ਨਿਗਮ ਚੋਣਾਂ ਲਈ ਰਾਖਵੇਂ ਵਾਰਡਾਂ ਲਈ ਡਰਾਅ ਕੱਢਿਆ
ਦਵਿੰਦਰ ਸਿੰਘ
ਯਮੁਨਾਨਗਰ, 4 ਜਨਵਰੀ
ਨਗਰ ਨਿਗਮ ਚੋਣਾਂ ਲਈ ਐਡਹਾਕ ਕਮੇਟੀ ਵੱਲੋਂ ਅਨੁਸੂਚਿਤ ਜਾਤੀ, ਪਛੜੀਆਂ ਸ਼੍ਰੇਣੀਆਂ ਏ ਅਤੇ ਬੀ ਅਤੇ ਔਰਤਾਂ ਲਈ ਵਾਰਡ ਰਾਖਵੇਂ ਕਰਨ ਲਈ ਡਰਾਅ ਕੱਢਿਆ ਗਿਆ। ਡਰਾਮ ਦੌਰਾਨ ਜਿਸ ਵਾਰਡ ਵਿੱਚ ਰਾਖਵੀਂ ਸ਼੍ਰੇਣੀ ਦੀ ਆਬਾਦੀ ਜ਼ਿਆਦਾ ਸੀ, ਉਸ ਵਾਰਡ ਦੇ ਆਧਾਰ ’ਤੇ ਵਾਰਡ ਰਾਖਵਾਂ ਕਰਕੇ ਡਰਾਅ ਕੱਢਿਆ ਗਿਆ। ਇਹ ਡਰਾਅ ਨਗਰ ਨਿਗਮ ਕਮਿਸ਼ਨਰ ਆਯੂਸ਼ ਸਿਨਹਾ ਦੀ ਦੇਖ-ਰੇਖ ਹੇਠ ਕੱਢਿਆ ਗਿਆ। ਨਗਰ ਨਿਗਮ ਕਮਿਸ਼ਨਰ ਆਯੂਸ਼ ਸਿਨਹਾ ਨੇ ਦੱਸਿਆ ਕਿ ਡਾਇਰੈਕਟੋਰੇਟ ਦੀਆਂ ਹਦਾਇਤਾਂ ਅਨੁਸਾਰ ਅਨੁਸੂਚਿਤ ਜਾਤੀਆਂ ਦੀ ਸਭ ਤੋਂ ਵੱਧ ਆਬਾਦੀ ਦੇ ਆਧਾਰ ’ਤੇ ਨਿਗਮ ਦੇ 22 ਵਾਰਡਾਂ ਵਿੱਚੋਂ ਵਾਰਡ ਨੰਬਰ 11, 12, ਇੱਕ ਅਤੇ 21 ਅਨੁਸੂਚਿਤ ਜਾਤੀਆਂ ਲਈ ਰਾਖਵੇਂ ਕੀਤੇ ਗਏ ਹਨ। ਅਨੁਸੂਚਿਤ ਜਾਤੀ ਦੀਆਂ ਔਰਤਾਂ ਲਈ ਦੋ ਵਾਰਡ ਰਾਖਵੇਂ ਕਰਨ ਲਈ ਇਨ੍ਹਾਂ ਵਾਰਡਾਂ ਵਿੱਚ ਲਾਟਰੀਆਂ ਪਾ ਕੇ ਡਰਾਅ ਕੱਢਿਆ ਗਿਆ। ਅਨੁਸੂਚਿਤ ਜਾਤੀ ਵਰਗ ਲਈ ਰਾਖਵੇਂ ਚਾਰ ਵਾਰਡਾਂ ਵਿੱਚੋਂ ਵਾਰਡ ਨੰਬਰ 11 ਅਤੇ 21 ਅਨੁਸੂਚਿਤ ਜਾਤੀ ਵਰਗ ਦੀਆਂ ਔਰਤਾਂ ਲਈ ਰਾਖਵੇਂ ਹਨ । ਅਨੁਸੂਚਿਤ ਜਾਤੀ ਦੇ ਰਾਖਵੇਂ ਵਾਰਡਾਂ ਨੂੰ ਛੱਡ ਕੇ ਪੱਛੜੀ ਸ਼੍ਰੇਣੀ ਏ (ਬੀਸੀ-ਏ) ਦੇ ਵਾਰਡ ਨੰਬਰ 4, 14, 3, 10, 5, 17, 16, 22 ਅਤੇ 6 ਨੂੰ ਪੱਛੜੀ ਸ਼੍ਰੇਣੀ ਏ ਦੀ ਵੱਧ ਤੋਂ ਵੱਧ ਆਬਾਦੀ ਦੇ ਆਧਾਰ ਤੇ ਰਾਖਵੇਂ ਕਰਨ ਲਈ ਡਰਾਅ ਕੱਢਿਆ ਗਿਆ। ਜਿਨ੍ਹਾਂ ਵਿੱਚੋਂ ਵਾਰਡ ਨੰਬਰ 3, 17 ਅਤੇ 4 ਪਛੜੀਆਂ ਸ਼੍ਰੇਣੀਆਂ ਏ ਲਈ ਰਾਖਵੇਂ ਰਹੇ। ਇਨ੍ਹਾਂ ਵਿੱਚੋਂ ਪੱਛੜੀਆਂ ਸ਼੍ਰੇਣੀਆਂ ਏ ਔਰਤਾਂ ਲਈ ਵਾਰਡ ਰਾਖਵਾਂ ਕਰਨ ਲਈ ਮੁੜ ਡਰਾਅ ਕੱਢਿਆ ਗਿਆ। ਇਨ੍ਹਾਂ ਵਿੱਚੋਂ ਵਾਰਡ ਨੰਬਰ 4 ਦੀ ਪਰਚੀ ਨਿਕਲੀ ਹੈ ਜਿਸ ਦੇ ਚਲਦਿਆਂ ਵਾਰਡ ਨੰਬਰ 4 ਪਛੜੀਆਂ ਸ਼੍ਰੇਣੀਆਂ ਏ ਔਰਤਾਂ ਲਈ ਰਾਖਵਾਂ ਕੀਤਾ ਗਿਆ। ਪਛੜੀਆਂ ਸ਼੍ਰੇਣੀਆਂ (ਬੀਸੀ.-ਬੀ) ਦੀਆਂ ਔਰਤਾਂ ਲਈ ਵਾਰਡ ਰਾਖਵਾਂ ਕਰਨ ਲਈ ਵਾਰਡ ਨੰਬਰ 5, 10 ਅਤੇ 16 ਤੋਂ ਡਰਾਅ ਕੱਢੇ ਗਏ । ਡਰਾਅ ਅਨੁਸਾਰ ਵਾਰਡ ਨੰਬਰ 10 ਪਛੜੀ ਬੀ ਸ਼੍ਰੇਣੀ ਦੀਆਂ ਔਰਤਾਂ ਲਈ ਰਾਖਵਾਂ ਰਿਹਾ।
ਪ੍ਰਕਿਰਿਆ ਦੀ ਵੀਡੀਓਗ੍ਰਾਫ਼ੀ ਕੀਤੀ
ਨਗਰ ਨਿਗਮ ਕਮਿਸ਼ਨਰ ਆਯੂਸ਼ ਸਿਨਹਾ ਨੇ ਕਿਹਾ ਕਿ ਸਾਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਗਈ। ਇਸ ਮੌਕੇ ਵਧੀਕ ਨਿਗਮ ਕਮਿਸ਼ਨਰ ਡਾ. ਵਿਜੈ ਪਾਲ ਯਾਦਵ, ਐਡਹਾਕ ਕਮੇਟੀ ਮੈਂਬਰ ਸਾਬਕਾ ਮੇਅਰ ਮਦਨ ਚੌਹਾਨ, ਸਾਬਕਾ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸ਼ਰਮਾ, ਸਾਬਕਾ ਡਿਪਟੀ ਮੇਅਰ ਰਾਣੀ ਕਾਲੜਾ, ਸਾਬਕਾ ਕੌਂਸਲਰ ਸਵਿਤਾ ਕੰਬੋਜ, ਸਾਬਕਾ ਕੌਂਸਲਰ ਕੁਸੁਮ ਲਤਾ ਤੇ ਸਾਬਕਾ ਕੌਂਸਲਰ ਜਗਦੀਸ਼ ਵਿਦਿਆਰਥੀ ਮੌਜੂਦ ਸਨ।