ਡਰੇਨਾਂ ਦਾ ਪਾਣੀ ਓਵਰਫਲੋਅ ਹੋ ਕੇ ਰੇਲਵੇ ਲਾਈਨਾਂ ਤੱਕ ਪੁੱਜਿਆ
ਰਾਜਿੰਦਰ ਕੁਮਾਰ
ਬੱਲੂਆਣਾ (ਅਬੋਹਰ), 23 ਅਗਸਤ
ਹਲਕਾ ਲੰਬੀ ਇਲਾਕੇ ਵਿੱਚੋਂ ਕੱਢੀਆਂ ਗਈਆਂ ਡਰੇਨਾਂ ਦਾ ਪਾਣੀ ਓਵਰਫਲੋਅ ਹੋਣ ਉਪਰੰਤ ਰੇਲਵੇ ਲਾਈਨਾਂ ਤੱਕ ਪਹੁੰਚਣ ਦੀ ਖ਼ਬਰ ਮਿਲਦੇ ਹੀ ਰੇਲਵੇ ਅਤੇ ਡਰੇਨੇਜ਼ ਮਹਿਕਮਾ ਸਰਗਰਮ ਹੋ ਗਿਆ ਹੈ। ਰੇਲਵੇ ਵਿਭਾਗ ਦੇ ਸੈਕਸ਼ਨ ਇੰਜੀਨੀਅਰ ਮਹਾਂਵੀਰ ਅਤੇ ਡਰੇਨੇਜ਼ ਵਿਭਾਗ ਦੇ ਐਕਸੀਅਨ ਸੁਖਜੀਤ ਸਿੰਘ ਦੀ ਅਗਵਾਈ ਵਿੱਚ ਬਣੀਆਂ ਟੀਮਾਂ ਨੇ ਰੇਲਵੇ ਟਰੈਕ ਨੂੰ ਬਚਾਉਣ ਲਈ ਜੰਗੀ ਪੱਧਰ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਚਾਰ ਦਿਨ ਪਹਿਲਾਂ ਆਈ ਬਰਸਾਤ ਕਾਰਨ ਬੱਲੂਆਣਾ ਹਲਕੇ ਵਿੱਚੋਂ ਨਿਕਲਦੀਆਂ ਅਸਪਾਲਾਂ ਡਰੇਨ, ਅਬੁਲ ਖੁਰਾਨਾ ਡਰੇਨ ਅਤੇ ਸਰਾਵਾਂ ਬੋਦਲਾਂ ਡਰੇਨ ਵਿੱਚ ਪਾਣੀ ਵੱਧ ਮਾਤਰਾ ਵਿੱਚ ਆਉਣ ਕਾਰਨ ਰੇਲਵੇ ਟਰੈਕ ਲਈ ਮੁਸੀਬਤ ਖੜ੍ਹੀ ਹੋ ਗਈ ਹੈ। ਰੇਲਵੇ ਲਾਈਨਾਂ ਦੇ ਆਸ-ਪਾਸ ਬਰਸਾਤੀ ਪਾਣੀ ਦੇ ਵਧਦੇ ਪ੍ਰਭਾਵ ਤੋਂ ਚਿੰਤਤ ਰੇਲਵੇ ਦੇ ਸੈਕਸ਼ਨ ਇੰਜੀਨੀਅਰ ਮਹਾਂਵੀਰ ਨੇ ਡਰੇਨਜ਼ ਵਿਭਾਗ ਨਾਲ ਤਾਲਮੇਲ ਕੀਤਾ ਅਤੇ ਦੋਵਾਂ ਮਹਿਕਮਿਆਂ ਵੱਲੋਂ ਸਾਂਝੀਆਂ ਮੀਟਿੰਗਾਂ ਉਪਰੰਤ ਅਬੋਹਰ ਬਾਈਪਾਸ ਕੋਲੋਂ ਡਰੇਨ ਦਾ ਪਾਣੀ ਨਹਿਰ ਵਿੱਚ ਸੁੱਟਣ ਲਈ ਸਹਿਮਤੀ ਬਣੀ। ਦੋਵਾਂ ਵਿਭਾਗਾਂ ਨੇ ਬਾਈਪਾਸ ਅਬੋਹਰ ਤੋਂ ਮਲੂਕਪੁਰਾ ਨਹਿਰ ਤੱਕ ਖੁਦਾਈ ਕਰਨ ਉਪਰੰਤ ਪਾਈਪਾਂ ਰਾਹੀਂ ਸੇਮ ਨਾਲਿਆਂ ਦਾ ਪਾਣੀ ਨਹਿਰ ਵਿੱਚ ਸੁੱਟਣ ਦਾ ਕੰਮ ਨੇਪਰੇ ਚਾੜ੍ਹ ਲਿਆ ਹੈ।
ਰੇਲਵੇ ਵਿਭਾਗ ਦੇ ਸੈਕਸ਼ਨ ਇੰਜੀਨੀਅਰ ਮਹਾਂਵੀਰ ਨੇ ਦੱਸਿਆ ਕਿ ਰੇਲਵੇ ਰੇਲਵੇ ਲਾਈਨਾਂ ਲਾਗੇ ਇਕੱਤਰ ਹੋਇਆ ਪਾਣੀ ਨਹਿਰ ਵਿੱਚ ਸੁੱਟਣ ਤੋਂ ਬਾਅਦ ਰੇਲਵੇ ਟਰੈਕ ਨੂੰ ਕੋਈ ਖ਼ਤਰਾ ਨਹੀਂ ਰਹੇਗਾ ਪਰ ਭਵਿੱਖ ਵਿੱਚ ਜ਼ਿਆਦਾ ਮੀਂਹ ਪੈਣ ਕਾਰਨ ਖ਼ਤਰਾ ਬਰਕਰਾਰ ਰਹੇਗਾ।
ਪਾਣੀ ਦੀ ਨਿਕਾਸੀ ਦਾ ਕੰਮ ਛੇਤੀ ਮੁਕੰਮਲ ਕਰ ਲਵਾਂਗੇ: ਐਕਸੀਅਨ
ਡਰੇਨੇਜ਼ ਵਿਭਾਗ ਦੇ ਐਕਸੀਅਨ ਸੁਖਜੀਤ ਸਿੰਘ ਦਾ ਕਹਿਣਾ ਹੈ ਕਿ ਰੇਲਵੇ ਟਰੈਕ ਨੂੰ ਕੋਈ ਖ਼ਤਰਾ ਨਹੀਂ ਆਉਣ ਦਿੱਤਾ ਜਾਵੇਗਾ ਅਤੇ ਪਾਣੀ ਦੀ ਨਿਕਾਸੀ ਦਾ ਕੰਮ ਛੇਤੀ ਮੁਕੰਮਲ ਕਰ ਲਿਆ ਜਾਵੇਗਾ।