ਨਾਟਕ ‘ਮਾਸਟਰ ਜੀ’: ਪੰਜਾਬ ਦੀ ਕਲਾ ਦਾ ਗੌਰਵ
ਗੁਰਮੁਖ ਸਿੰਘ
ਕਲਾ ਜਗਤ
ਕਿਸੇ ਵੀ ਕਲਾ ਦੀ ਇਹ ਵੱਡੀ ਖ਼ੂਬੀ ਹੁੰਦੀ ਹੈ ਕਿ ਉਹ ਤੁਹਾਨੂੰ ਹੈਰਾਨ ਕਰ ਦੇਵੇ, ਰਾਣਾ ਰਣਬੀਰ ਦਾ ਨਾਟਕ ‘ਮਾਸਟਰ ਜੀ’ ਤੁਹਾਨੂੰ ਕਈ ਤਰ੍ਹਾਂ ਨਾਲ ਹੈਰਾਨ ਕਰਦਾ ਹੈ।
ਪਹਿਲੀ ਹੈਰਾਨੀ ਇਸ ਦੀ ਪ੍ਰਸਿੱਧੀ ਨੂੰ ਦੇਖ ਕੇ ਹੁੰਦੀ ਹੈ। ਪੰਜਾਬੀ ਯੂਨੀਵਰਸਿਟੀ ਵਿਚ ਇਸ ਦਾ 41ਵਾਂ ਅਤੇ 42ਵਾਂ ਸ਼ੋਅ ਸੀ। ਇਸ ਤੋਂ ਪਹਿਲਾਂ ਇਸ ਨਾਟਕ ਦੇ ਅਠੱਤੀ ਸ਼ੋਅ ਕੈਨੇਡਾ, ਅਸਟਰੇਲੀਆ, ਨਿਊਜ਼ੀਲੈਂਡ, ਨੀਦਰਲੈਂਡ, ਬੈਲਜੀਅਮ, ਫ਼ਰਾਂਸ, ਜਰਮਨੀ ਅਤੇ ਸਪੇਨ ਵਿਚ ਹੋ ਚੁੱਕੇ ਹਨ। ਯੂਰਪ ਵਿਚ ਪੇਸ਼ ਕੀਤਾ ਜਾਣ ਵਾਲਾ ਇਹ ਪਹਿਲਾ ਪੰਜਾਬੀ ਨਾਟਕ ਹੈ। ਵਿਦੇਸ਼ਾਂ ਵਿਚ ਹੋਈਆਂ ਤਮਾਮ ਪੇਸ਼ਕਾਰੀਆਂ ਨੂੰ ਦਰਸ਼ਕਾਂ ਨੇ ਟਿਕਟਾਂ ਲੈ ਕੇ ਦੇਖਿਆ।
ਪੰਜਾਬੀ ਯੂਨੀਵਰਸਿਟੀ ਵਿਚ ਪਹਿਲਾ ਸ਼ੋਅ ਕਲਾ ਭਵਨ ਵਿਚ ਸੀ। ਵੱਡੀ ਗਿਣਤੀ ਦਰਸ਼ਕ, ਹਾਲ ਦੀ ਸੀਮਤ ਸਮਰੱਥਾ ਕਾਰਨ ਸ਼ੋਅ ਨਾ ਦੇਖ ਸਕੇ। ਦੂਜੇ ਦਿਨ ਦਾ ਸ਼ੋਅ ਸਥਾਨ ਦੀ ਤਬਦੀਲੀ ਕਰ ਕੇ ਗੁਰੂ ਤੇਗ ਬਹਾਦਰ ਹਾਲ ਵਿਚ ਰੱਖਿਆ ਗਿਆ। ਗੁਰੂ ਤੇਗ ਬਹਾਦਰ ਹਾਲ ਬਹੁਤ ਵੱਡਾ ਹਾਲ ਹੈ, ਕਦੇ ਹੀ ਪੂਰਾ ਭਰਦਾ ਹੈ। ਕਿਸੇ ਬਹੁਤ ਪ੍ਰਸਿੱਧ ਪ੍ਰਚਲਿਤ ਗਾਇਕ ਲਈ ਭਰ ਜਾਵੇ, ਕੋਈ ਅਲੋਕਾਰੀ ਗੱਲ ਨਹੀਂ ਹੈ। ਪਰ ਕਿਸੇ ਨਾਟਕ ਲਈ ਭਰ ਜਾਵੇ, ਇਹ ਅਲੋਕਾਰੀ ਗੱਲ ਹੈ।
ਰਾਣਾ ਰਣਬੀਰ ਦੇ ਨਾਟਕ ‘ਮਾਸਟਰ ਜੀ’ ਲਈ ਇਹ ਹਾਲ ਭਰਦਾ ਹੀ ਨਹੀਂ ਸਗੋਂ ਨੱਕੋ-ਨੱਕ ਭਰਦਾ ਹੈ। ਦਰਸ਼ਕ ਖੜ੍ਹੇ ਹੋ, ਥੱਲੇ ਬੈਠ ਨਾਟਕ ਦਾ ਆਨੰਦ ਮਾਣਦੇ ਹਨ।
ਇਸ ਨਾਟਕ ਦੀ ਪ੍ਰਸਿੱਧੀ ਨੂੰ ਦੇਖ ਕੇ ਯਕੀਨ ਅਤੇ ਹੌਸਲਾ ਹੁੰਦਾ ਹੈ ਕਿ ਚੰਗੀ ਕਲਾ ਨੂੰ ਪੈਦਾ ਕਰਨ ਅਤੇ ਚੰਗੀ ਕਲਾ ਨੂੰ ਹੁੰਗਾਰਾ ਭਰਨ ਦਾ ਪੰਜਾਬੀਆਂ ਵਿਚ ਹਾਲੇ ਵੀ ਬਹੁਤ ਮਾਦਾ ਹੈ।
ਇਸ ਨਾਟਕ ਨੇ ਰੰਗਮੰਚ ਦੀ ਸਮਰੱਥਾ ਅਤੇ ਅਹਿਮੀਅਤ ਨੂੰ ਉਭਾਰਿਆ ਹੈ ਜੋ ਹੈਰਾਨ ਕਰਨ ਵਾਲਾ ਹੈ। ਸਟੇਜ ਅਤੇ ਦਰਸ਼ਕ ਇਕ ਜੀਵੰਤ ਰਿਸ਼ਤੇ ਵਿਚ ਅਹਿਸਾਸਾਂ/ਅਨੁਭਵਾਂ ਨੂੰ ਜਿਸ ਤਰ੍ਹਾਂ ਜਿਉਂਦੇ ਹਨ, ਉਹ ਕਿਸੇ ਹੋਰ ਵਿਧਾ ਦਾ ਹਾਸਿਲ ਨਹੀਂ ਬਣ ਸਕਦਾ। ਇਸ ਗੱਲ ਦਾ ਅਹਿਸਾਸ ਨਾਟਕ ‘ਮਾਸਟਰ ਜੀ’ ਨੂੰ ਦੇਖਦਿਆਂ ਵਾਰ-ਵਾਰ ਹੁੰਦਾ ਹੈ। ਇਹ ਨਾਟਕ ਪੰਜਾਬੀ ਰੰਗਮੰਚ ਦੀ ਮਿਸਾਲੀ ਪ੍ਰਾਪਤੀ ਹੈ।
ਇਹ ਗੱਲ ਇਸ ਕਾਰਨ ਹੋਰ ਵੀ ਖ਼ਾਸ ਹੈ ਕਿ ਅਜੋਕੇ ਦੌਰ ਵਿਚ ਤਾਂ ਹਲਕੇ ਕਿਸਮ ਦੀਆਂ ਫਿਲਮਾਂ ਅਤੇ ਭੜਕਾਊ ਗੀਤਾਂ ਦਾ ਦਬਦਬਾ ਹੈ। ਉਂਝ ਕਿਤੇ ਕਿਤੇ ਕੁਝ ਚੰਗਾ ਨਜ਼ਰ ਆਉਣ ਤੋਂ ਵੀ ਇਨਕਾਰ ਨਹੀਂ, ਪਰ ਉਹ ਅਕਸਰ ਹਾਸ਼ੀਏ ’ਤੇ ਹੀ ਰਹਿ ਜਾਂਦਾ ਹੈ। ਮੁੱਖਧਾਰਾ ਦਾ ਹਿੱਸਾ ਨਹੀਂ ਬਣਦਾ। ਰੰਗਮੰਚ ਤਾਂ ਜਿਵੇਂ ਪੂਰਾ ਹੀ ਹਾਸ਼ੀਏ ’ਤੇ ਹੈ।
ਇਸ ਤਰ੍ਹਾਂ ਦੇ ਮਾਹੌਲ ਵਿਚ ‘ਮਾਸਟਰ ਜੀ’ ਜਿਹਾ ਨਾਟਕ ਆਪਣੇ ਗਹਿਰ-ਗੰਭੀਰ ਵਿਸ਼ੇ ਅਤੇ ਵਿਅੰਗ ਦੇ ਅੰਦਾਜ਼ ਨਾਲ ਮੁੱਖਧਾਰਾ ਦਾ ਹਿੱਸਾ ਬਣ ਜਾਵੇ, ਹਿੱਸਾ ਹੀ ਨਾ ਬਣੇ ਸਗੋਂ ਮੁੱਖਧਾਰਾ ਨੂੰ ਬਦਲਾਅ ਦੇ ਰਾਹ ਪਾ ਦੇਵੇ, ਇਹ ਹੈਰਾਨ ਕਰਦਾ ਹੈ।
ਹੈਰਾਨੀ ਵਿੱਚੋਂ ਚੰਗਿਆਈ ਦੀ ਉਮੀਦ ਪੁੰਗਰਦੀ ਹੈ। ਇਹ ਉਮੀਦ ਦੇਣੀ ਰਾਣਾ ਰਣਬੀਰ ਅਤੇ ਉਸ ਦੀ ਟੀਮ ਦੇ ਹਿੱਸੇ ਆਇਆ ਹੈ। ਅਸਲ ਵਿਚ ਹੁਨਰ ਅਤੇ ਮਿਹਨਤ ਨੇ ਰਾਣੇ ਅੰਦਰ ਖ਼ੂਬਸੂਰਤੀ ਭਰ ਦਿੱਤੀ ਹੈ। ਕਲਾ ਦੀ ਪਕਿਆਈ ਕਿਵੇਂ ਕਿਸੇ ਨੂੰ ਖ਼ੂਬਸੂਰਤ ਬਣਾ ਦਿੰਦੀ ਹੈ, ਇਹ ਰਾਣਾ ਰਣਬੀਰ ਨੂੰ ਦੇਖ ਕੇ ਸਮਝਿਆ ਜਾ ਸਕਦਾ ਹੈ।
ਇਸ ਨਾਟਕ ਦਾ ਵਿਸ਼ੇਗਤ ਅਤੇ ਵਿਚਾਰਧਾਰਕ ਮਿਆਰ ਦਰਸ਼ਕ ਨੂੰ ਹੈਰਾਨ ਕਰਦਾ ਹੈ। ਨਾਟਕ ਇਕ ਪਾਸੇ ਸਮਕਾਲੀ ਪੰਜਾਬੀ ਸਮਾਜ ਦੀਆਂ ਕਾਣਾਂ ’ਤੇ ਦਲੇਰੀ ਨਾਲ ਉਂਗਲ ਧਰਦਾ ਹੈ। ਧਾਰਮਿਕ ਕੱਟੜਤਾ, ਧਾਰਮਿਕ ਵਿਰਸੇ ਅਤੇ ਇਤਿਹਾਸ ਪ੍ਰਤੀ ਆਪਮੁਹਾਰਾਪਣ, ਸੋਸ਼ਲ ਮੀਡੀਆ ’ਤੇ ਹੁੰਦੀ ਗੁੰਡਾਗਰਦੀ, ਭੀੜ ਦਾ ਬੁੱਧੀਹੀਣ ਵਿਹਾਰ, ਨਸ਼ਿਆਂ ਦਾ ਬੋਲਬਾਲਾ, ਜ਼ਾਤ-ਗੋਤ ਦਾ ਨਸ਼ਾ, ਪੰਜਾਬੀ ਬੰਦੇ ਦੇ ਵਿਹਾਰ ਵਿਚ ਅਸਹਿਜਤਾ, ਹੰਕਾਰ, ਫ਼ੁਕਰਾਪਣ ਅਤੇ ਲਾਈਲੱਗਤਾ ਇਸ ਨਾਟਕ ਵਿਚ ਤਿੱਖੇ ਵਿਅੰਗ ਹੇਠ ਹਨ।
ਇਹ ਨਾਟਕ ਗ਼ਲਤ ’ਤੇ ਉਂਗਲ ਹੀ ਨਹੀਂ ਰੱਖਦਾ ਸਗੋਂ ਉਸ ਦੀ ਪਛਾਣ ਵੀ ਕਰਾਉਂਦਾ ਹੈ ਜੋ ਬੇਸ਼ਕੀਮਤੀ ਹੈ। ਦਸਤਾਰ ਦੀ ਅਹਿਮੀਅਤ, ਗੁਰੂ ਸਾਹਿਬਾਨ ਦੀ ਸਿੱਖਿਆ ਤੇ ਅਮਲ, ਰਿਸ਼ਤਿਆਂ ਦੀ ਪਾਕੀਜ਼ਗੀ, ਜ਼ੁਬਾਨ ਦੀ ਤਹਿਜ਼ੀਬ, ਤਾਉਮਰ ਵਿਦਿਆਰਥੀ ਬਣੇ ਰਹਿਣ ਦੀ ਅਹਿਮੀਅਤ, ਸ਼ਬਦ ਤੇ ਕਿਤਾਬ ਦੀ ਪਵਿੱਤਰ ਸੰਗਤ ਅਤੇ ਚੰਗਿਆਈ ਦੀਆਂ ਹੋਰ ਪਰਤਾਂ ਦਾ ਨਾਟਕ ਮੁੜ ਅਹਿਸਾਸ ਕਰਾਉਂਦਿਆਂ ਦਰਸ਼ਕ ਨੂੰ ਧੁਰ ਅੰਦਰ ਤੱਕ ਹਲੂਣਦਾ ਹੈ।
ਵਿਸ਼ੇ ਅਤੇ ਵਿਚਾਰਧਾਰਾ ਪੱਖੋਂ ਹੈਰਾਨ ਕਰਨ ਵਾਲਾ ਇਕ ਹੋਰ ਤੱਤ ਇਸ ਵਿਚ ਜਟਿਲਤਾ ਅਤੇ ਸਰਲਤਾ ਦੇ ਸਮਨਵੈ ਦਾ ਹੈ। ਅੱਜਕੱਲ੍ਹ ਕਲਾ ਦੇ ਖੇਤਰ ਵਿਚ ‘ਚੱਲਦਾ’ ਉਹ ਹੁੰਦਾ ਹੈ, ਜੋ ਸਤਹੀ ਹੁੰਦਾ ਹੈ। ਜੋ ਗਹਿਰਾ ਹੈ, ਜਟਿਲ ਹੈ, ਉਹ ‘ਚੱਲਦਾ’ ਨਹੀਂ। ਨਾਟਕ ‘ਮਾਸਟਰ ਜੀ’ ਵਿਚ ਸਰਲਤਾ ਦੇ ਨਾਲ ਜਟਿਲ/ਸੂਖ਼ਮ ਗੱਲਾਂ ਕਹੀਆਂ ਗਈਆਂ ਹਨ। ਵਿਅੰਗ ਦੀ ਮੌਜੂਦਗੀ ਗਹਿਰੀਆਂ ਅਤੇ ਜਟਿਲ ਗੱਲਾਂ ਕਹਿਣ ਦੀ ਜੁਗਤ ਬਣਦੀ ਹੈ। ਵਿਅੰਗ ਪੇਸ਼ਕਾਰੀ ਨਾਟਕ ਨੂੰ ਰੌਚਕ ਅਤੇ ਵਿਚਾਰਧਾਰਕ ਜਟਿਲਤਾ ਨਾਟਕ ਨੂੰ ਗਹਿਰਾ ਬਣਾਉਂਦੀ ਹੈ।
ਨਾਟਕ ਵਿਚ ਵਿਸ਼ੇ ਅਤੇ ਵਿਚਾਰਧਾਰਾ ਨੂੰ ਦਰਸ਼ਨ/ਫਿਲਾਸਫ਼ੀ ਦੇ ਲੜ ਲਾਇਆ ਹੈ ਜਿਸ ਨਾਲ ਇਹ ਨਾਟਕ ਸਰਬਕਾਲੀ ਚਰਿੱਤਰ ਧਾਰਨ ਕਰਦਾ ਹੈ। ਇਸ ਵਿਚ ਅਜਿਹੀਆਂ ਦਾਰਸ਼ਨਿਕ ਤੰਦਾਂ ਨੂੰ ਪਰੋਇਆ ਹੈ ਕਿ ਨਾਟਕ ਸਾਲ-ਦਰ-ਸਾਲ ਖੇਡਿਆ ਅਤੇ ਦੇਖਿਆ ਜਾ ਸਕਦਾ ਹੈ। ਸਾਹਿਤ ਅਤੇ ਕਲਾ ਵਿਚ ਦਰਸ਼ਨ ਜ਼ਿੰਦਗੀ ਦੀਆਂ ਬਾਤਾਂ ਨੂੰ ਜੀਵਨ ਦੇ ਅੰਤਿਮ ਸੁਆਲਾਂ ਨਾਲ ਜੋੜ ਕੇ ਪੇਸ਼ ਕਰਨ ਦੀ ਦ੍ਰਿਸ਼ਟੀ ਦਿੰਦਾ ਹੈ। ਇਸ ਨਾਟਕ ਵਿਚ ਜੀਵਨ-ਦਰਸ਼ਨ ਦੀ ਮੌਜੂਦਗੀ ਦਾ ਸਿਖਰ ਉਸ ਥਾਂ ’ਤੇ ਦੇਖਿਆ ਜਾ ਸਕਦਾ ਹੈ, ਜਦੋਂ ਪੰਜਾਬੀ ਬੰਦੇ ਦੇ ਮੌਤ ਪ੍ਰਤੀ ਰਵੱਈਏ ਦੀ ਪੇਸ਼ਕਾਰੀ ਹੁੰਦੀ ਹੈ। ਅਸੀਂ ਕਿੰਨੇ ਗਾਫ਼ਿਲ ਹਾਂ ਕਿ ਮੌਤ ਨੂੰ ਦੇਖ ਕੇ ਵੀ ਅਣਦੇਖਿਆ ਕਰ ਦਿੰਦੇ ਤੇ ਹਉਮੈਂ ਵਿਚ ਗਲਤਾਨ ਹੋ ਜਾਂਦੇ ਹਾਂ। ਨਾਟਕ ਚੋਭ ਲਾਉਂਦਾ ਹੈ ਤੇ ਬੰਦੇ ਦੀ ਛਿਣਭੰਗਰਤਾ ਨੂੰ ਉਭਾਰ, ਦਾਰਸ਼ਨਿਕ ਸੋਚ ਦੀ ਜੁੰਬਿਸ਼ ਦੇ ਜਾਂਦਾ ਹੈ।
ਨਾਟਕ ਵਿਚ ਵਿਅੰਗ ਦੀ ਘਾੜਤ ਵੀ ਆਚੰਭਿਤ ਕਰਦੀ ਹੈ। ਵਿਅੰਗ ਹਾਸੇ-ਠੱਠੇ ਤੋਂ ਕਿਤੇ ਅਗਾਂਹ ਦੀ ਗੱਲ ਹੈ। ਹਾਸਾ-ਠੱਠਾ ਅਕਸਰ ਵਿਚਾਰ ਤੋਂ ਊਣਾ ਹੁੰਦਾ ਹੈ, ਜਿਵੇਂ ਹਸਾਉਣ ਲਈ ਬਣਾਈਆਂ ਸਾਡੀਆਂ ਬਹੁਤੀਆਂ ਫਿਲਮਾਂ ਵਿਚਾਰ ਤੋਂ ਊਣੀਆਂ ਹਨ। ਵਿਅੰਗ ਵਿਚਾਰ ਕੇਂਦਰਤ ਹੁੰਦਾ ਹੈ, ਇਸ ਵਿਚ ਹਾਸਾ ਠੱਠਾ ਹੋ ਸਕਦਾ ਹੈ ਅਤੇ ਨਹੀਂ ਵੀ। ਇਸ ਨਾਲ ਚਿਹਰੇ ’ਤੇ ਮੁਸਕਰਾਹਟ ਵੀ ਆਉਂਦੀ ਹੈ ਤੇ ਦਿਮਾਗ਼ ਵਿਚ ਸੋਚ ਵੀ। ਇਹ ਦਰਸ਼ਕ ਦੀ ਭਾਵਨਾ ਅਤੇ ਬੁੱਧੀ ਦੋਵਾਂ ਨੂੰ ਛੂੰਹਦਾ ਹੈ।
ਨਾਟਕ ‘ਮਾਸਟਰ ਜੀ’ ਵਿਚ ਵਿਚਾਰ ਦੀ ਗਹਿਰਾਈ ਸਮੇਤ ਵਿਅੰਗ ਦਾ ਸਿਖਰ ਵਾਰ-ਵਾਰ ਦੇਖਿਆ ਜਾ ਸਕਦਾ ਹੈ। ਸਿਰਫ਼ ਦੋ ਮਿਸਾਲਾਂ ਦਾ ਇੱਥੇ ਜ਼ਿਕਰ ਕਰਦੇ ਹਾਂ। ਪਹਿਲੀ ਮਿਸਾਲ ਸੋਸ਼ਲ ਮੀਡੀਆ ਦੀ ਵਰਤੋਂ ਦੀ ਹੈ। ਹਰ ਵੇਲ਼ੇ ਵੀਡੀਓ ਬਣਾਉਣ ਲੱਗ ਜਾਣਾ ਜਾਂ ਫੇਸਬੁੱਕ ’ਤੇ ਕਿਸੇ ਦੇ ਕੁਝ ਕਹਿਣ ’ਤੇ ਭੀੜ ਦਾ ਉਸ ਦੇ ਮਗਰ ਪੈ ਜਾਣਾ, ਇਸ ’ਤੇ ਕੀਤੇ ਤਿੱਖੇ ਵਿਅੰਗ ਨਾਟਕ ਦਾ ਹਾਸਿਲ ਹਨ। ਇਸੇ ਤਰ੍ਹਾਂ ਸਾਡੇ ਰਿਸ਼ਤਿਆਂ ਵਿਚ ਕਿਵੇਂ ਗੰਧਲਾਪਣ ਆ ਗਿਆ ਹੈ, ਉਸ ’ਤੇ ਵੀ ਤਿੱਖਾ ਵਿਅੰਗ ਇਸ ਸ਼ਾਨਦਾਰ ਉਚਾਰ ਰਾਹੀਂ ਕੀਤਾ ਗਿਆ ਹੈ:
ਕੋਈ ਵੀ ਕਹਾਣੀ ਕਿਸੇ ਦੂਜੀ ਕਹਾਣੀ ਤੋਂ ਅੱਡ ਨੀ। ਸਭ ਕੁਝ ਰਲਗੱਡ ਐ। ਪਿਆਰ ’ਚ ਧੋਖਾ ਰਲਿਆ ਮਿਲ ਜਾਂਦਾ ਤੇ ਹੀਰ ’ਚ ਸਾਹਿਬਾ। ਪਿਓ ’ਚ ਬਲਾਤਕਾਰੀ ਵੀ ਮਿਲ ਜਾਂਦੈ ਤੇ ਪੁੱਤ ’ਚ ਮਾਂ ਦਾ ਕਾਤਿਲ। ਹਰ ਘਰ ਹੀਰ ਦੇ ਵਿਰੁੱਧ ਐ ਤੇ ਹਰ ਭਾਈ ਮਿਰਜ਼ੇ ਦੇ ਖ਼ਿਲਾਫ਼ ਭੁਗਤ ਜਾਂਦਾ।
ਮੇਰੇ ਅੰਦਰ ਨਿਆਣਾ ਵੀ ਆ। ਸਿਆਣਾ ਵੀ। ਬਹਾਦਰ ਵੀ ਮੇਰੇ ’ਚ ਆ ਡਰਪੋਕ ਵੀ। ਬਾਕੀ ਹੱਸਣਾ ਖੇਡਣਾ ਠੀਕ ਆ, ਹੱਸਦੇ ਹੱਸਦੇ ਰੋਣਾ, ਰੋਂਦੇ ਹੋਏ ਹੱਸਣਾ। ਖ਼ੁਸ਼ੀਆਂ ਗਮੀਆਂ ਭੈਣਾਂ ਨੇ। ਇਹੀ ਇਸ਼ਕ ਆ। ਇਹਨੂੰ ਬੱਚਿਆਂ ਵਾਂਗ ਮਿਲੋ। ਬਜ਼ਰੁਗਾਂ ਵਾਂਗ ਦੇਖੋ। ਇੱਕ ਇਸ਼ਕ, ਇੱਕ ਬਚਪਨਾ, ਇੱਕ ਬਜ਼ੁਰਗੀ ਨੀਤ, ਇਹ ਜੇ ਬੰਦੇ ਅੰਦਰਾਂ ਤਾਂ ਕੀ ਹਾਰ ਕੀ ਜੀਤ।
ਇਸ ਨਾਟਕ ਦੀ ਲੇਖਣੀ ਵੀ ਖ਼ੁਸ਼ੀ ਭਰੀ ਹੈਰਾਨੀ ਦਿੰਦੀ ਹੈ। ਗੱਲ ਤਾਂ ਗਹਿਰੀ ਹੈ ਹੀ, ਕਹਿਣ ਦਾ ਅੰਦਾਜ਼ ਵੀ ਰਸੀਲਾ ਹੈ। ਨਾਟਕ ਵਿਚ ਸ਼ਬਦ ਦੀਆਂ ਤਿੰਨੋਂ; ਅਭਿਧਾ, ਵਿਅੰਜਨਾ ਅਤੇ ਲਕਸ਼ਣਾ ਸ਼ਕਤੀਆਂ ਨੂੰ ਵਰਤਿਆ ਗਿਆ ਹੈ। ਨਾਟਕ ਸ਼ਬਦ ਦੀ ਮਹਿਮਾ ਅਤੇ ਇਸ ਦੀ ਪਾਕੀਜ਼ਗੀ ਬਾਬਤ ਚੇਤੰਨ ਹੈ। ਇਸ ਦਾ ਜ਼ਿਕਰ ਨਾਟਕ ਦੀ ਸ਼ੁਰੂਆਤ ਵਿਚ ਹੁੰਦਾ ਵੀ ਹੈ। ਨਾਟਕ ਵਿਚ ਸ਼ਬਦ ਦੀ ਸ਼ਕਤੀ ਦੇ ਜਲਵੇ ਨੂੰ ਇੱਕ ਤੋਂ ਵੱਧ ਵਾਰ ਦੇਖਿਆ ਜਾ ਸਕਦਾ ਹੈ। ਇੱਕ ਮਿਸਾਲ ਪੱਗ ਬੰਨ੍ਹਣ ਵਾਲੇ ਦ੍ਰਿਸ਼ ਦੀ ਲਈ ਜਾ ਸਕਦੀ ਹੈ। ਰਾਣਾ ਰਣਬੀਰ ਡਾਇਰੈਕਟਰ ਦੇ ਕਿਰਦਾਰ ਵਿਚ ਪੱਗ ਬੰਨ੍ਹ ਲੈਣ ਉਪਰੰਤ ਆਖਦਾ ਹੈ:
ਦਸਤਾਰ ਸਜਾ ਲਈ ਐ। ਪੱਗ ਬੰਨ੍ਹਣ ਤੇ ਦਸਤਾਰ ਸਜਾਉਣ ’ਚ ਫ਼ਰਕ ਐ। ਦਸਤਾਰ ਸਜਾ ਕੇ ਜ਼ਿੰਮੇਵਾਰੀ ਨਿਭਾਉਣੀ ਪੈਂਦੀ ਐ, ਦੱਦਾ, ਸੱਸਾ, ਤੱਤੇ ਨੂੰ ਕੰਨਾ, ਰਾਰਾ, ਦਸਤਾਰ। ਦੱਦੇ ਨਾਲ ਦਰਸ਼ਨ, ਫਿਲਾਸਫ਼ੀ ਐ ਇਸ ਦਸਤਾਰ ਦੇ ਅੰਦਰ, ਮੇਰੀ ਨੀ ਗੁਰੂਆਂ ਦੀ, ਗੁਰੂਆਂ ਦਾ ਦਰਸ਼ਨ ਹੈ ਦਸਤਾਰ ਅੰਦਰ। ਸੱਸੇ ਨਾਲ ਸਿਆਣਪ, ਦਸਤਾਰ ਸਿਰ ਉੱਤੇ ਹੋਵੇ ਤੇ ਬੰਦਾ ਸਹੀ ਸਿਆਣੀ ਗੱਲ ਨਾ ਕਰੇ ਇਹ ਤਾਂ ਫੇਰ ਗੜਬੜ ਐ। ਤੱਤੇ ਨੂੰ ਕੰਨਾ ਤਾਕਤ, ਜਿਸ ਕੋਲ ਗੁਰੂ ਦਾ ਦਰਸ਼ਨ, ਵਿਚਾਰ ਹੋਵੇਗਾ ਤੇ ਸਿਆਣਪ ਹੋਵੇਗੀ ਉਹਦੇ ਕੋਲ ਤਾਕਤ ਤਾਂ ਆਪਣੇ ਆਪ ਆ ਜਾਣੀ ਹੈ। ਤਾਕਤ ਵਿਚਾਰ ਦੀ, ਤਾਕਤ ਸਹੀ ਕਹਿਣ ਸੁਣਨ ਦੀ। ਰਾਰੇ ਨਾਲ ਰੌਸ਼ਨੀ। ਦਸਤਾਰ ਸਿਰ ਉੱਤੇ ਹੋਵੇ ਤੇ ਬੰਦਾ ਹਨੇਰੇ ’ਚ ਦੀਵਾ ਨਾ ਜਗਾਵੇ, ਸ਼ਬਦ ਨਾਲ ਰੌਸ਼ਨੀ ਨਾ ਕਰੇ ਇਹ ਤਾਂ ਫੇਰ ਵੱਡੀ ਗੜਬੜ ਹੈ।
ਨਾਟਕ ਵਿਚ ਪੇਸ਼ ਸਰਲ ਅਤੇ ਜਟਿਲ ਦਾ ਸਮਨਵੈ, ਯਥਾਰਥ ਅਤੇ ਭਾਵਨਾਵਾਂ ਦੇ ਸਾਵੇਂ ਸਮਤੋਲ ’ਤੇ ਖੜ੍ਹਾ ਹੈ, ਕਲਾਤਮਕਤਾ ਪੱਖੋਂ ਇਹ ਗੱਲ ਪ੍ਰਸੰਸਾ ਲੈਂਦੀ ਹੈ। ਨਾਟਕ ਵਿਚ ਭਾਵਨਾਵਾਂ ਦਾ ਤੇਜ਼ ਵਹਾਅ ਹੈ, ਪਰ ਖ਼ੂਬੀ ਇਹ ਹੈ ਕਿ ਇਸ ਵਿਚ ਯਥਾਰਥ ਦਾ ਲੜ ਨਹੀਂ ਛੱਡਿਆ ਗਿਆ। ਨਾਟਕ ਵਿਚ ਲਗਾਤਾਰ ਭਾਵੁਕ ਨੂੰ ਉਸਾਰਨ ਅਤੇ ਖੰਡਿਤ ਕਰਨ ਦੀ ਪ੍ਰਕਿਰਿਆ ਚੱਲਦੀ ਹੈ। ਇਸ ਨਾਲ ਨਾਟਕ ਉਪਭਾਵੁਕ ਸੁਰ ਧਾਰਨ ਨਹੀਂ ਕਰਦਾ ਅਤੇ ਜ਼ਿੰਦਗੀ ਨਾਲ ਨੇੜਤਾ ਬਣਾਈ ਰੱਖਦਾ ਹੈ।
ਇਸ ਦੀ ਮਿਸਾਲ ਨਾਟਕ ਦੇ ਸ਼ੁਰੂਆਤੀ ਹਿੱਸੇ ਵਿਚ ਹੀ ਦੇਖੀ ਜਾ ਸਕਦੀ ਹੈ, ਜਦੋਂ ਰਾਣਾ ਰਣਬੀਰ ਡਾਇਰੈਕਟਰ ਦੇ ਕਿਰਦਾਰ ਦੇ ਰੂਪ ਵਿਚ ਵਿਦਿਆਰਥੀ ਬਣ ਕੇ ਮੁਆਫ਼ੀ ਮੰਗਦਾ ਹੈ। ਜਦੋਂ ਰਾਣਾ ਵਿਦਿਆਰਥੀ ਬਣ ਕੇ ਮੁਆਫ਼ੀ ਮੰਗਦਾ ਹੈ ਤਾਂ ਮਾਹੌਲ ਇਕਦਮ ਭਾਵੁਕ ਹੋ ਜਾਂਦਾ ਹੈ, ਪਰ ਤੁਰੰਤ ਹੀ ਇਹ ਕਹਿ ਕੇ “ਬੱਸ ਏਨੀ ਕੁ ਤਾਂ ਗੱਲ ਹੈ”, ਸਾਰੀ ਭਾਵੁਕਤਾ ਨੂੰ ਖੰਡਿਤ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਸਾਰੇ ਨਾਟਕ ਵਿਚ ਭਾਵੁਕ ਅਤੇ ਯਥਾਰਥਕ ਦੀ ਸਾਂਝ ਕਦੇ ਵੀ ਕਿਸੇ ਇੱਕ ਪਾਸੇ ਉਲਾਰ ਨਹੀਂ ਹੁੰਦੀ।
ਭਾਵੁਕ ਅਤੇ ਯਥਾਰਥ ਦੇ ਸਾਵੇਂਪਣ ਕਾਰਨ ਹੀ ਦਰਸ਼ਕ ਨਾਟਕ ਦੇ ਖ਼ਤਮ ਹੋਣ ਤੋਂ ਬਾਅਦ ਆਪਣੇ ਨਾਲ ਕੇਵਲ ਭਾਵਨਾਵਾਂ ਦਾ ਵੇਗ ਹੀ ਨਹੀਂ ਲੈ ਕੇ ਜਾਂਦਾ, ਤੀਬਰ ਸਮਝ ਵੀ ਲੈ ਜਾਂਦਾ ਹੈ।
ਇਸ ਨਾਟਕ ਦੇ ਮਾਮਲੇ ਵਿਚ ਸਭ ਤੋਂ ਵੱਧ ਹੈਰਾਨ ਕਰ ਦੇਣ ਵਾਲੀ ਗੱਲ ਰਾਣਾ ਰਣਬੀਰ ਦੀ ਅਦਾਕਾਰੀ ਹੈ। ਸਵਾ ਦੋ ਘੰਟੇ ਦੇ ਕਰੀਬ ਰਾਣਾ, ਸਹਾਇਕ ਅਦਾਕਾਰ ਰਾਜਵੀਰ ਬੋਪਾਰਾਏ ਦੇ ਸੰਗ ਅਦਾਕਾਰੀ ਦੇ ਜਲਵੇ ਦਿਖਾਉਂਦਾ ਹੈ। ਪਹਿਲਾਂ ਡਾਇਰੈਕਟਰ ਅਤੇ ਫਿਰ ਮਾਸਟਰ ਗੁਰਮੁਖ ਸਿੰਘ ਦੇ ਕਿਰਦਾਰ ਵਿਚ ਉਸ ਦੀ ਅਦਾਇਗੀ ਅਸ਼-ਅਸ਼ ਕਰਵਾ ਦਿੰਦੀ ਹੈ। ਨਿਸ਼ਚੇ ਹੀ ਰਾਣਾ ਰਣਬੀਰ ਇਸ ਨਾਟਕ ਵਿਚ ਅਦਾਕਾਰੀ ਦੇ ਹੁਨਰ ਦੇ ਸਿਖਰ ਨੂੰ ਹੰਢਾਉਂਦਾ ਅਤੇ ਸਾਕਾਰ ਕਰਦਾ ਹੈ। ਉਸ ਦੀ ਕਲਾ ਹੁਣ ਉਸ ਪੜਾਅ ’ਤੇ ਹੈ, ਜਦੋਂ ਹੁਨਰ ਨਾਲ ਹੋਣਾ ਵੀ ਜੁੜ ਜਾਂਦਾ ਹੈ। ਉਹ ਜੋ ਹੈ, ਅਤੇ ਉਸ ਦਾ ਜੋ ਹੁਨਰ ਹੈ, ਉਨ੍ਹਾਂ ਵਿਚ ਘਨੇਰੀ ਨੇੜਤਾ ਹੈ, ਇਸੇ ਕਾਰਨ ਜਾਦੂ ਸਿਰ ਚੜ੍ਹ ਬੋਲਦਾ ਹੈ।
ਰਾਣੇ ਦੀਆਂ ਮੁਸਕਰਾਹਟਾਂ, ਮੁਦਰਾਵਾਂ, ਸਾਥੀ ਕਲਾਕਾਰ ਦੇ ਕੰਨ ਵਿਚ ਕਹੀਆਂ ਗੱਲਾਂ, ਆਵਾਜ਼ ਦਾ ਉਤਰਾਅ ਚੜ੍ਹਾਅ, ਭਾਵਨਾਵਾਂ ਦਾ ਜੋੜ-ਮੇਲ ਇਸੇ ਕਾਰਨ ਖ਼ਾਸ ਹੈ ਕਿ ਉਹ ਜੋ ਪੇਸ਼ ਕਰ ਰਿਹਾ ਹੈ, ਉਸ ਦੇ ਆਪਣੇ ਜੀਵਨ ਵਿੱਚੋਂ ਪੁਣ ਕੇ ਆ ਰਿਹਾ ਹੈ। ਬਤੌਰ ਲੇਖਕ ਅਤੇ ਅਦਾਕਾਰ ਉਸ ਦਾ ਹੁਨਰ, ਜੀਵਨ ਦੇ ਨਾਲ ਨੇੜਿਓਂ ਜੁੜ ਕੇ ਸੱਚਾ, ਸੁੰਦਰ, ਕਲਿਆਣਕਾਰੀ ਅਤੇ ਪਿਆਰਾ ਹੋ ਗਿਆ ਹੈ।
ਨਾਟਕ ‘ਮਾਸਟਰ ਜੀ’ ਸਾਲ-ਦਰ-ਸਾਲ ਖੇਡਿਆ ਜਾਂਦਾ ਰਹੇਗਾ। ਇਹ ਨਾਟਕੀ ਕਥਾ ਅਤੇ ਕਥਾ ਦੀ ਅਦਾਇਗੀ ਵੀ ਸਾਲ-ਦਰ-ਸਾਲ ਨਿੱਖਰਦੀ ਰਹੇਗੀ। ਇਹ ਮੇਰੀ ਉਮੀਦ ਹੀ ਨਹੀਂ, ਯਕੀਨ ਵੀ ਹੈ।
ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 98720-09726