ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਥਾਣਾ ਵਿੱਚ ਪ੍ਰਸ਼ਾਸਨ ਲਈ ਸਿਰਦਰਦੀ ਬਣੀ ਗੰਦੇ ਪਾਣੀ ਦੀ ਨਿਕਾਸੀ

07:01 AM Jul 03, 2024 IST
ਨਥਾਣਾ ਵਿਚ ਛੱਪੜਾਂ ਦੀ ਨਿਕਾਸੀ ਨਾ ਹੋਣ ਕਾਰਨ ਸੜਕ ’ਤੇ ਭਰਿਆ ਪਾਣੀ।

ਭਗਵਾਨ ਦਾਸ ਗਰਗ
ਨਥਾਣਾ, 2 ਜੁਲਾਈ
ਇਸ ਖੇਤਰ ’ਚ ਹੋਈ ਪਹਿਲੀ ਬਾਰਿਸ਼ ਨੇ ਸਥਾਨਕ ਨਗਰ ਪੰਚਾਇਤ ਦੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਪਿੰਡ ਨਥਾਣਾ ’ਚ ਅੱਧੀ ਦਰਜਨ ਛੱਪੜ ਹਨ ਜੋ ਬਰਸਾਤਾਂ ਤੋਂ ਪਹਿਲਾਂ ਹੀ ਨੱਕੋ-ਨੱਕ ਭਰੇ ਪਏ ਹਨ। ਇਸ ਬਾਰਿਸ਼ ਨਾਲ ਉਂਜ ਭਾਵੇਂ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਲੇਕਿਨ ਛੱਪੜਾਂ ਦੇ ਓਵਰਫਲੋਅ ਹੋ ਜਾਣ ਨਾਲ ਗੰਦਾ ਪਾਣੀ ਪਿੰਡ ਦੇ ਰਸਤਿਆਂ ਅਤੇ ਸੜਕਾਂ ’ਤੇ ਭਰਨ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਰ ਰਿਹਾ ਹੈ। ਬੀਤੇ ਸਮੇਂ ਦੌਰਾਨ ਨਗਰ ਪੰਚਾਇਤ ਛੱਪੜਾਂ ਦੇ ਪਾਣੀ ਨੂੰ ਰਜਵਾਹੇ ਰਾਹੀ ਸੁੱਟ ਰਹੀ ਸੀ ਪ੍ਰੰਤੂ ਪ੍ਰਭਾਵਿਤ ਕਿਸਾਨਾਂ ਵੱਲੋਂ ਕਾਨੂੰਨੀ ਚਾਰਾਜੋਈ ਕੀਤੇ ਜਾਣ ਨਾਲ ਇਹ ਪਾਣੀ ਬੰਦ ਕਰਨਾ ਪਿਆ। ਬਾਅਦ ਵਿੱਚ ਨਗਰ ਪੰਚਾਇਤ ਇਕ ਕਿਸਾਨ ਦੀ ਜ਼ਮੀਨ ਇੱਕ ਸਾਲ ਠੇਕੇ ’ਤੇ ਲੈ ਕੇ ਗੰਦੇ ਪਾਣੀ ਦੀ ਨਿਕਾਸੀ ਕੀਤੀ। ਇਸ ਨਾਲ ਲੋਕਾਂ ਨੂੰ ਆਰਜ਼ੀ ਰਾਹਤ ਮਿਲੀ ਸੀ ਪ੍ਰੰਤੂ ਕੁਝ ਵਿਅਕਤੀਆਂ ਦੀ ਬੇਲੋੜੀ ਦਖਲਅੰਦਾਜ਼ੀ ਕਾਰਨ ਸਮਾਂ ਪੂਰਾ ਹੋਣ ਉਪਰੰਤ ਉਕਤ ਕਿਸਾਨ ਨੇ ਆਪਣੇ ਖੇਤਾਂ ਵਿੱਚ ਗੰਦਾ ਪਾਣੀ ਪੈਣ ਤੋਂ ਰੋਕ ਦਿੱਤਾ। ਲੋਕਾਂ ਨੇ ਇਸ ਭੱਖਦੇ ਮੁੱਦੇ ਨੂੰ ਲੋਕ ਸਭਾ ਚੋਣਾਂ ਸਮੇਂ ਉਭਾਰ ਕੇ ਹੱਲ ਕਰਵਾਉਣ ਦਾ ਯਤਨ ਕੀਤਾ ਜੋ ਨਾਕਾਮ ਰਿਹਾ। ‘ਆਪ’ ਦੇ ਲੋਕ ਸਭਾ ਚੋਣਾਂ ’ਚ ਉਮੀਦਵਾਰ ਰਹੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਲੋਕਾਂ ਦੇ ਵਫ਼ਦ ਨੂੰ ਭਰੋਸਾ ਦਿਵਾ ਕੇ ਪ੍ਰਸ਼ਾਸਨ ਨੂੰ ਮਸਲਾ ਹੱਲ ਕਰਨ ਦੀ ਹਦਾਇਤ ਕੀਤੀ ਹੈ। ਪ੍ਰਸ਼ਾਸਨ ਨੇ ਦੋ ਦਿਨ ਤਿੰਨ ਕੈਂਟਰ ਲਾ ਕੇ ਪਾਣੀ ਦੀ ਨਿਕਾਸੀ ਕੀਤੀ ਪਰ ਉਸ ਨਾਲ ਲੋਕਾਂ ਨੂੰ ਰਾਹਤ ਨਹੀਂ ਮਿਲੀ। ਨਗਰ ਪੰਚਾਇਤ ਦੇ ਪ੍ਰਧਾਨ ਦੀ ਮੌਤ ਉਪਰੰਤ ਵੀ ਇਸ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਨਗਰ ਕੌਂਸਲਰਾਂ ਦਾ ਕਹਿਣਾ ਹੈ ਕਿ ਇਹ ਕਾਫ਼ੀ ਵੱਡਾ ਮਸਲਾ ਹੈ ਜੋ ਸਰਕਾਰ ਦੀ ਠੋਸ ਯੋਜਨਾ ਬਗੈਰ ਹੱਲ ਨਹੀਂ ਹੋ ਸਕੇਗਾ। ਨਗਰ ਪੰਚਾਇਤ ਅਧਿਕਾਰੀ ਬੀਤੇ ਕਈ ਸਾਲਾਂ ਤੋਂ ਇਕੋ ਜਵਾਬ ਦੇ ਰਹੇ ਹਨ ਕਿ ਨਥਾਣਾ ਨਗਰ ਦੇ ਛੱਪੜਾਂ ਦੇ ਪਾਣੀ ਦੀ ਨਿਕਾਸੀ ਲਈ ਕੇਸ ਬਣਾ ਕੇ ਭੇਜਿਆ ਜਾ ਚੁਕਿਆ ਪ੍ਰੰਤੂ ਫੰਡਾਂ ਦੀ ਘਾਟ ਕਾਰਨ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਨਹੀਂ ਮਿਲ ਸਕੀ ਅਤੇ ਮਾਮਲਾ ਲਟਕਣ ਕਰਕੇ ਆਮ ਲੋਕਾਂ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ। ਸਥਾਨਕ ਗੋਨਿਆਣਾ ਰੋਡ ਦੇ ਦੁਕਾਨਦਾਰਾਂ ਦਾ ਕੰਮ ਠੱਪ ਪਿਆ ਹੈ ਕਿਉਂਕਿ ਇਥੋਂ ਲੰਘਣ ਵਾਲਾ ਰਸਤਾ ਪਾਣੀ ਜਮ੍ਹਾਂ ਹੋਣ ਕਾਰਨ ਮੁਕੰਮਲ ਬੰਦ ਪਿਆ ਹੈ। ਪਿੰਡ ਦੇ ਵੱਖ-ਵੱਖ ਹਿੱਸਿਆਂ ’ਚ ਛੱਪੜਾਂ ਦੇ ਗੰਦੇ ਪਾਣੀ ਦੀ ਮਾਰ ਝੱਲ ਰਹੇ ਲੋਕਾਂ ਦਾ ਕਹਿਣਾ ਹੈ ਕਿ ਆਉਂਦੇ ਦਿਨਾਂ ’ਚ ਬਰਸਾਤਾਂ ਦਾ ਮੌਸਮ ਸ਼ੁਰੂ ਹੋ ਜਾਣ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ।

Advertisement

Advertisement
Advertisement