For the best experience, open
https://m.punjabitribuneonline.com
on your mobile browser.
Advertisement

ਡਰੇਨੇਜ ਤੇ ਮਾਈਨਿੰਗ ਵਿਭਾਗ ’ਤੇ ਘੱਗਰ ਦੀ ਮਿੱਟੀ ਵੇਚਣ ਦਾ ਦੋਸ਼

08:55 AM Apr 11, 2024 IST
ਡਰੇਨੇਜ ਤੇ ਮਾਈਨਿੰਗ ਵਿਭਾਗ ’ਤੇ ਘੱਗਰ ਦੀ ਮਿੱਟੀ ਵੇਚਣ ਦਾ ਦੋਸ਼
ਘੱਗਰ ਦਰਿਆ ਦੇ ਪੁਲ ਨੇੜਿਓਂ ਪੁੱਟੀ ਮਿੱਟੀ ਦਿਖਾਉਂਦੇ ਹੋਏ ਮਨੌਲੀ ਸੂਰਤ ਵਾਸੀ।
Advertisement

ਕਰਮਜੀਤ ਸਿੰਘ ਚਿੱਲਾ
ਬਨੂੜ, 10 ਅਪਰੈਲ
ਘੱਗਰ ਦਰਿਆ ਦੇ ਕੰਢੇ ’ਤੇ ਵਸੇ ਪਿੰਡ ਮਨੌਲੀ ਸੂਰਤ ਦੇ ਵਸਨੀਕਾਂ ਨੇ ਡਰੇਨੇਜ ਅਤੇ ਮਾਈਨਿੰਗ ਵਿਭਾਗ ਉੱਤੇ ਘੱਗਰ ਵਿੱਚੋਂ ਸਫ਼ਾਈ ਦੇ ਨਾਮ ਉੱਤੇ ਵੱਡੀ ਪੱਧਰ ’ਤੇ ਮਿੱਟੀ ਵੇਚਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਘੱਗਰ ਵਿੱਚੋਂ ਪੁੱਟੀ ਜਾ ਰਹੀ ਮਿੱਟੀ ਨਾਲ ਘੱਗਰ ਦੇ ਪੁਲ ਅਤੇ ਬੰਨ ਦਾ ਨੁਕਸਾਨ ਹੋਣ ਦਾ ਵੀ ਖ਼ਦਸ਼ਾ ਪ੍ਰਗਟਾਇਆ ਹੈ। ਪਿੰਡ ਵਾਸੀਆਂ ਨੇ ਮੌਕੇ ’ਤੇ ਇਕੱਠੇ ਹੋ ਕੇ ਮਿੱਟੀ ਦੀ ਚੁਕਾਈ ਦਾ ਕੰਮ ਬੰਦ ਕਰਾ ਦਿੱਤਾ ਅਤੇ ਮਾਇਨਿੰਗ, ਡਰੇਨਜ਼ ਵਿਭਾਗ ਅਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।
ਪਿੰਡ ਵਾਸੀਆਂ ਨੇ ਮਤਾ ਪਾ ਕੇ ਮੁਹਾਲੀ ਦੀ ਡਿਪਟੀ ਕਮਿਸ਼ਨਰ, ਜ਼ਿਲ੍ਹਾ ਪੁਲੀਸ ਮੁਖੀ ਪਟਿਆਲਾ, ਡੀਡੀਪੀਓ, ਬੀਡੀਪੀਓ ਅਤੇ ਡਰੇਨੇਜ ਵਿਭਾਗ ਦੇ ਉੱਚ ਅਧਿਕਾਰੀਆਂ ਕੋਲੋਂ ਸਾਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।
ਪਿੰਡ ਦੇ ਸਾਬਕਾ ਸਰਪੰਚ ਅਤੇ ਨੰਬਰਦਾਰ ਨੈਬ ਸਿੰਘ, ਜੋਗਿੰਦਰ ਸਿੰਘ, ਰਾਮ ਸਿੰਘ ਫੌਜੀ, ਹਰੀ ਸਿੰਘ ਫੌਜੀ, ਭਗਤ ਸਿੰਘ, ਗੁਰਮੇਲ ਸਿੰਘ, ਜਸਵਿੰਦਰ ਸਿੰਘ ਨੰਬਰਦਾਰ ਅਤੇ ਰਘਬੀਰ ਸਿੰਘ ਨੇ ਦੱਸਿਆ ਕਿ ਡਰੇਨੇਜ ਅਤੇ ਮਾਈਨਿੰਗ ਵਿਭਾਗ ਪਹਿਲਾਂ ਘੱਗਰ ਦੀ ਡੀਸਿਲਟਿੰਗ ਲਈ ਪਹਿਲਾਂ ਪੰਚਾਇਤ ਤੋਂ ਮਤਾ ਮੰਗਦਾ ਸੀ। ਉਨ੍ਹਾਂ ਕਿਹਾ ਕਿ ਪੰਚਾਇਤ ਵੱਲੋਂ ਸਬੰਧਿਤ ਜ਼ਮੀਨ ਪੁਲ ਅਤੇ ਬੰਨ੍ਹ ਨੇੜੇ ਹੋਣ ਕਾਰਨ ਪੰਚਾਇਤ ਵੱਲੋਂ ਲਿਖਤੀ ਮਤੇ ਰਾਹੀਂ ਅਜਿਹਾ ਕਰਨ ਤੋਂ ਜਵਾਬ ਦੇ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਚੋਣ ਜ਼ਾਬਤਾ ਲੱਗਣ ਤੋਂ ਦੋ ਦਿਨ ਪਹਿਲਾਂ ਵਿਭਾਗ ਨੇ ਆਪਣੇ ਤੌਰ ’ਤੇ ਸੜਕ ਬਣਾਉਣ ਵਾਲੀ ਵੀਆਰਐੱਸ ਕੰਪਨੀ ਨੂੰ ਮਿੱਟੀ ਪੁੱਟਣ ਦਾ ਟੈਂਡਰ ਅਲਾਟ ਕਰ ਦਿੱਤਾ।
ਪਿੰਡ ਵਾਸੀਆਂ ਨੇ ਦੱਸਿਆ ਕਿ ਸੜਕ ਬਣਾਉਣ ਵਾਲੀ ਕੰਪਨੀ ਨੂੰ ਤਿੰਨ ਰੁਪਏ ਫੁੱਟ ਦੇ ਹਿਸਾਬ ਨਾਲ ਕੌਡੀਆਂ ਦੇ ਭਾਅ ਘੱਗਰ ਦੀ ਮਿੱਟੀ ਪੁੱਟਣ ਦਾ ਠੇਕਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਬੰਧਿਤ ਕੰਪਨੀ ਵੱਲੋਂ ਪਿਛਲੇ ਚਾਰ ਦਿਨਾਂ ਤੋਂ ਵੱਡੀ ਪੱਧਰ ’ਤੇ ਮਿੱਟੀ ਪੁੱਟੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ ਪੁਲ ਅਤੇ ਬੰਨ ਦੇ 300 ਮੀਟਰ ਦੇ ਘੇਰੇ ਵਿੱਚੋਂ ਮਿੱਟੀ ਨਹੀਂ ਪੁੱਟੀ ਜਾ ਸਕਦੀ ਪਰ ਕੰਪਨੀ ਵੱਲੋਂ ਪੁਲ ਅਤੇ ਬੰਨ ਦੇ ਬਿਲਕੁਲ ਨੇੜਿਓਂ 7 ਤੋਂ 8 ਫੁੱਟ ਡੂੰਘੇ ਟੋਏ ਪਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਮਿੱਟੀ ਦੀ ਇਸ ਪੁਟਾਈ ਨਾਲ ਬਰਸਾਤਾਂ ਵਿੱਚ ਪੁਲ ਅਤੇ ਬੰਨ ਨੂੰ ਖਤਰਾ ਪੈਦਾ ਹੋਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਪੁੱਟੀ ਜਾ ਰਹੀ ਮਿੱਟੀ ਸੜਕ ਬਣਾਉਣ ਲਈ ਵਰਤੀ ਜਾ ਰਹੀ ਹੈ। ਪਿੰਡ ਵਾਸੀਆਂ ਨੇ ਐਲਾਨ ਕੀਤਾ ਕਿ ਘੱਗਰ ਦੀ ਸਫ਼ਾਈ ਕਰਨੀ ਹੈ ਤਾਂ ਪੁੱਟੀ ਜਾ ਰਹੀ ਮਿੱਟੀ ਬੰਨਾਂ ਦੀ ਮਜ਼ਬੂਤੀ ਲਈ ਵਰਤੀ ਜਾਵੇ ਅਤੇ ਪਿੰਡ ਵਾਸੀ ਉਹ ਘੱਗਰ ਵਿੱਚੋ ਕਿਸੇ ਵੀ ਕੀਮਤ ’ਤੇ ਮਿੱਟੀ ਬਾਹਰ ਨਹੀਂ ਜਾਣ ਦੇਣਗੇ।

Advertisement

ਸਰਕਾਰੀ ਕੰਮ ਵਿੱਚ ਵਿਘਨ ਪਾ ਰਹੇ ਹਨ ਪਿੰਡ ਵਾਸੀ: ਐਕਸੀਅਨ

ਡਰੇਨੇਜ ਅਤੇ ਮਾਇਨਿੰਗ ਵਿਭਾਗ ਦੇ ਐਕਸੀਅਨ ਚੇਤਨ ਖੰਨਾ ਨੇ ਸੰਪਰਕ ਕਰਨ ’ਤੇ ਪਿੰਡ ਵਾਸੀਆਂ ਉੱਤੇ ਸਰਕਾਰੀ ਕੰਮ ਵਿਚ ਵਿਘਨ ਪਾਏ ਜਾਣ ਦਾ ਦੋਸ਼ ਲਾਇਆ। ਉਨ੍ਹਾਂ ਦੱਸਿਆ ਕਿ ਘੱਗਰ ਦੀ ਸਫ਼ਾਈ ਦੇ ਕੰਮ ਦਾ ਨਿਯਮਾਂ ਅਨੁਸਾਰ ਟੈਂਡਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇੱਥੋਂ ਸਵਾ ਦੋ ਲੱਖ ਫੁੱਟ ਮਿੱਟੀ ਚੁੱਕੀ ਜਾਣੀ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਦੇ ਕੰਮ ਲਈ ਪੰਚਾਇਤ ਦੀ ਸਹਿਮਤੀ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਚੁੱਕੀ ਜਾ ਰਹੀ ਮਿੱਟੀ ਤੋਂ ਦੋ ਰੁਪਏ ਪ੍ਰਤੀ ਫੁੱਟ ਦੀ ਪੰਚਾਇਤ ਨੂੰ ਵੀ ਰਾਇਲਟੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਫ਼ਾਲਤੂ ਮਿੱਟੀ ਦੀ ਵਰਤੋਂ ਸੜਕ ਬਣਾਉਣ ਲਈ ਕੀਤੀ ਜਾ ਰਹੀ ਹੈ।

Advertisement
Author Image

sukhwinder singh

View all posts

Advertisement
Advertisement
×