਰੀ ਹੈ। ਅਰਥ-ਸ਼ਾਸਤਰੀਆਂ ਦੇ ਅੰਕੜਿਆਂ ਅਨੁਸਾਰ ਉਹ ਨਿਮਨ ਮੱਧ-ਸ਼੍ਰੇਣੀ ਵਰਗ ਵਿਚ ਆਉਂਦਾ ਹੋਵੇਗਾ, ਪਰ ਮੈਂ ਉਨ੍ਹਾਂ ਦੋਹਾਂ ਜੀਆਂ ਵੱਲ ਪਰੇਸ਼ਾਨੀ ਭਰੀ ਘੋਖਵੀਂ ਨਿਗਾਹ ਮਾਰੀ, ਮੈਨੂੰ ਲੱਗਿਆ ਹੀ ਨਹੀਂ, ਯਕੀਨ ਵੀ ਹੋ ਗਿਆ, ਉਨ੍ਹਾਂ ਕੋਲ ਕੱਪੜੇ ਧੋਣ ਲਈ ਸਾਬਣ ਵੀ ਨਹੀਂ ਹੋਵੇਗਾ। ਸੁਪਨੇ ਦਿਖਾਏ ਜਾਣੇ ਮਾੜੇ ਨਹੀਂ ਹਨ, ਪਰ ਸੁਪਨਿਆਂ ਨੂੰ ਹਕੀਕਤ ਦੀ ਜ਼ਮੀਨ ’ਤੇ ਸਾਕਾਰ ਵੀ ਕਰਨਾ ਹੁੰਦਾ ਹੈ। ਪੁਰਾਣੇ ਲੋਗੜ ਨੂੰ ਨਵੇਂ ਗਿਲਾਫ ਨਾਲ ਬਹੁਤਾ ਚਿਰ ਨਹੀਂ ਢਕਿਆ ਜਾ ਸਕਦਾ। ਮਿੱਤਰ ਗੇਲੇ ਨੂੰ ਮਿਲ ਕੇ ਮੈਂ ਉਦਾਸ ਮਨ ਲੈ ਕੇ ਮੁੜਿਆ।
ਸੰਪਰਕ: 98147-83069
Advertisement

Advertisement