ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਰਣਨੀਤੀ ਉਲੀਕੀ
ਭਗਵਾਨ ਦਾਸ ਸੰਦਲ
ਦਸੂਹਾ, 19 ਜੁਲਾਈ
ਇਥੇ ਭਾਰੀ ਬਾਰਿਸ਼ ਕਾਰਨ ਪਿੰਡਾਂ ਵਿੱਚ ਪਾਣੀ ਕਾਰਨ ਬਣੀ ਗੰਭੀਰ ਸਮੱਸਿਆ ਨਾਲ ਨਜਿੱਠਨ ਲਈ ਦੋਆਬਾ ਕਿਸਾਨ ਕਮੇਟੀ ਦੇ ਵਫ਼ਦ ਵੱਲੋਂ ਉਪ ਮੰਡਲ ਮਜਿਸਟ੍ਰੇਟ ਦਸੂਹਾ ਉਜਸਵੀ ਅਲੰਕਾਰ ਨਾਲ ਮੀਟਿੰਗ ਕੀਤੀ ਗਈ। ਬੈਠਕ ਵਿੱਚ ਨਹਿਰੀ ਵਿਭਾਗ ਪੰਜਾਬ ਦੇ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਕਸਬਾ ਘੋਗਰਾ ਦੇ ਨਹਿਰੀ ਸੂਏ ਦੇ ਪਾਣੀ ਦੀ ਸਮੱਸਿਆ ਅਤੇ ਹੜ੍ਹ ਪ੍ਰਭਾਵਿਤ ਪਿੰਡਾਂ ਦੋਲੋਵਾਲ, ਝਿੰਗੜਕਲਾਂ, ਕੌਲਪੁਰ, ਬਲਹੱਡਾ, ਸੈਦੋਵਾਲ, ਭੀਖੋਵਾਲ, ਲੁਡਿਆਣੀ, ਗਾਲੋਵਾਲ ਆਦਿ ਵਿੱਚ ਹੜ੍ਹਾਂ ਕਾਰਨ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਤੇ ਉਨ੍ਹਾਂ ਦੇ ਹੱਲ ਬਾਰੇ ਵਿਉਂਤਬੰਦੀ ਬਣਾਉਣ ਲਈ ਚਰਚਾ ਕੀਤੀ ਗਈ। ਮੀਟਿੰਗ ਵਿੱਚ ਕਸਬਾ ਘੋਗਰਾ ਦੇ ਨਹਿਰੀ ਸੂਏ ਦੇ ਪਾਣੀ ਦੀ ਨਿਕਾਸੀ ਲਈ ਅੰਡਰਗਰਾਊਂਡ ਪਾਈਪ ਲਾਈਨ ਪਾ ਕੇ ਵੱਡੇ ਛੱਪੜ ਰਾਹੀਂ ਵਾਧੂ ਪਾਣੀ ਚੋਅ ਵਿੱਚ ਪਾਉਣ ਦੀ ਸਹਿਮਤੀ ਬਣੀ ਅਤੇ ਐੱਸਡੀਐੱਮ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਇਸ ਸਬੰਧੀ ਯੋਜਨਾ ’ਤੇ ਜਲਦ ਕੰਮ ਦੀ ਸ਼ੁਰੂਆਤ ਦੇ ਨਿਰਦੇਸ਼ ਜਾਰੀ ਕੀਤੇ ਗਏ। ਇਸ ਤੋਂ ਇਲਾਵਾ ਪਿੰਡ ਸੈਦੋਵਾਲ ਤੋਂ ਭੀਖੋਵਾਲ ਸੜਕ ’ਤੇ ਵੱਡੀਆਂ ਪੁਲੀਆਂ ਦੀ ਮੁਰੰਮਤ ਅਤੇ ਉਸਾਰੀ, ਪਿੰਡ ਕੌਲਪੁਰ ਤੋਂ ਪੰਡੋਰੀ ਲਮੀਣ ਵਾਲੀ ਡਰੇਨ ਦੀ ਸਫ਼ਾਈ ਕਰਵਾਉਣ ’ਤੇ ਵੀ ਸਹਿਮਤੀ ਬਣੀ। ਐੱਸਡੀਐੱਮ ਉਜਸਵੀ ਅਲੰਕਾਰ ਨੇ ਭਰੋਸਾ ਦਿੱਤਾ ਉਪ ਮੰਡਲ ਦਸੂਹਾ ਦੇ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਰਾਹਤ ਕੰਮਾਂ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸ਼ਤੈਦ ਹੈ।ਇਸ ਮੌਕੇ ਜੰਗਵੀਰ ਸਿੰਘ ਚੌਹਾਨ, ਰਣਜੀਤ ਸਿੰਘ ਬਾਜਵਾ, ਪ੍ਰਿਤਪਾਲ ਸਿੰਘ ਗੁਰਾਇਆ, ਭੁਪਿੰਦਰਜੀਤ ਸਿੰਘ, ਭਾਗ ਸਿੰਘ ਗਾਜ਼ੀ, ਸਰਪੰਚ ਤਿਰਲੋਚਨ ਸਿੰਘ, ਸਰਪੰਚ ਰਾਮਪਾਲ ਸਿੰਘ, ਪਮਚ ਹਰਜਿੰਦਰ ਸਿੰਘ, ਪੰਚ ਜਸਵੀਰ ਸਿੰਘ, ਬਲਜੀਤ ਸਿੰਘ, ਸਰਪੰਚ ਅਸ਼ੋਕ ਕੁਮਾਰ ਜਲਾਲ ਚੱਕ, ਜੋਗਿੰਦਰ ਸਿੰਘ ਆਦਿ ਮੌਜੂਦ ਸਨ।