ਗੰਦੇ ਪਾਣੀ ਦੀ ਨਿਕਾਸੀ: ਬੇਗਮਪੁਰਾ ਘਨੌਲੀ ਤੇ ਘਨੌਲੀ ਵਾਸੀ ਆਹਮੋ- ਸਾਹਮਣੇ
ਜਗਮੋਹਨ ਸਿੰਘ
ਘਨੌਲੀ, 23 ਜੁਲਾਈ
ਬੀਤੇ ਲੰਬੇ ਸਮੇਂ ਤੋਂ ਘਨੌਲੀ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਤੋਂ ਪ੍ਰੇਸ਼ਾਨ ਬੇਗਮਪੁਰਾ ਘਨੌਲੀ ਪਿੰਡ ਵਾਸੀਆਂ ਵੱਲੋਂ ਅੱਜ ਸਰਪੰਚ ਗੁਰਚਰਨ ਸਿੰਘ ਵਿੱਕੀ ਦੀ ਅਗਵਾਈ ਵਿੱਚ ਰੋਸ ਰੈਲੀ ਕੱਢਣ ਦਾ ਯਤਨ ਕੀਤਾ ਗਿਆ।
ਦੂਜੇ ਪਾਸਿਓਂ ਘਨੌਲੀ ਪਿੰਡ ਦੀ ਸਰਪੰਚ ਕਮਲਜੀਤ ਕੌਰ ਦੇ ਸਹੁਰਾ ਗੁਰਿੰਦਰ ਸਿੰਘ ਗੋਗੀ ਆਪਣੇ ਪਿੰਡ ਦੇ ਪੰਚਾਇਤ ਮੈਂਬਰਾਂ ਤੇ ਪਿੰਡ ਵਾਸੀਆਂ ਨੂੰ ਲੈ ਕੇ ਇਸ ਰੋਸ ਰੈਲੀ ਨੂੰ ਰੋਕਣ ਲਈ ਪਿੰਡ ਦੀ ਜੂਹ ’ਤੇ ਪੁੱਜ ਗਏ। ਜਦੋਂ ਪਿੰਡ ਬੇਗਮਪੁਰਾ ਘਨੌਲੀ ਦੇ ਵਸਨੀਕ ਨਾਅਰੇਬਾਜ਼ੀ ਕਰਦੇ ਹੋਏ ਘਨੌਲੀ ਵੱਲ ਨੂੰ ਵਧਣ ਲੱਗੇ ਤਾਂ ਡਿਊਟੀ ਮੈਜਿਸਟਰੇਟ ਭਾਗ ਸਿੰਘ ਅਤੇ ਚੌਕੀ ਇੰਚਾਰਜ ਸਮਰਜੀਤ ਸਿੰਘ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ, ਜਿਸ ਉਪਰੰਤ ਪਿੰਡ ਵਾਸੀ ਉਥੇ ਬੈਠ ਕੇ ਹੀ ਨਾਅਰੇਬਾਜ਼ੀ ਕਰਨ ਲੱਗ ਪਏ। ਗਰਾਮ ਪੰਚਾਇਤ ਬੇਗਮਪੁਰਾ ਘਨੌਲੀ ਤੇ ਹੋਰ ਪਿੰਡ ਨਿਵਾਸੀਆਂ ਨੇ ਦੋਸ਼ ਲਗਾਇਆ ਹੈ ਕਿ ਪਿੰਡ ਘਨੌਲੀ ਦੀ ਪੰਚਾਇਤ ਨੇ ਆਪਣੇ ਪਿੰਡ ਦੇ ਟੋਭੇ ਨੂੰ ਪੂਰ ਕੇ ਉੱਥੇ ਪਾਰਕ ਬਣਾ ਲਿਆ ਹੈ ਅਤੇ ਟੋਭੇ ਦੇ ਓਵਰਫਲੋਅ ਹੋਣ ਵਾਲੇ ਪਾਣੀ ਦੀ ਨਿਕਾਸੀ ਲਈ ਪਾਈ ਗਈ ਪਾਈਪਲਾਈਨ ਦੀ ਵਰਤੋਂ ਪਿੰਡ ਘਨੌਲੀ ਦੇ ਵਸਨੀਕ ਆਪਣੇ ਘਰਾਂ ਦਾ ਸੀਵਰੇਜ ਪਾਉਣ ਲਈ ਕਰਨ ਲੱਗ ਪਏ ਹਨ। ਜਿੱਥੇ ਇਹ ਪਾਈਪਲਾਈਨ ਖਤਮ ਹੁੰਦੀ ਹੈ , ਉਸ ਜਗ੍ਹਾ ਦੇ ਨੇੜੇ ਸਥਿਤ ਬੇਗਮਪੁਰਾ ਨਿਵਾਸੀਆਂ ਦੇ ਲੋਕਾਂ ਨੂੰ ਸੀਵਰੇਜ ਦੀ ਬਦਬੂ ਕਾਰਨ ਆਪਣੇ ਘਰਾਂ ਵਿੱਚ ਰਹਿਣਾ ਮੁਸ਼ਕਿਲ ਹੋ ਚੁੱਕਾ ਹੈ। ਦੂਜੀ ਧਿਰ ਨਾਲ ਸਬੰਧਤ ਲੋਕਾਂ ਨੇ ਮੌਕੇ ’ਤੇ ਪੁੱਜ ਕੇ ਬੇਗਮਪੁਰਾ ਘਨੌਲੀ ਦੇ ਸਰਪੰਚ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸੇ ਦੌਰਾਨ ਇੱਕ ਦੋ ਵਾਰੀ ਦੋਵੇਂ ਧਿਰਾਂ ਵੱਲੋਂ ਇੱਕ ਦੂਜੇ ਨਾਲ ਹੱਥੋਪਾਈ ਹੋਣ ਦੀ ਨੌਬਤ ਵੀ ਆਈ, ਪਰ ਪੁਲੀਸ ਕਰਮਚਾਰੀਆਂ ਨੂੰ ਆਪੋ-ਆਪਣਾ ਪੱਖ ਸ਼ਾਂਤਮਈ ਢੰਗ ਨਾਲ ਰੱਖਣ ਲਈ ਪ੍ਰੇਰਿਆ। ਇਸੇ ਦੌਰਾਨ ਡੀਐੱਸਪੀ ਤਰਲੋਚਨ ਸਿੰਘ ਅਤੇ ਪੰਚਾਇਤੀ ਰਾਜ ਵਿਭਾਗ ਦੇ ਅਧਿਕਾਰੀਆਂ ਨੇ ਦੋਵੇਂ ਧਿਰਾਂ ਦੀ ਸਹਿਮਤੀ ਨਾਲ ਮਸਲੇ ਦੇ ਹੱਲ ਦਾ ਭਰੋਸਾ ਦਿੱਤਾ।
ਘਨੌਲੀ ਦੀ ਸਰਪੰਚ ਨੇ ਦੋਸ਼ ਨਕਾਰੇ
ਪਿੰਡ ਘਨੌਲੀ ਦੀ ਸਰਪੰਚ ਕਮਲਜੀਤ ਕੌਰ ਦੇ ਸਹੁਰੇ ਗੁਰਿੰਦਰ ਸਿੰਘ ਗੋਗੀ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਹੋਇਆਂ ਕਿਹਾ ਕਿ ਟੋਭੇ ਦੀ ਨਿਕਾਸੀ ਵਾਸੀ ਪਾਈਪ ਲਾਈਨ ਸਬੰਧੀ ਪਾਈਪ ਪਾਉਣ ਵਾਲੇ ਵਿਭਾਗ ਦੇ ਅਧਿਕਾਰੀ ਹੀ ਦੱਸਣਗੇ ਤੇ ਜੋ ਪਿੰਡ ਦੇ ਨੀਵੇਂ ਘਰਾਂ ਦੀ ਗੱਲ ਹੈ, ਉਨ੍ਹਾਂ ਦਾ ਪਾਣੀ ਸਦੀਆਂ ਤੋਂ ਨਿਵਾਣ ਵੱਲ ਜਾ ਰਿਹਾ ਹੈ ਤੇ ਨਿਵਾਣ ਵਾਲੇ ਪਾਸੇ ਸਥਿਤ ਟੋਭੇ ਤੇ ਬੇਗਮਪੁਰਾ ਘਨੌਲੀ ਦੇ ਸਰਪੰਚ ਗੁਰਚਰਨ ਸਿੰਘ ਤੇ ਹੋਰ ਲੋਕਾਂ ਨੇ ਕਬਜ਼ਾ ਕਰ ਕੇ ਆਪਣੇ ਘਰ ਬਣਾ ਲਏ ਹਨ, ਜਿਸ ਕਰਕੇ ਸਮੱਸਿਆ ਆਈ ਹੈ।