ਡੀਆਰਡੀਓ ਤੇ ਆਈਆਈਟੀ ਦਿੱਲੀ ਨੇ ਬੁਲੇਟ ਪਰੂਫ ਜੈਕਟਾਂ ਬਣਾਈਆਂ
ਨਵੀਂ ਦਿੱਲੀ, 25 ਸਤੰਬਰ
ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਆਈਆਈਟੀ ਦਿੱਲੀ ਦੇ ਖੋਜੀਆਂ ਨਾਲ ਮਿਲ ਕੇ ਹਲਕੇ ਵਜ਼ਨ ਦੀਆਂ ਬੁਲੇਟ ਪਰੂਫ ਜੈਕਟਾਂ ਵਿਕਸਤ ਕੀਤੀਆਂ ਹਨ ਜੋ ਹਰ ਪੱਖੋਂ ਜਾਨੀ ਨੁਕਸਾਨ ਤੋਂ ਬਚਾਅ ਸਕਦੀਆਂ ਹਨ। ਰੱਖਿਆ ਮੰਤਰਾਲੇ ਨੇ ਕਿਹਾ ਕਿ ਬੁਲੇਟ ਪਰੂਫ ਜੈਕਟਾਂ 360 ਡਿਗਰੀ ਸੁਰੱਖਿਆ ਪ੍ਰਦਾਨ ਕਰਨਗੀਆਂ। ਕੇਂਦਰ ਤਿੰਨ ਸਨਅਤਾਂ ਨੂੰ ਤਕਨਾਲੋਜੀ ਟਰਾਂਸਫਰ ਕਰਨ ਲਈ ਤਿਆਰ ਹੈ। ਬੁਲੇਟ ਪਰੂਫ ਜੈਕਟਾਂ ਨੂੰ ‘ਅਭੇਦ’ (ਐਡਵਾਂਸਡ ਬੈਲਿਸਟਿਕਸ ਫਾਰ ਹਾਈ ਐਨਰਜੀ ਡੀਫੀਟ) ਨਾਮ ਦਿੱਤਾ ਗਿਆ ਹੈ। ਮੰਤਰਾਲੇ ਨੇ ਬਿਆਨ ਵਿੱਚ ਕਿਹਾ ਕਿ ਇਹ ਜੈਕਟਾਂ 8.2 ਕਿਲੋਗ੍ਰਾਮ ਅਤੇ 9.5 ਕਿਲੋਗ੍ਰਾਮ ਦੀਆਂ ਹਨ ਜੋ ਅੱਗੇ ਤੇ ਪਿੱਛੇ 360 ਡਿਗਰੀ ਸੁਰੱਖਿਆ ਪ੍ਰਦਾਨ ਕਰਨਗੀਆਂ। ਇਹ ਜੈਕਟਾਂ ਪੌਲੀਮਰ ਅਤੇ ਸਵਦੇਸ਼ੀ ਬੋਰੋਨ ਕਾਰਬਾਈਡ ਸੈਰਾਮਿਕ ਸਮੱਗਰੀ ਨਾਲ ਤਿਆਰ ਕੀਤੀਆਂ ਗਈਆਂ ਹਨ। ਰੱਖਿਆ ਵਿਭਾਗ (ਆਰ ਐਂਡ ਡੀ) ਦੇ ਸਕੱਤਰ ਅਤੇ ਡੀਆਰਡੀਓ ਦੇ ਚੇਅਰਮੈਨ ਸਮੀਰ ਵੀ ਕਾਮਤ ਨੇ ਡੀਆਰਡੀਓ ਅਤੇ ਆਈਆਈਟੀ ਦਿੱਲੀ ਨੂੰ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ ਹੈ। -ਪੀਟੀਆਈ